
1966ਈ: ਤੋਂ 2010ਈ:ਤੱਕ ਦੀਆਂ ਇਤਿਹਾਸਕ,ਸਿੱਖ ਧਾਰਮ,ਰਾਜਨੀਤਿਕ ਗਤੀਵਿਧੀਆਂ,ਘਟਨਾਵਾਂ ਤੇ ਅਸਲ ਸੱਚ
ਸੰਘਰਸ਼ ਕਰ ਰਹੀਆਂ ਕੌਮਾਂ ਦੇ ਦਸਤਾਵੇਜ਼ ਇਤਿਹਾਸ ਦਾ ਪ੍ਰਮਾਣਿਕ, ਠੋਸ ਅਤੇ ਸਹੀ ਸੋਮਾ ਹੁੰਦੇ ਹਨ। ਇਤਿਹਾਸ ਨੂੰ ਠੀਕ ਰੂਪ ਵਿੱਚ ਪੇਸ਼ ਕਰਨ ਲਈ ਇਹਨਾਂ ਸੋਮਿਆਂ ਨੂੰ ਅਧਾਰ ਬਣਾਉਣਾ ਪੈਂਦਾ ਹੈ। ਮੁੱਖ ਰੂਪ ਵਿੱਚ ਦਸਤਾਵੇਜ਼ ਵੀ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਸੰਘਰਸ਼ ਕਰ ਰਹੀ ਕੌਮ ਦੇ ਆਪਣੇ ਅਤੇ ਦੂਜੇ ਉਸ ਦੀ ਦੁਸ਼ਮਣ ਤੇ ਵਿਰੋਧੀ ਧਿਰ ਦੇ। ਦੁਸ਼ਮਣ ਅਤੇ ਵਿਰੋਧੀ ਧਿਰ ਦੇ ਦਸਤਾਵੇਜ਼ ਜਾਂ ਤਾਂ ਸੰਘਰਸ਼ ਕਰ ਰਹੀ ਕੌਮ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਨਾਲ ਘੜੇ ਹੁੰਦੇ ਹਨ ਜਾਂ ਜ਼ੁਲਮੋ-ਸਿਤਮ ਦੇ ਜ਼ੋਰ ਨਾਲ ਤਸ਼ੱਦਦ ਢਾਹ ਕੇ ਲਏ ਬਿਆਨਾਂ 'ਤੇ ਅਧਾਰਤ ਹੁੰਦੇ ਹਨ ਜਾਂ ਫਿਰ ਫ਼ਿਰਕੂ ਅਤੇ ਵੈਰ ਭਾਵਨਾ ਨਾਲ ਤਿਆਰ ਕੀਤੇ ਜਾਂਦੇ ਹਨ।
ਜਿੱਥੇ ਪੁਲਿਸ ਦੇ ਪੰਜੇ 'ਚ ਆਏ ਜੁਝਾਰੂ ਆਪਣਾ ਭੇਤ ਛਪਾਉਣ ਦੀ ਕੋਸ਼ਿਸ਼ ਵਿੱਚ ਪੁਲਿਸ ਅਤੇ ਤਫ਼ਤੀਸ਼ੀ ਏਜੰਸੀਆਂ ਦੀ ਤਸੱਲੀ ਕਰਾਉਣ ਲਈ ਮਨਘੜਤ ਕਹਾਣੀ ਘੜਦੇ ਹਨ, ਉਥੇ ਪੁਲਿਸ ਆਪਣੀ ਪ੍ਰਾਪਤੀ ਵਿਖਾਉਣ ਲਈ ਵੀ ਝੂਠ ਦਾ ਕੜਾਹ ਬਣਾਉਂਦੀ ਹੈ। ਇੰਝ ਤਫ਼ਤੀਸ਼ੀ ਰਿਪੋਰਟਾਂ ਇਤਿਹਾਸ ਦੇ ਸਹੀ ਸੋਮੇਂ ਨਹੀਂ ਹੁੰਦੀਆਂ। ਆਪਣੀ ਕੌਮ ਵਿੱਚ ਸਤਿਕਾਰ ਦਾ ਪਾਤਰ ਬਣੇ ਜੁਝਾਰੂਆਂ ਨੂੰ ਉਹਨਾਂ ਦੀ ਕੌਮ ਨਾਲੋਂ ਤੋੜਨ ਦੇ ਯਤਨ ਵਿੱਚ ਵੀ ਸਰਕਾਰੀ ਧਿਰ ਉਹਨਾਂ ਦੇ ਨਾਂਅ 'ਤੇ ਗ਼ਲਤ ਅਤੇ ਝੂਠੇ ਦਸਤਾਵੇਜ਼ ਘੜਦੀ ਹੈ। ਆਪਣੇ ਏਜੰਟਾਂ ਰਾਹੀਂ ਉਹਨਾਂ ਦੇ ਨਾਂਅ 'ਤੇ ਮਾੜੇ ਕਾਰੇ ਕਰਾ ਕੇ ਉਹਨਾਂ ਦੇ ਨਾਂਅ ਜ਼ਿੰਮੇਵਾਰੀ ਵੀ ਲੈਂਦੀ ਹੈ। ਸਰਕਾਰੀ ਧਿਰ ਦੀ ਅਜਿਹੀ ਪਹੁੰਚ ਅਜ਼ਾਦੀ ਘੁਲਾਟੀਆਂ ਨੂੰ ਅੱਤਵਾਦੀ, ਵੱਖਵਾਦੀ, ਕਾਤਲ, ਲੁਟੇਰੇ ਅਤੇ ਕੁਕਰਮੀ ਸਾਬਤ ਕਰਨ ਲਈ ਹੁੰਦੀ ਹੈ। ਇਹਨੀਂ ਦਿਨੀਂ ਸਾਰੇ ਸੰਸਾਰ ਦੀ ਸਤਾਧਾਰੀ ਧਿਰ ਦੁਨੀਆ ਭਰ ਵਿੱਚ ਆਪੋ-ਆਪਣੀ ਅਜ਼ਾਦੀ ਲਈ ਸੰਘਰਸ਼ ਕਰ ਰਹੀਆਂ ਤੇ ਸਰਕਾਰੀ ਜ਼ੁਲਮਾਂ ਵਿਰੁੱਧ ਲੜ ਰਹੀਆਂ ਕੌਮਾਂ ਨੂੰ ਅੱਤਵਾਦੀ ਕਹਿ ਕੇ ਮਾਰ ਮਕਾਉਣ 'ਤੇ ਹੀ ਤੁਲੀ ਹੋਈ ਹੈ।
