top of page
Shah Kitab Ghar Punjabi Logo

ਉਨ੍ਹੀਂ ਦਿਨੀਂ ਅੰਮ੍ਰਿਤਾ ਪ੍ਰੀਤਮ ਅੰਮ੍ਰਿਤ ਕੌਰ ਹੁੰਦੀ ਸੀ।

ਅੰਮ੍ਰਿਤਾ ਪ੍ਰੀਤਮ ਦੀ ਅਸਲ ਜ਼ਿੰਦਗੀ ਵਾਰੇ
ਅੰਮ੍ਰਿਤਾ ਪ੍ਰੀਤਮ ਦੀ ਅਸਲ ਜ਼ਿੰਦਗੀ ਵਾਰੇ

ਅੰਮ੍ਰਿਤਾ ਪ੍ਰੀਤਮ

ਉਨ੍ਹੀਂ ਦਿਨੀਂ ਅੰਮ੍ਰਿਤਾ ਪ੍ਰੀਤਮ ਅੰਮ੍ਰਿਤ ਕੌਰ ਹੁੰਦੀ ਸੀ।

1943 ਵਿਚ ਫੱਗਣ ਦੇ ਸਾਲਾਨਾ ਮੇਲੇ ਉਤੇ ਮੈਂ ਲੰਗਰ ਦੇ ਬਾਹਰ ਨਵਤੇਜ ਮਿਲਿਆ ਤਾਂ ਉਸ ਨੇ ਇਹ ਖ਼ਬਰ ਸੁਣਾਈ : ਪ੍ਰੀਤ-ਨਗਰ ਗਿਆ ਸਾਂ।

"ਇਸ ਵਾਰੀ ਕਵੀ ਦਰਬਾਰ ਚੰਗਾ ਰਵੇਗਾ, ਅੰਮ੍ਰਿਤ ਕੌਰ ਵੀ ਆਈ ਹੋਈ ਹੈ।’

"ਅੰਮ੍ਰਿਤ ਕੌਰ ਕੌਣ ?" ਮੈਂ ਪੁਛਿਆ ।

"ਬਹੁਤ ਸੋਹਣੀ ਕੁੜੀ ਹੈ, ਤੇ ਬਹੁਤ ਵਧੀਆ ਕਵਿਤਾ ਲਿਖਦੀ ਹੈ," ਨਵਤੇਜ ਨੇ ਮੋਟੇ ਸ਼ੀਸ਼ਿਆਂ ਦੀ ਐਣਕ ਵਿਚੋਂ ਅੱਖਾਂ ਝਪਕ ਕੇ ਆਖਿਆ।

"ਸੋਹਣੀਆਂ ਕੁੜੀਆਂ ਘਟ ਈ ਸੋਹਣੀ ਕਵਿਤਾ ਲਿਖਦੀਆਂ ਹਨ", ਮੈਂ ਆਪਣਾ ਸ਼ੰਕਾ ਦਸਿਆ ।

ਨਵਤੇਜ ਬੋਲਿਆ, ''ਪਰ ਅੰਮ੍ਰਿਤਾ ਤਾਂ ਕਮਾਲ ਐ। ਇਸ ਵੇਲੇ ਦਾਰ ਜੀ ਕੋਲ ਬੈਠੀ ਐ। ਹੁਣੇ ਏਧਰ ਆਈ ਤਾਂ ਤੈਨੂੰ ਮਿਲਾਵਾਂਗਾ । ਪ੍ਰੀਤ ਲੜੀ ਵਿਚ ਉਸ ਦੀਆਂ ਕਵਿਤਾਵਾਂ ਅਕਸਰ ਛਪਦੀਆਂ ਹਨ ਜਜ਼ਬਿਆਂ ਸਿੰਮੀਆਂ, ਪਿਆਰ ਸਧਰਾਂ ਨਾਲ ਤੱਕੀਆਂ ਹੋਈਆਂ ਸੋਹਣੀਆਂ ਕਵਿਤਾਵਾਂ । ਖ਼ੁਦ ਵੀ ਉਹ ਬਹੁਤ ਸੋਹਣੀ ਐ ।’