ਬਹੁਤੇ ਅਦਾਲਤੀ ਫ਼ੈਸਲੇ ਵੀ ਜਾਂ ਤਾਂ ਪੁਲਿਸ ਵੱਲੋਂ ਖੜ੍ਹੇ ਕੀਤੇ ਗਏ ਝੂਠੇ ਗਵਾਹਾਂ ਦੀਆਂ ਗਵਾਹੀਆਂ ਦੇ ਅਧਾਰ 'ਤੇ ਹੀ ਕੀਤੇ ਗਏ ਹੁੰਦੇ ਹਨ ਅਤੇ ਜਾਂ ਫਿਰ ਜੁਝਾਰੂ ਧਿਰ ਦੇ ਡਰ ਕਾਰਨ ਮੁੱਕਰੇ ਗਵਾਹਾਂ ਦੀਆਂ ਗਵਾਹੀਆਂ ਅਨੁਸਾਰ ਦਿੱਤੇ ਗਏ ਹੁੰਦੇ ਹਨ। ਸਰਕਾਰੀ ਕਮਿਸ਼ਨ ਤਾਂ ਬਣਾਏ ਹੀ ਇਸ ਮੰਤਵ ਲਈ ਜਾਂਦੇ ਹਨ ਕਿ ਉਹ ਸਰਕਾਰੀ ਪੱਖ ਵਿੱਚ ਭੁਗਤਣ। ਅਖ਼ਬਾਰੀ ਰਿਪੋਰਟਾਂ ਵਿੱਚ ਵੀ ਪਲਾਂਟਡ ਅਤੇ ਘੜੀਆਂ ਗਈਆਂ ਕਹਾਣੀਆਂ ਦੀ ਵੱਡੀ ਮਿਲਾਵਟ ਹੁੰਦੀ ਹੈ। ਪੀਲੀ ਪੱਤਰਕਾਰੀ ਤਾਂ ਅਸਲ ਦਸਤਾਵੇਜ਼ ਨੂੰ ਮਿਥ ਕੇ ਗ਼ਲਤ ਸ਼ਕਲ ਵਿੱਚ ਪੇਸ਼ ਕਰਦੀ ਹੈ। ਜਿੱਥੇ ਪੁਲਿਸ, ਇਨਾਮਾਂ, ਤਰੱਕੀਆਂ ਅਤੇ ਹੋਰ ਲਾਲਸਾਵਾਂ ਦੇ ਸੱਭਿਆਚਾਰ ਵਿੱਚ ਪੈ ਕੇ ਇਤਿਹਾਸਿਕ ਸੋਮੇਂ ਵਿਗਾੜਦੀ ਹੈ, ਉਥੇ ਸੰਘਰਸ਼ਸ਼ੀਲ ਕੌਮ ਦੀਆਂ ਵਿਰੋਧੀ ਤਾਕਤਾਂ ਦੇ ਲੇਖਕ ਵੀ ਆਪਣੇ ਲੇਖਾਂ ਤੇ ਰਿਪੋਰਟਾਂ ਨਾਲ ਗ਼ਲਤ ਇਤਿਹਾਸਿਕ ਸੋਮੇਂ ਘੜਦੇ ਹਨ। ਬਹੁਤੇ ਲੇਖਕਾਂ ਦੀਆਂ ਲਿਖਤਾਂ ਤਾਂ ਵੈਸੇ ਵੀ ਸੁਣੀਆਂ-ਸੁਣਾਈਆਂ ਕਹਾਣੀਆਂ, ਅਫ਼ਵਾਹਾਂ ਅਤੇ ਸਰਕਾਰੀ ਤੇ ਅਖ਼ਬਾਰੀ ਰਿਪੋਰਟਾਂ 'ਤੇ ਅਧਾਰਤ ਹੀ ਹੁੰਦੀਆਂ ਹਨ।
ਰੂਹ-ਪੋਸ਼ ਹੋ ਕੇ ਸੰਘਰਸ਼ ਕਰ ਰਹੇ ਕੌਮ ਦੇ ਸੰਘਰਸ਼ਸ਼ੀਲ ਆਗੂਆਂ ਦਾ ਪੱਖ ਲੈਣ ਲਈ ਉਹਨਾਂ ਕੋਈ ਯਤਨ ਹੀ ਨਹੀਂ ਕੀਤਾ ਹੁੰਦਾ। ਇੰਝ ਇਹਨਾਂ ਸੋਮਿਆਂ ਦੇ ਅਧਾਰ 'ਤੇ ਠੀਕ ਇਤਿਹਾਸ ਨਹੀਂ ਲਿਖਿਆ ਜਾ ਸੱਕਦਾ ਅਤੇ ਉਹ ਸਤਾਧਾਰੀ ਤੇ ਜ਼ਾਲਮ ਧਿਰ ਵੱਲ ਉਲਾਰੂ ਬਣ ਕੇ ਰਹਿ ਜਾਂਦਾ ਹੈ।
ਸੰਘਰਸ਼ ਕਰ ਰਹੀ ਕੌਮ ਵਿੱਚ ਆਪਣਿਆਂ ਦਾ ਵੀ ਇੱਕ ਅਜਿਹਾ ਹਿੱਸਾ ਹੁੰਦਾ ਹੈ, ਜੋ ਮਹਿਜ਼ ਦੇਸ ਭਗਤੀ ਦੇ ਜਨੂਨ ਵਿੱਚ ਆਪਣੀ ਕੌਮ ਦੀ ਅੱਡਰੀ, ਨਿਰਾਲੀ ਅਤੇ ਵਿਲੱਖਣ ਹੋਂਦ ਹਸਤੀ ਤੇ ਕੌਮੀਅਤ ਨੂੰ ਤਿਲਾਂਜਲੀ ਦੇ ਕੇ ਕਿਸੇ ਦੇਸ ਦਾ ਸ਼ਹਿਰੀ ਹੋਣ ਕਰਕੇ ਉਸ ਦੇਸ ਦੀ ਕੌਮੀਅਤ ਨੂੰ ਹੀ ਪ੍ਰਵਾਨ ਕਰ ਚੁੱਕਾ ਹੁੰਦਾ ਹੈ। ਆਪਣੀ ਕੌਮ ਦੇ ਸੰਘਰਸ਼ਸ਼ੀਲ ਹਿੱਸੇ ਬਾਰੇ ਦਿੱਤੇ ਗਏ ਉਹਦੇ ਬਿਆਨ ਵੀ ਇਤਿਹਾਸਕਾਰਾਂ ਵੱਲੋਂ ਗ਼ਲਤ ਨਤੀਜੇ ਕੱਢ ਲੈਣ ਦਾ ਅਧਾਰ ਬਣਦੇ ਹਨ।
ਇਤਿਹਾਸ ਦੇ ਇੱਕ ਪਾਸੜ ਹੋਣ ਦਾ ਦਸਤੂਰ ਹਮੇਸ਼ਾਂ ਹੀ ਬਣਿਆ ਰਿਹਾ ਹੈ। ਸਿੱਖ ਇਤਿਹਾਸ ਤਾਂ ਇਸ ਦਸਤੂਰ ਦੀ ਮਾਰ ਹੇਠ ਬੁਰੀ ਤਰ੍ਹਾਂ ਮਸਲਿਆ ਪਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਅਤੇ ਸੰਤ ਜਰਨੈਲ ਸਿੰਘ ਦੇ ਇਤਿਹਾਸ ਨੂੰ ਤਾਂ ਮਿਥ ਕੇ ਵਿਗਾੜਿਆ ਗਿਆ ਹੈ। ਸਿੱਖ ਕੌਮ ਦੀ ਅਜ਼ਾਦੀ ਲਈ ਵੀਹਵੀਂ ਸਦੀ ਦੇ ਅਠਵੇਂ ਦਹਾਕੇ ਵਿੱਚ ਸ਼ੁਰੂ ਹੋਏ ਸੰਘਰਸ਼ ਵਿੱਚ ਲੜਨ-ਮਰਨ ਵਾਲੇ ਜੁਝਾਰੂ ਯੋਧੇ ਤਾਂ, ਇਸ ਵਹਿਣ ਵਿੱਚ ਵਹਿ ਕੇ ਲਿਖੀਆਂ ਗਈਆਂ ਲਿਖਤਾਂ ਦਾ ਵੱਡਾ ਸ਼ਿਕਾਰ ਬਣੇ ਹਨ। ਉਹਨਾਂ ਨੂੰ ਵਿਦੇਸੀ ਤਾਕਤ ਦੇ ਇਸ਼ਾਰੇ 'ਤੇ ਸਮਾਜ ਵਿੱਚ ਅਫ਼ਰਾ-ਤਫ਼ਰੀ ਮਚਾਉਣ ਵਾਲੇ ਅਤੇ ਹਿੰਦੁਸਤਾਨ ਦੀ ਏਕਤਾ ਤੇ ਅਖੰਡਤਾ ਲਈ ਖ਼ਤਰਾ ਬਣੇ ਅੱਤਵਾਦੀ ਬਣਾ ਦਿੱਤਾ ਗਿਆ ਹੈ। ਇੰਝ ਸਿੱਖ ਕੌਮ ਦੀ ਅਜ਼ਾਦੀ ਦੇ ਕੁਦਰਤੀ ਅਧਿਕਾਰ ਨੂੰ ਮੂਲੋਂ ਹੀ ਰੱਦ ਕਰ ਛੱਡਿਆ ਹੈ। ਖ਼ਾਲਿਸਤਾਨ ਦੀ ਸਥਾਪਨਾ ਲਈ ਚੱਲੇ ਜੁਝਾਰੂ ਸੰਘਰਸ਼ ਦੇ ਇਤਿਹਾਸ ਦਾ ਇਹ ਹਿੱਸਾ ਇੰਝ ਵਿਗਾੜਿਆ, ਤ੍ਰਿਸਕਾਰਿਆ ਅਤੇ ਕਲੰਕਤ ਕੀਤਾ ਗਿਆ ਹੈ, ਜਿਵੇਂ ਧਾੜਵੀ ਫ਼ੌਜਾਂ ਕਿਸੇ ਕੌਮ ਨੂੰ ਲਤਾੜਦੀਆਂ, ਮਾਰਦੀਆਂ ਤੇ ਜ਼ਲੀਲ ਕਰਦੀਆਂ ਹਨ। ਅਜਿਹੀ ਪ੍ਰਵਿਰਤੀ ਦੇ ਲੇਖਕਾਂ ਨੇ ਸਰਕਾਰੀ ਪੱਖ ਨੂੰ ਇੰਝ ਪ੍ਰਵਾਨ ਕਰ ਲਿਆ ਹੈ, ਜਿਵੇਂ ਪੁਲਿਸ ਵੱਲੋਂ ਸਰਾਸਰ ਝੂਠੀ ਦਰਜ ਕੀਤੀ ਐਫ. ਆਈ. ਆਰ. ਨੂੰ ਕੋਈ ਅਦਾਲਤ ਠੀਕ ਮੰਨ ਲੈਂਦੀ ਹੈ।
ਹਰੇਕ ਕੌਮ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ। ਇੱਕ ਬੁਜ਼ਦਿਲ ਤੇ ਲਾਲਸਾਈ ਪੈਂਤੜਾ ਅਪਣਾ ਕੇ ਗ਼ੁਲਾਮੀ ਦੀ ਸਤਾ ਹੰਡਾਉਣ ਵਾਲੇ ਅਤੇ ਦੁਜੇ ਆਪਣੀ ਕੌਮ ਦੇ ਸਨਮਾਨ ਲਈ ਅਣਖ, ਦਲੇਰੀ ਤੇ ਦ੍ਰਿੜ੍ਹਤਾ ਨਾਲ ਸੰਘਰਸ਼ਮਈ ਰਾਹ ਅਪਣਾ ਕੇ ਅਜ਼ਾਦੀ ਲਈ ਜੂਝ ਮਰਨ ਵਾਲੇ। ਇਹਨਾਂ ਦੋਹਾਂ ਵਿਚਾਰਾਂ ਵਾਲੇ ਆਗੂਆਂ ਦੇ ਦਸਤਾਵੇਜ਼ਾਂ ਨੂੰ ਬੜੀ ਬਰੀਕੀ ਨਾਲ ਵੇਖ ਕੇ ਹੀ ਇਤਿਹਾਸ ਨੂੰ ਸਹੀ ਦਿਸ਼ਾ 'ਤੇ ਪਹੁੰਚਾਉਣ ਲਈ ਰਾਹ ਲੱਭਣਾ ਪੈਂਦਾ ਹੈ। ਦਸਤਾਵੇਜ਼ਾਂ ਤੋਂ ਹੀ ਕਿਸੇ ਕੌਮ ਦੀ ਦ੍ਰਿੜ੍ਹਤਾ, ਪ੍ਰਤੀਬਧਤਾ, ਸੁਹਿਰਦਤਾ ਅਤੇ ਦੂਰ ਅੰਦੇਸ਼ੀ ਦਾ ਪਤਾ ਚੱਲਦਾ ਹੈ। ਦਸਤਾਵੇਜ਼ ਹੀ ਲੀਡਰਸ਼ਿੱਪ ਦੀਆਂ ਕਮਜ਼ੋਰੀਆਂ, ਅਣਗਹਿਲੀਆਂ, ਗ਼ਲਤੀਆਂ ਅਤੇ ਪੇਤਲੀ ਸੋਚ ਬਾਰੇ ਦੱਸਦੇ ਹਨ।