ਅੰਮ੍ਰਿਤਾ ਮਿਲੀ । ਉਸ ਅੱਖਾਂ ਵਿਚ ਕੱਜਲ ਪਾਇਆ ਹੋਇਆ ਸੀ ਜਿਸ ਦੇ ਕਾਲੇ ਡੋਰੇ ਕੰਨਾਂ ਤੀਕ ਜਾਂਦੇ ਸਨ । ਬੁੱਲ੍ਹ ਪਤਲੇ । ਦਰਮਿਆਨਾ ਕੱਦ । ਉਸ ਦੇ ਚਿਹਰੇ ਉਤੇ ਇਕ ਚੇਤੰਨ ਜ਼ਨਾਨੀ ਦਾ ਨਖ਼ਰਾ ਸੀ ਜਿਸ ਨੂੰ ਲੋਕਾਂ "ਸੋਹਣੀ" "ਸੋਹਣੀ" ਆਖ ਕੇ ਚੰਭਲਾ ਰਖਿਆ ਹੋਵੇ ।

ਮੈਂ ਆਖਿਆ, “ਬਈ ਨਵਤੇਜ, ਮੈਨੂੰ ਤਾਂ ਇਹ ਕੁੜੀ ਕੋਈ ਸੋਹਣੀ ਨਹੀਂ ਲਗੀ ।’’

"ਕਿਉਂ ?’

"ਬਹੁਤ ਆਮ ਜੇਹੀ ਐ ।"

ਤ੍ਰਕਾਲੀਂ ਕਵੀ ਦਰਬਾਰ ਸੀ । ਬਹੁਤ ਸਾਰੇ ਕਵੀਆਂ ਨੇ ਆਪਣੀ ਆਪਣੀ ਕਵਿਤਾ ਪੜ੍ਹੀ। ਅੰਮ੍ਰਿਤਾ ਨੇ ਬੰਗਾਲ ਦੇ ਕਾਲ ਉਤੇ ਇਕ ਨਜ਼ਮ ਪੜ੍ਹੀ, ਕਿੰਨਾ ਕੁਝ ਫ਼ਾਲਤੂ ।

ਉਸ ਨੇ ਬੜੀ ਅਦਾ ਨਾਲ ਇਹ ਕਵਿਤਾ ਜੋ ਛੰਦਾ ਬੰਦੀ ਦੀ ਕੈਦ ਤੋਂ ਆਜ਼ਾਦ ਸੀ, ਸੁਣਾਈ । ਲੋਕਾਂ ਤਾੜੀਆਂ ਮਾਰੀਆਂ । ਨਵਤੇਜ ਮੇਰੇ ਕੋਲ ਈ ਬੈਠਾ ਸੀ । ਮੈਂ ਉਸ ਵਲ ਤਕਿਆ, ਤੇ ਆਖਿਆ, "ਬੜੀ ਬਨਾਵਟ ਹੈ ਇਸ ਕਵਿਤਾ ਵਿਚ । ਮੈਨੂੰ ਤਾਂ ਉੱਕਾ ਚੰਗੀ ਨਹੀਂ ਲੱਗੀ

ਨਵਤੇਜ ਬੋਲਿਆ, "ਬੰਗਾਲ ਦੇ ਮਹਾਂਕਾਲ ਉਤੇ ਐ।"

ਮੈਂ ਆਖਿਆ, "ਮਹਾਂਕਾਲ ਉਤੇ ਲਿਖਣ ਨਾਲ ਕੋਈ 'ਮਹਾਂ ਕਵਿਤਾ' ਨਹੀਂ ਬਣ ਜਾਂਦੀ । ਮੈਨੂੰ ਤਾਂ ਇਹ ਬਹੁਤ ਓਪਰੀ ਓਪਰੀ ਤੇ ਫ਼ਾਲਤੂ ਫ਼ਾਲਤੂ ਜਾਪੀ । ਦਿਲ ਉਤੇ ਇਸ ਕੋਈ ਝਰੀਟ ਨਹੀਂ ਪਾਈ ।”

ਪ੍ਰੀਤ ਨਗਰ ਜਿਸ ਕਿਸੇ ਨੂੰ ਵੇਖਿਆ, ਅੰਮ੍ਰਿਤਾ ਦੇ ਗੁਣ ਗਾ ਰਿਹਾ ਸੀ । ਜਿਵੇਂ ਕੋਈ ਚਾਹ ਦੀ ਪਿਆਲੀ ਵਿਚ ਗੁੜ ਦੀ ਪੂਰੀ ਭੇਲੀ ਘੋਲ ਦੇਵੇ, ਏਸੇ ਤਰ੍ਹਾਂ ਦੀ ਇਹ ਤਾਰੀਫ਼ ਸੀ । ਮੈਨੂੰ ਸਗੋਂ ਇਸ ਨਾਲ ਕੁਝ ਚਿੜ੍ਹ ਜਿਹੀ ਹੋ ਗਈ ।