'ਪੰਥਕ ਦਸਤਾਵੇਜ਼' ਸਿੱਖ ਕੌਮ ਵੱਲੋਂ ਅੱਧੀ ਸਦੀ ਵਿੱਚ ਚੁੱਕੇ ਗਏ ਕਦਮਾਂ, ਲਏ ਗਏ ਫ਼ੈਸਲਿਆਂ, ਕੀਤੇ ਗਏ ਐਲਾਨਾਂ ਅਤੇ ਪ੍ਰਗਟਾਏ ਗਏ ਵਿਚਾਰਾਂ ਦੀ ਦਾਸਤਾਨ ਹੈ। ਇਤਿਹਾਸ ਦੇ ਇਸ ਅਧਿਆਏ ਦੇ ਦਸਤਾਵੇਜ਼ਾਂ 'ਤੇ ਨਿਰਪੱਖ ਹੋ ਕੇ ਸਰਸਰੀ ਨਜ਼ਰ ਮਾਰਨ ਨਾਲ ਹੀ ਜੋ ਪਹਿਲਾ ਤੱਥ ਉੱਘੜ ਕੇ ਸਾਹਮਣੇ ਆਉਂਦਾ ਹੈ, ਉਹ ਸਿੱਖ ਸਿਆਸਤ 'ਤੇ ਛਾਏ ਰਹੇ ਅਕਾਲੀ ਆਗੂਆਂ ਦੀ ਕਹਿਣੀ ਅਤੇ ਕਰਨੀ ਦੇ ਵੱਡੇ ਪਾੜੇ ਵਾਲੀ ਤੇ ਲਾਲਸਾਵਾਂ ਵਿੱਚ ਲਲਚਾਉਂਦੀ ਪੇਤਲੀ ਸੋਚ ਹੈ। ਇਸ ਸੋਚ ਦੇ ਧਾਰਨੀ ਅਕਾਲੀ ਆਗੂਆਂ ਨੇ ਪੈਰ-ਪੈਰ 'ਤੇ ਧੋਖਾ ਖਾਧਾ, ਕੌਮ ਦੀ ਹੇਠੀ ਕਰਾਈ, ਵੱਡੀਆਂ ਕੁਰਬਾਨੀਆਂ ਨੂੰ ਰੋਲਿਆ, ਕੌਮੀ ਹਿੱਤ ਨਾਲੋਂ ਜਾਤੀ ਹਿੱਤ ਨੂੰ ਤਰਜੀਹ ਦਿੱਤੀ ਅਤੇ ਸਤਾ ਤੇ ਦੌਲਤ ਦੀ ਲਾਲਸਾ ਵਿੱਚ ਕੌਮ ਦੀ ਪਛਾਣ ਲਈ ਖ਼ਤਰੇ ਪੈਦਾ ਕੀਤੇ। ਇਹਨਾਂ ਦੀ ਇਸ ਪੇਤਲੀ ਸੋਚ ਕਾਰਨ, ਆਪਣੀਆਂ ਵੱਡੀਆਂ ਕੁਰਬਾਨੀਆਂ ਨਾਲ ਨਾਂਅ ਚਮਕਾਉਣ ਵਾਲਾ ਖ਼ਾਲਸਾ, ਇਸ ਵੇਲੇ ਗੰਭੀਰ ਹਾਲਤ ਵਿੱਚ ਜੀਅ ਰਿਹਾ ਹੈ। ਉਸ ਦੀ ਅੱਡਰੀ ਪਛਾਣ ਅਤੇ ਨਿਰਾਲੀ ਹੋਂਦ ਹਸਤੀ ਨੂੰ ਵੱਡਾ ਖ਼ਤਰਾ ਬਣ ਚੁੱਕਾ ਹੈ।
ਇਹਨਾਂ ਦਸਤਾਵੇਜ਼ਾਂ ਵਿੱਚੋਂ ਦੂਜਾ ਤੱਥ ਇਹ ਉੱਘੜਦਾ ਹੈ ਕਿ ਸਿੱਖ ਲੰਬੇ ਅਰਸੇ ਪਿੱਛੋਂ ਆਪਣੇ ਸਿਧਾਂਤਕ ਅਤੇ ਰਵਾਇਤੀ ਹਥਿਆਰਬੰਦ ਪੈਂਤੜੇ ਨੂੰ ਸੰਘਰਸ਼ ਵਿੱਚ ਅਪਣਾਉਂਦੇ ਹਨ। ਜਾਨਾਂ ਤਲੀ 'ਤੇ ਟਿਕਾ ਕੇ ਜ਼ੁਲਮ ਦੇ ਨਾਸ, ਮਜ਼ਲੂਮ ਦੀ ਰਾਖੀ, ਕੌਮ ਦੀ ਗ਼ੈਰਤ ਅਤੇ ਅਜ਼ਾਦੀ ਲਈ ਪਿੜ ਵਿੱਚ ਨਿੱਤਰਨ ਦਾ ਉਹਨਾਂ ਵਿੱਚ ਚਾਅ ਪੈਦਾ ਹੁੰਦਾ ਹੈ। ਉਹ ਸੀਮਤ ਸਾਧਨਾਂ ਨਾਲ ਵੀ ਏਸ਼ੀਆ ਦੀ ਵੱਡੀ ਫ਼ੌਜੀ ਤਾਕਤ ਹਿੰਦੁਸਤਾਨ ਨਾਲ ਜੰਗ ਵਿੱਚ ਕੁੱਦ ਪੈਂਦੇ ਹਨ। ਇਹ ਜਜ਼ਬਾ ਸਰਕਾਰ ਦੇ ਸਿਵਲ ਅਤੇ ਫ਼ੌਜੀ ਅਦਾਰਿਆਂ ਵਿੱਚ ਕੰਮ ਕਰ ਰਹੇ ਸਿੱਖਾਂ ਵਿੱਚ ਵੀ ਪੈਦਾ ਹੋ ਜਾਂਦਾ ਹੈ। ਉਹ ਆਪਣੀ ਕੌਮ 'ਤੇ ਹੋਏ ਇਸ ਕਹਿਰ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਿੱਚ ਵੀ ਕਾਮਯਾਬ ਹੋ ਜਾਂਦੇ ਹਨ। ਇਹ ਦਸਤਵੇਜ਼, ਜਿੱਥੇ ਇਸ ਧਿਰ ਦੀ ਦ੍ਰਿੜਤਾ, ਦਲੇਰੀ, ਨਿਡਰਤਾ, ਸੁਹਿਰਦਤਾ, ਦੂਰਅੰਦੇਸ਼ੀ ਅਤੇ ਸਚੇਤਤਾ ਦੀ ਜਾਣਕਾਰੀ ਦਿੰਦੇ ਹਨ, ਉਥੇ ਉਹਨਾਂ ਦੀਆਂ ਕਮਜ਼ੋਰੀਆਂ, ਅਣਗਹਿਲੀਆਂ, ਗ਼ਲਤੀਆਂ, ਈਰਖਾਬਾਜ਼ੀ, ਵਿਚਾਰਧਾਰਕ ਵਿਰੋਧ, ਸ਼ਖ਼ਸੀਅਤ ਟਕਰਾ ਅਤੇ ਆਪਸੀ ਖ਼ਾਨਾਜੰਗੀ ਬਾਰੇ ਵੀ ਦੱਸ ਪਾਉਂਦੇ ਹਨ।
‘ਧਰਮ ਯੁੱਧ' ਅਤੇ ‘ਜੁਝਾਰੂ ਲਹਿਰ’ ਬਾਰੇ ਅੱਜ ਹਰ ਕਿਸੇ ਦਾ ਆਪਣੇ ਸੁਭਾਅ ਅਨੁਸਾਰ ਫ਼ੈਸਲਾ ਹੈ। ਕੋਈ ਇਸ ਨੂੰ ਸਿੱਖ ਪੰਥ ਦੀ ਅਜ਼ਾਦੀ ਦਾ ਸੰਘਰਸ਼, ਕੋਈ ਅੱਡਰੀ ਪਛਾਣ ਦੀ ਜਦੋਜਹਿਦ, ਕੋਈ ਅਨਿਆਂ ਵਿਰੁੱਧ ਲੜਾਈ, ਕੋਈ ਅਨਿਆਂ ਤੇ ਧੱਕੇਸ਼ਾਹੀਆਂ ਦਾ ਪ੍ਰਤੀਕਰਮ, ਕੋਈ ਦੇਸ ਵਿਰੋਧੀ ਲੜਾਈ, ਕੋਈ ਵਿਦੇਸੀ ਤਾਕਤਾਂ ਦਾ ਹੱਥ, ਕੋਈ ਅੱਤਵਾਦ, ਕੋਈ ਵੱਖਵਾਦ ਅਤੇ ਕੋਈ ਹੋਰ ਵੀ ਮਾੜੇ ਨਾਂਅ ਦਿੰਦਾ ਹੈ, ਪਰ ਸਹੀ ਨਤੀਜਾ ਕੱਢਣ ਲਈ ਸੰਘਰਸ਼ਸ਼ੀਲ ਧਿਰ ਦੇ ਦਸਤਾਵੇਜ਼ਾਂ ਨੂੰ ਇਕੱਲੀ ਹਿੰਦ ਸਰਕਾਰ ਅਤੇ ਜੁਝਾਰੂ ਧਿਰ ਦੀ ਵਿਰੋਧੀ ਐਨਕ ਤੇ ਜਾਂ ਫਿਰ ਆਪਣੀ ਐਨਕ ਨਾਲ ਵੇਖਣ 'ਤੇ ਨਹੀਂ ਦਿਸਣਾ, ‘ਧਰਮ ਯੁੱਧ’ ਅਤੇ ‘ਜੁਝਾਰੂ ਲਹਿਰ ਦੀ ਐਨਕ ਨਾਲ ਵੀ ਵੇਖਣਾ ਪਵੇਗਾ। ਇਹ ਸੰਘਰਸ਼, 'ਕਿਉਂ ਅਤੇ ਕਿਵੇਂ ਚੱਲਿਆ' ਸਮਝਣ ਨਾਲ ਹੀ ਸਹੀ ਇਤਿਹਾਸਿਕ ਲੀਹ 'ਤੇ ਚੱਲਿਆ ਜਾ ਸੱਕਦਾ ਹੈ।
ਅਕਾਲ ਪੁਰਖ ਦੀ ਫ਼ੌਜ ਵਜੋਂ ਖੰਡੇ ਦੀ ਧਾਰ 'ਚੋਂ ਗੁਰੂ ਜੁਗਤ ਦੇ ਇਲਾਹੀ ਜਲਾਲ ਨਾਲ ਪ੍ਰਗਟ ਹੋਇਆ ਖ਼ਾਲਸਾ, ਹੱਕ, ਸੱਚ ਅਤੇ ਨਿਆਂ ਲਈ ਸਦਾ ਜੂਝਦਾ ਆਇਆ ਹੈ। ਇਸ ਨੇ ਗੁਰੂ ਸਾਹਿਬ ਦੇ ‘ਹਲੀਮੀ ਰਾਜ' ਅਤੇ ਭਗਤਾਂ ਦੇ ‘ਬੇਗਮਪੁਰੇ’ ਨੂੰ ਦਸਮੇਸ਼ ਪਿਤਾ ਜੀ ਦੇ ‘ਰਾਜ ਕਰੇਗਾ ਖ਼ਾਲਸਾ’ ਦੇ ਸੰਕਲਪ ਨਾਲ ਸਾਕਾਰ ਕਰਨਾ ਹੈ ਤੇ ਰਾਜ ਦਾ ਅਜਿਹਾ ਨਮੂਨਾ (ਰੋਲ ਮਾਡਲ) ਕਾਇਮ ਕਰਕੇ ਬੇਚੈਨੀ ਵਿੱਚ ਭਟਕ ਰਹੀ ਦੁਨੀਆ ਨੂੰ ਸੁੱਖ-ਸ਼ਾਂਤੀ ਦਾ ਰਾਹ ਵਿਖਾਉਣਾ ਹੈ। ਇਸ ਮੰਜ਼ਲ ਨੂੰ ਸਰ ਕਰਨ ਲਈ ਹੀ ਦਸਮੇਸ਼ ਪਿਤਾ ਦਾ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਜੰਗ ਦੇ ਪਿੜ ਵਿੱਚ ਅੱਪੜਿਆ ਸੀ ਅਤੇ ਇਸੇ ਨਿਸ਼ਾਨੇ ਨੂੰ ਪਾਉਣ ਲਈ ਹੀ ਖ਼ਾਲਸੇ ਨੇ ਅਠਾਰਵੀਂ ਸਦੀ ਵਿੱਚ ਮੱਲਾਂ ਮਾਰੀਆਂ ਤੇ ਘੱਲੂਘਾਰਿਆਂ ਦੀ ਪੀੜਾ ਸਹਾਰੀ ਸੀ। ਇਹ ਨਿਸ਼ਾਨਾ ਖ਼ਾਲਸੇ ਦੇ ਮਨ ਮੰਦਰ ਵਿੱਚ ਉੱਕਰਿਆ ਹੋਇਆ ਹੈ, ਪਰ ਸਮੇ ਦੀਆਂ ਸਲਤਨਤਾਂ ਇਸ ਨੂੰ ਖ਼ਾਲਸੇ ਦੇ ਦਿਲ 'ਚੋਂ ਮਿਟਾਉਣ ਲਈ ਤੁਲੀਆਂ ਹੋਈਆਂ ਹਨ।