ਦੂਜੇ ਦਿਨ ਅੰਮ੍ਰਿਤਾ ਨੇ ਆਪਣੀ ਕਿਤਾਬ 'ਬੱਦਲਾਂ ਦੇ ਪੱਲੇ ਵਿਚ’" ਮੈਨੂੰ ਦਿਖਾਈ।


ਇਕ ਇਕ ਸਫ਼ੇ ਉਤੇ ਚਾਰ ਚਾਰ ਸਤਰਾਂ । ਜੰਗ ਦਾ ਜ਼ਮਾਨਾ ਸੀ । ਕਾਗ਼ਜ਼ ਦਾ ਕਾਲ ਸੀ। ਦੂਣੇ ਤੀਣੇ ਪੈਸਿਆਂ ਉਤੇ ਵੀ ਨਹੀਂ ਸੀ ਲੱਭਦਾ । ਮੋਟਾ ਐਂਟਿਕ ਕਾਗ਼ਜ਼ ਵਰਤ ਕੇ ਅਗਿਓਂ ਪਿਛਿਓਂ ਕਾਫ਼ੀ ਚੌੜੇ ਹਾਸ਼ੀਏ ਛਡ ਛਡ ਉਸ ਕਵਿਤਾਵਾਂ ਦੀ ਇਹ ਕਿਤਾਬ ਤਿਆਰ ਕੀਤੀ ਸੀ ।

ਮੈਂ ਸਫ਼ੇ ਪਰਤਦਿਆਂ ਆਖਿਆ, "ਕਿੰਨਾ ਕੁਝ ਫ਼ਾਲਤੂ !"

ਉਸ ਦੇ ਮੱਥੇ ਉਤੇ ਤਿਉੜੀ ਖਿੱਚੀ ਗਈ ਤੇ ਕੱਜਲ ਦੇ ਡੋਰੇ ਹੋਰ ਵੀ ਡੂੰਘੇ ਹੋ ਗਏ ।

ਮੈਂ ਆਖਿਆ, "ਜਿਲਦ ਸੋਹਣੀ ਐ, ਕਾਗ਼ਜ਼ ਵਧੀਆ ਐ, ਪੜ੍ਹ ਕਵਿਤਾਵਾਂ ਬਹੁਤ ਸਾਰੀਆਂ ਦਾ ਵਜ਼ਨ ਡੋਲਦਾ ਐ ।"

"ਪਰ ਮੈਂ ਵਜ਼ਨ ਤੋਂ ਬਗ਼ੈਰ ਲਿਖੀਆਂ ਨੇ ।"

''ਤੁਹਾਡੀਆਂ ਕਵਿਤਾਵਾਂ ਦਾ ਵਜ਼ਨ ਗ਼ਲਤ ਐ," ਮੈਂ ਬਹੁਤ ਰੱਖੇ ਜਿਹੇ ਲਹਿਜੇ ਵਿਚ ਆਖਿਆ ।

''ਕੀ ਤੁਸੀਂ ਕਵਿਤਾ ਲਿਖਦੇ ਹੋ ?" ਉਸ ਮਿਹਣਾ ਮਾਰਿਆ ।

"ਨਹੀਂ, ਪਰ ਪਰਖਦਾ ਹਾਂ ।"

"ਪ੍ਰੀਤ ਲੜੀ ਵਿਚ ਤਾਂ ਕਦੇ ਕਿਸੇ ਇਹਨਾਂ ਦੇ ਵਜ਼ਨ ਦੀ ਗ਼ਲਤੀ ਨਹੀਂ ਕਢੀ ।"

ਮੈਂ ਉੱਤਰ ਦਿੱਤਾ, ''ਪ੍ਰੀਤ ਲੜੀ ਦੇ ਕਰਤਿਆਂ ਧਰਤਿਆਂ ਨੂੰ ਕਵਿਤਾ ਦੇ ਮੀਟਰ ਦੀ ਘਟ ਹੀ ਸਮਝ ਹੈ। ਮੈਂ ਨਵਤੇਜ ਨਾਲ ਗੱਲਾਂ ਕੀਤੀਆਂ ਹਨ । ਉਸ ਨੂੰ ਕਵਿਤਾ ਦੇ ਖ਼ਿਆਲ ਦੀ ਪਰਖ ਹੈ, ਪਰ ਰੂਪ ਦੀ ਨਹੀਂ । ਤੇ ਖ਼ਿਆਲ ਆਪਣੇ ਆਪ ਵਿਚ ਕਿੰਨਾ ਈ ਮਹਾਨ ਕਿਉਂ ਨਾ ਹੋਵੇ, ਬਗ਼ੈਰ ਰੂਪ ਦੇ ਮੂਰਤੀਮਾਨ ਨਹੀਂ ਹੋ ਸਕਦਾ । ਜਿਸ ਕਵਿਤਾ ਦਾ ਵਜ਼ਨ ਗ਼ਲਤ ਹੈ ਉਹ ਉਸ ਘੜੀ ਵਾਂਗ ਹੈ ਜੋ ਵਕਤ ਗ਼ਲਤ ਦਸਦੀ ਹੋਵੇ । ਘੜੀ ਹੈ, ਸੂਈਆਂ ਹਨ, ਚਾਬੀ ਹੈ, ਇਹ 'ਟਿਕ' 'ਟਿਕ' ਵੀ ਕਰਦੀ ਹੈ । ਪਰ ਜਦ ਵਕਤ ਈ ਗ਼ਲਤ ਦੱਸੇ ਤਾਂ ਅਜੇਹੀ ਘੜੀ ਦਾ ਕੀ ਫ਼ਾਇਦਾ ?"

"ਮੈਂ ਆਪਣੀ ਕਵਿਤਾ ਨੂੰ ਰਵਾਇਤੀ ਵਜ਼ਨਾਂ ਤੇ ਛੰਦਾਂ ਉਤੇ ਨਹੀਂ ਢਾਲਦੀ । ਮੈਂ ਨਵੀਆਂ ਬਹਿਰਾਂ ਵਿਚ ਤਜਰਬੇ ਕਰ ਰਹੀ ਹਾਂ ।’

“ਪਹਿਲਾਂ ਤੁਸੀਂ ਪੁਰਾਣੇ ਬਹਿਰਾਂ ਤੇ ਛੰਦਾਂ ਨੂੰ ਚੰਗੀ ਤਰ੍ਹਾਂ ਗ੍ਰਹਿਣ ਕਰੋ । ਜੋ ਪੁਰਾਣੇ ਛੰਦ ਉਤੇ ਪੂਰੀ ਤਰ੍ਹਾਂ ਹਾਵੀ ਨਹੀਂ ਉਹ ਨਵੇਂ ਤਜਰਬੇ ਵੀ ਨਹੀਂ ਕਰ ਸਕਦਾ ।"

“ਕਿਉਂ ? ਮੇਰੀ ਕਵਿਤਾ ਨਵੇਂ ਖ਼ਿਆਲਾਂ ਨੂੰ, ਨਵੇ ਵਲਵਲਿਆਂ ਨੂੰ ਪਰਗਟਾਉਂਦੀ ਐ, ਇਸ ਲਈ ਇਹਨਾਂ ਦੀ ਚਾਲ ਤੇ ਨੁਹਾਰ ਨਵੇਕਲੀ ਹੋਵੇਗੀ ।"


"ਤੁਸੀਂ ਅੱਡਰਾ ਵਜ਼ਨ ਚੁਣਦੇ ਓ, ਪਰ ਨਿਰਾ ਅੱਡਰਾ ਵਜ਼ਨ ਚੁਣਨ ਨਾਲ ਕਵਿਤਾ ਵਿਚ ਉਹ ਗੱਲ ਨਹੀਂ ਆ ਸਕਦੀ ਜਿਹੜੀ ਤੁਸੀਂ ਸੋਚਦੇ ਓ । ਤੁਹਾਡੇ ਮੀਟਰ ਵਿਚ ਕੱਚਾਪਨ ਹੈ ਜਿਵੇਂ ਕੱਚੇ ਪਿੱਲੇ ਭਾਂਡੇ ਵਿਚ ਹੁੰਦਾ ਹੈ । ਰਤਾ ਕੁ ਟੁਣਕਾ ਕੇ ਵੇਖੋ ਤਾਂ ਇਹ ਖੜਕਦਾ ਨਹੀਂ । ਜੇ ਮੈਂ ਘੁਮਿਆਰਨ ਦੀ ਇਹ ਤੁਲਨਾ ਜਾਰੀ ਰੱਖਾਂ ਤਾਂ ਇਸ ਤਰ੍ਹਾਂ ਆਖਾਂਗਾ ਕਿ ਤੁਸੀਂ ਚੱਕ ਉਤੇ ਬੈਠ ਕੇ ਸੰਜਮ ਨਹੀਂ ਕੀਤਾ । ਏਸੇ ਕਰ ਕੇ ਤੁਹਾਡੀਆਂ ਝੱਜਰਾਂ ਸੁਰਾਹੀਆਂ ਦੇ ਕੰਢੇ ਟੇਢੇ-ਮੇਢੇ ਹਨ । ਇਹਨਾਂ ਵਿਚ ਇਕ ਨਿਪੁੰਨ ਘੁਮਿਆਰਨ ਦੀਆਂ ਉਂਗਲਾਂ ਦੀ ਛੁਹ ਨਹੀਂ । ਤੁਹਾਡੀ ਕਵਿਤਾ ਦੇ ਸ਼ਬਦ ਇਕ ਦੂਜੇ ਨਾਲ ਖਹਿ ਕੇ ਭਖ਼ਦੇ ਨਹੀਂ, ਉਹਨਾਂ ਵਿਚੋਂ ਚੰਗਿਆੜੇ ਨਹੀਂ ਨਿਕਲਦੇ ।"