ਇਸੇ ਸਲਤਨਤੀ ਸਾਜ਼ਿਸ਼ ਤਹਿਤ ੧੯੪੭ ਵਿੱਚ ਖ਼ਾਲਸਾ ਆਪਣੇ ਆਗੂਆਂ ਦੀ ਦੂਰ ਅੰਦੇਸ਼ੀ ਸੋਚ ਦੀ ਘਾਟ ਕਾਰਨ 'ਖ਼ਾਲਸਾ ਰਾਜ' ਲੈਣ ਦੀ ਥਾਂ ਹਿੰਦੂਤਵੀ ਸੋਚ ਨਾਲ ਵਰਗਲਾਇਆ ਗਿਆ ਸੀ ਅਤੇ ਉਸ ਦੇ ਲਾਰਿਆਂ ਤੇ ਵਾਅਦਿਆਂ ਦਾ ਸ਼ਿਕਾਰ ਬਣ ਗਿਆ ਸੀ। ਹਿੰਦੁਸਤਾਨੀ ਸਤਾ 'ਤੇ ਕਾਬਜ਼ ਹਿੰਦੂਤਵੀ ਸੋਚ ਵੱਲੋਂ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਬੇਵਫ਼ਾਈ ਕਰਨੀ ਅਤੇ ਨਿਆਂ ਕਰਨ, ਮੰਗਾਂ ਮੰਨਣ ਤੇ ਹੱਕ ਦੇਣ ਦੀ ਥਾਂ, ਅਨਿਆਂ, ਇਨਕਾਰ ਅਤੇ ਧੱਕੇਸ਼ਾਹੀ ਕਰਨੀ, 'ਧਰਮ ਯੁੱਧ ਮੋਰਚੇ' ਤੇ ‘ਜੁਝਾਰੂ ਲਹਿਰ' ਦੇ ਅਰੰਭ ਦਾ ਕਾਰਨ ਹੈ। ਇਸ ਕਾਰਨ ਨੂੰ ਸਮਝ ਕੇ ਹੀ ਸਹੀ ਇਤਿਹਾਸ ਲਿਖਿਆ ਜਾ ਸੱਕਦਾ ਹੈ ਅਤੇ ਇਹ ਸਮਝ 'ਧਰਮ ਯੁੱਧ' ਤੇ ‘ਜੁਝਾਰੂ ਲਹਿਰ’ ਦੇ ਦਸਤਵੇਜ਼ਾਂ ਨੂੰ ਘੋਖ ਕੇ ਹੀ ਆ ਸੱਕਦੀ ਹੈ।
ਇਸ ਲਹਿਰ ਦੀ ਮੁੜ ਨੀਂਹ ੧੯੭੨ ਵਿੱਚ ਅਕਾਲੀ ਦਲ ਵੱਲੋਂ ਪਾਸ ਕੀਤੇ ਗਏ ‘ਅਨੰਦਪੁਰ ਸਾਹਿਬ ਦੇ ਮਤੇ' ਨਾਲ ਰੱਖੀ ਗਈ ਅਤੇ ਇਸ ਵਿੱਚ ਨਵਾਂ ਮੋੜ, ਖ਼ਾਲਸੇ ਦੇ ਜਨਮ ਦਿਹਾੜੇ 'ਤੇ ਸਿੱਖਾਂ ਦੇ ਕੇਂਦਰੀ ਧਾਰਮਿਕ ਨਗਰ ਅੰਮ੍ਰਿਤਸਰ ਵਿਖੇ ਵਿਸਾਖੀ ੧੯੭੮ ਨੂੰ ਨਿਰੰਕਾਰੀਆਂ ਦੇ ਦੇਹਧਾਰੀ ਦੰਭਤੋਂ ਸਿੱਖਾਂ 'ਤੇ ਖ਼ੂਨੀ ਹਮਲਾ ਕਰਾਉਣ ਦੀ ਰਚੀ ਗਈ ਸਾਜ਼ਿਸ਼ ਨਾਲ ਆਇਆ। ਸਿੱਖਾਂ ਨੇ ਆਪਣੀਆਂ ਮੰਗਾਂ ਮਨਾਉਣ, ਹੱਕ ਲੈਣ, ਵਾਅਦੇ ਪੂਰੇ ਕਰਾਉਣ ਅਤੇ ਨਿਆਂ ਲੈਣ ਲਈ ਸਾਰੇ ਕਨੂੰਨੀ ਯਤਨ ਅਪਣਾ ਵੇਖੇ, ਪਰ ਨਿਆਂ ਨਾ ਮਿਲਿਆ। ਬੱਸ ਇਹ ਅਨਿਆਂ, ਧੱਕੇਸ਼ਾਹੀ ਅਤੇ ਸਿੱਖਾਂ ਪ੍ਰਤੀ ਹਿੰਦੁਸਤਾਨੀ ਸਤਾ ਤੇ ਹਿੰਦੂਤਵੀ ਸੋਚ ਦੀਆਂ ਪੱਖਪਾਤੀ ਤੇ ਫ਼ਿਰਕੂ ਨੀਤੀਆਂ ਕਾਰਨ 'ਧਰਮ ਯੁੱਧ' ਦਾ ਬਿਗਲ ਵੱਜਿਆ। ਇੰਝ ‘ਅਨੰਦਪੁਰ ਸਾਹਿਬ ਦੇ ਮਤੇ' 'ਚੋਂ ਨਿਕਲਿਆ ਅਕਾਲੀ ਦਲ ਦਾ ‘ਨਵਾਂ ਨੀਤੀ ਪ੍ਰੋਗਰਾਮ’ 'ਅਨੰਦਪੁਰ ਸਾਹਿਬ ਦੇ ਮਤੇ' ਦੇ ਨਾਂਅ ਨਾਲ ਇਸ 'ਧਰਮ ਯੁੱਧ ਮੋਰਚੇ' ਦਾ ਪੰਥਕ ਮੰਤਵ ਬਣਿਆ। ਸਰਕਾਰ ਨੇ ਇਸ ਮੋਰਚੇ ਨੂੰ ਦਬਾਉਣ ਅਤੇ 'ਅਨੰਦਪੁਰ ਸਾਹਿਬ ਦੇ ਮਤੇ' ਨੂੰ ਫ਼ਿਰਕੂ ਬਣਾਉਣ ਲਈ ਹਰ ਹਰਬਾ ਵਰਤਿਆ। ਹਿੰਦੂਤਵੀ ਸੋਚ ਦੀਆਂ ਧਾਰਨੀ ਹਿੰਦੁਸਤਾਨੀ ਰਾਜਨੀਤਕ ਪਾਰਟੀਆਂ ਨੇ ਸਰਕਾਰ ਦਾ ਇਸ ਵਿੱਚ ਪੂਰਾ ਹੱਥ ਵਟਾਇਆ। ਅਖੀਰ ਸਿੱਖ ਕੌਮ 'ਤੇ ਟੈਕਾਂ ਅਤੇ ਤੋਪਾਂ ਦਾ ਹਮਲਾ ਕਰਕੇ ਖ਼ਾਲਸੇ ਦੇ ਧਰਮ ਤੇ ਰਾਜਨੀਤੀ ਦੀ ਸਮੇਲਤਾ ਦੇ ਸਰਵਉੱਚ ਸਥਾਨ ਅਕਾਲ ਤਖ਼ਤ ਸਾਹਿਬ ਨੂੰ ਉਡਾ ਦਿੱਤਾ ਗਿਆ। ਪੰਥ ਦੇ ਜੁਝਾਰੂ ਜਰਨੈਲ ਸੰਤ ਜਰਨੈਲ ਸਿੰਘ ਅਸਾਵੀਂ ਜੰਗ ਲੜਦਿਆਂ ਇਤਿਹਾਸ ਨੂੰ ਦੁਹਰਾਉਂਦੇ ਹੋਏ ਫ਼ੌਜ ਦਾ ਮੁਕਾਬਲਾ ਕਰਕੇ ਸ਼ਹੀਦੀ ਪਾ ਗਏ।
ਦਰਬਾਰ ਸਾਹਿਬ 'ਤੇ ਇਸ ਹਮਲੇ ਨਾਲ ਖ਼ਾਲਿਸਤਾਨ ਦੀ ਨੀਂਹ ਰੱਖੀ ਗਈ ਅਤੇ ਜੁਝਾਰੂ ਸਿੱਖ ਜੁਆਨੀ ਨੇ ਹਥਿਆਰ ਚੁੱਕ ਕੇ ਹਿੰਦ ਸਰਕਾਰ ਨਾਲ ਜੰਗ ਸ਼ੁਰੂ ਕਰ ਦਿੱਤੀ। 'ਪੰਥਕ ਦਸਤਾਵੇਜ਼' ਇਸ ਜੰਗ ਦੇ ਪੈਂਤੜੇ, ਨੀਤੀਆਂ, ਫ਼ੈਸਲੇ, ਬਿਆਨ ਅਤੇ ਜ਼ਿੰਮੇਵਾਰੀਆਂ ਹਨ। ਇਹਨਾਂ ਦਾ ਅਰੰਭ 'ਅਨੰਦਪੁਰ ਸਾਹਿਬ ਦੇ ਮਤੇ' ਨਾਲ ਹੁੰਦਾ ਹੈ ਅਤੇ ਜਜ਼ਬਾ ੧੦ ਜੂਨ ੧੯੭੮ ਦੇ ਹੁਕਮਨਾਮੇ ਨਾਲ ਪਨਪਦਾ ਹੈ।
ਦਸਤਾਵੇਜ਼, ਕੌਮ ਦੀ ਰੂਹ ਵਿੱਚੋਂ ਪ੍ਰਗਟ ਹੋਈ ਵਿਚਾਰਧਾਰਾ ਹੁੰਦੇ ਹਨ। ਇਹ ਕੌਮ ਦੇ ਬੌਧਿਕ ਪੱਧਰ, ਸੁਹਿਰਦਤਾ, ਪ੍ਰਤੀਬਧਤਾ, ਦੂਰ-ਅੰਦੇਸ਼ੀ ਅਤੇ ਦ੍ਰਿੜਤਾ ਦਾ ਗਿਆਨ ਕਰਾਉਂਦੇ ਹਨ। ਇਹਨਾਂ ਤੋਂ ਕੌਮ ਦੀ ਵਿਲੱਖਣਤਾ, ਨਿਆਰੇਪਨ ਅਤੇ ਅੱਡਰੀ ਪਛਾਣ ਦਾ ਪਤਾ ਲੱਗਦਾ ਹੈ। ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਤੇ ਮੀਲ ਪੱਥਰ ਹੁੰਦੇ ਹਨ। ਇਹਨਾਂ ਵਿੱਚੋਂ ਮਿਲਦਾ ਸਨੇਹਾਂ ਕੌਮ ਦਾ ਭਵਿੱਖ ਤੈ ਕਰਦਾ ਹੈ। ਕਿਸੇ ਕੌਮ ਦਾ ਸਹੀ ਇਤਿਹਾਸ ਲਿਖਣ ਲਈ ਇਹਨਾਂ ਨੂੰ ਹੀ ਅਧਾਰ ਬਣਾਇਆ ਜਾਂਦਾ ਹੈ।
ਇਹ ਦਸਤਾਵੇਜ਼ ਅਸਲ ਦੀਆਂ ਕਾਰਬਨ ਅਤੇ ਫੋਟੋ ਸਟੇਟ ਨਕਲਾਂ ਦੇ ਰੂਪ ਵਿੱਚ ਇਕੱਠੇ ਕੀਤੇ ਗਏ ਹਨ ਤੇ ਟਾਈਪ ਕਰਕੇ ਛਾਪੇ ਜਾ ਰਹੇ ਹਨ। ਇਹਨਾਂ ਵਿੱਚੋਂ ਕੁਝ ਕੁ ਦਸਤਾਵੇਜ਼ ਉਹ ਵੀ ਹਨ, ਜੋ ਅਖ਼ਬਾਰਾਂ ਵਿੱਚ ਹੂਬਹੂ ਛਪੇ ਹੋਏ ਹਨ। ਇਹਨਾਂ ਵਿੱਚ ਅਕਾਲੀ ਆਗੂਆਂ, ਤਖ਼ਤਾਂ ਦੇ ਜਥੇਦਾਰਾਂ ਅਤੇ ਖ਼ਾਲਿਸਤਾਨ ਲਈ ਜੂਝਣ ਵਾਲੀਆਂ ਜੁਝਾਰੂ ਜਥੇਬ ਜਥੇਬੰਦੀਆਂ, ਜੁਝਾਰੂ ਸਿੰਘਾਂ ਅਤੇ ਸਿੱਖ ਬੁੱਧੀਜੀਵੀਆਂ ਦੀ ਸੋਚ ਤੇ ਹਰ ਤਰ੍ਹਾਂ ਦੀ ਭੂਮਿਕਾ ਸਮਾਈ ਹੋਈ ਹੈ। ਇਹਨਾਂ ਵਿੱਚੋਂ ਕੁਝ ਦਸਤਾਵੇਜ਼ਾਂ 'ਤੇ ਉਹਨਾਂ ਦੇ ਵੀ ਨਾਂਅ ਹਨ, ਜੋ ਕਮਜ਼ੋਰ ਪੈ ਕੇ ਸੰਘਰਸ਼ ਤੋਂ ਤੋਬਾ ਕਰ ਗਏ ਜਾਂ ਫਿਰ ਸਤਾ ਦੀ ਕੁਰਸੀ 'ਤੇ ਬੈਠਣ ਦੀ ਲਾਲਸਾ ਵਿੱਚ ਲਲਚਾ ਗਏ। ਅਜਿਹੇ ਲੋਕ ਇਹਨਾਂ ਤੋਂ ਮੁੱਕਰ ਵੀ ਸੱਕਦੇ ਹਨ, ਪਰ ਉਹਨਾਂ ਦਾ ਮੁੱਕਰਨਾ, ਇਹਨਾਂ ਦੇ ਅਸਲ ਹੋਣ 'ਤੇ ਸਵਾਲੀਆ ਚਿੰਨ੍ਹ ਨਹੀਂ ਬਣ ਸੱਕਦਾ, ਕਿਉਂਕਿ ਉਹਨਾਂ ਦਾ ਮੁੱਕਰਨਾ ਵੀ ਸੰਘਰਸ਼ ਤੋਂ ਤੋਬਾ ਕਰਨ ਦੀ ਪੇਤਲੀ ਪ੍ਰਵਿਰਤੀ ਦਾ ਅੰਗ ਹੀ ਹੋਵੇਗਾ।
ਇਹਨਾਂ ਦਸਤਾਵੇਜ਼ਾਂ ਨੂੰ ਘੋਖ ਕੇ ਹੀ, ਸਰਕਾਰ, ਖ਼ੁਫ਼ੀਆ ਏਜੰਸੀਆਂ ਅਤੇ ਪੁਲਿਸ ਦੇ ਦਸਤਾਵੇਜ਼ਾਂ ਦੇ ਸੱਚ-ਝੂਠ ਨੂੰ ਨਿਤਾਰਿਆ ਤੇ ਅਦਾਲਤੀ ਫ਼ੈਸਲਿਆਂ ਨੂੰ ਪਰਖਿਆ ਜਾ ਸੱਕਦਾ ਹੈ। ਸੱਚ-ਝੂਠ ਨੂੰ ਨਿਤਾਰਨਾ ਹੀ ਇਤਿਹਾਸਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ।
ਪਾਠਕਾਂ ਦੀ ਸਹੂਲਤ ਲਈ ਅੰਗਰੇਜ਼ੀ ਦੇ ਦਸਤਾਵੇਜ਼ਾਂ ਦਾ ਅੰਤਿਕਾਵਾਂ ਵਿੱਚ ਪੰਜਾਬੀ ਅਨੁਵਾਦ ਵੀ ਦਿੱਤਾ ਗਿਆ ਹੈ। ਅਸੀਂ ਆਪਣੇ ਵੱਲੋਂ ਹਰੇਕ ਦਸਤਾਵੇਜ਼ ਦੇ ਅਰੰਭ ਵਿੱਚ ਦਸਤਾਵੇਜ਼ ਬਾਰੇ ਸੰਖੇਪ ਜਾਣਕਾਰੀ ਵੀ ਦਿੱਤੀ ਹੈ, ਜੋ ਪਾਠਕਾਂ ਨੂੰ ਦਸਤਾਵੇਜ਼ ਸਮਝਣ ਵਿੱਚ ਮਦਦ ਦੇਵੇਗੀ, ਪਰ ਇਸ ਜਾਣਕਾਰੀ ਵਿੱਚ ਪ੍ਰਗਟ ਕੀਤੇ ਗਏ ਵਿਚਾਰ ਸਾਡੇ ਆਪਣੇ ਜਾਤੀ ਵਿਚਾਰ ਹਨ, ਕਿਉਂਕਿ ਹਰੇਕ ਪਾਠਕ ਦੀ ਹਰੇਕ ਲਿਖਤ ਬਾਰੇ ਆਪਣੀ ਅੱਡਰੀ ਤੇ ਅਜ਼ਾਦ ਰਾਇ ਹੁੰਦੀ ਹੈ। ਇਸ ਲਈ ਪਾਠਕ ਸਾਡੇ ਵੱਲੋਂ ਲਿਖੀ ਗਈ ਇਸ ਜਾਣਕਾਰੀ ਨੂੰ ਆਪਣੇ 'ਤੇ ਠੋਸੀ ਗਈ ਬਿਲਕੁਲ ਹੀ ਮਹਿਸੂਸ ਨਾ ਕਰਨ।
ਅੰਤਿਕਾਵਾਂ ਵਿੱਚ ਕੁਝ ਸਰਕਾਰੀ ਦਸਤਾਵੇਜ਼ ਵੀ ਦਿੱਤੇ ਗਏ ਹਨ। ਇਹ ਸਾਰੇ ਦਸਤਾਵੇਜ਼ ‘ਧਰਮ ਯੁੱਧ' ਤੇ ‘ਜੁਝਾਰੂ ਲਹਿਰ ਦੇ ਅਹਿਮ ਇਤਿਹਾਸਿਕ ਸੋਮੇਂ ਹਨ। ਇਹਨਾਂ ਨੂੰ ਅਸਲ ਰੂਪ ਵਿੱਚ ਸੰਭਾਲਣ ਦਾ ਇਹ ਪਹਿਲਾ ਯਤਨ ਹੈ ਅਤੇ ਇਹਨਾਂ ਦੀ ਪਹਿਲੀ ਜਿਲਤ ਛਾਪੀ ਜਾ ਰਹੀ ਹੈ। ਬਹੁਤ ਸਾਰੇ ਦਸਤਾਵੇਜ਼ ਦੁਨੀਆ ਭਰ ਵਿੱਚ ਖਿੱਲਰੇ ਹੋਏ ਹਨ। ਉਹਨਾਂ ਨੂੰ ਇਕੱਠੇ ਕਰਨ ਦੇ ਯਤਨ ਜਾਰੀ ਹਨ। ਸਮੂਹ ਸਿੱਖਾਂ ਅਤੇ ਨਿਆਂ ਪਸੰਦ ਲੋਕਾਈ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਇਕੱਠੇ ਕਰਨ ਵਿੱਚ ਸਹਿਯੋਗ ਦੇਣ।
१०-०६-२०१०
ਨਰਾਇਣ ਸਿੰਘ
ਪੰਥਕ ਦਸਤਾਵੇਜ਼





Comments