ਉਸ ਗ਼ਰੂਰ ਦੇ ਪੱਲੇ ਵਿਚੋਂ ਝਾਕ ਕੇ ਆਖਿਆ, 'ਚੰਗਿਆੜੇ ਤਾਂ ਨਿਕਲਦੇ ਹਨ, ਪਰ ਮਹਿਸੂਸ ਕਰਨ ਦੀ ਗੱਲ ਹੈ ।”

ਮੈਂ ਵਿਅੰਗ ਨਾਲ ਆਖਿਆ, "ਹਾਂ ਮਹਿਸੂਸ ਕਰਨ ਦੀ ।"

ਉਸ ਫਿਰ ਸਿਰ ਚੁਕਿਆ, "ਤੁਸੀਂ ਕਵਿਤਾ ਨਾ ਲਿਖਣਾ ਕਦੀ, ਨਹੀਂ ਤਾਂ ਤੁਹਾਡੀ ਕਵਿਤਾ ਦੇ ਚੰਗਿਆੜੇ ਲੋਕਾਂ ਨੂੰ ਸਾੜ ਦੇਣਗੇ ।"

ਜਦ ਨਵਤੇਜ ਆਇਆ ਤਾਂ ਸਾਡੀਆਂ ਗੱਲਾਂ ਵਿਚੋਂ ਚੰਗਿਆੜੇ ਨਿਕਲ ਰਹੇ ਸਨ ।

ਜਿਤਨਾ ਉਹ ਆਪਣੀ ਕਵਿਤਾ ਬਾਰੇ ਸਫ਼ਾਈ ਪੇਸ਼ ਕਰਦੀ ਉਤਨਾ ਜ਼ਿਆਦਾ ਮੈਂ ਤੇਜ਼ ਵਾਰ ਕਰਦਾ ।

ਉਹ ਰੋਟੀ ਖਾਣ ਚਲੇ ਗਏ । ਮੈਂ ਬਾਹਰ ਬਾਗ਼ ਵਿਚ ਟਹਿਲਦਾ ਰਿਹਾ ।

ਉਨ੍ਹੀ ਦਿਨੀਂ ਅੰਮ੍ਰਿਤਾ ਬਹੁਤਾ ਕਰ ਕੇ ਪਿਆਰ ਤ੍ਰਾਟਾਂ, ਬੱਦਲਾਂ, ਚੰਨ, ਰਾਤ ਦੇ ਕੂਲੇ ਹਨ੍ਹੇਰੇ ਤੇ ਪਹੁ-ਫੁਟਾਲੇ ਦੇ ਗੀਤ ਗਾਉਂਦੀ ਸੀ । 'ਅੰਮੜੀ ਦਾ ਵਿਹੜਾ', 'ਤ੍ਰਿੰਞਣ', 'ਧੂੰਆਂ', 'ਬੁਤ-ਘਾੜਾ', ਸੋਹਣੀਆਂ ਕਵਿਤਾਵਾਂ ਸਨ । ਲੋਕ-ਗੀਤਾਂ ਦੇ ਆਧਾਰ ਉਤੇ ਲਿਖੀਆਂ ਕੁਝ ਚੀਜ਼ਾਂ ਵਿਚ ਆਉਣ ਵਾਲੀ ਕਵਿਤਾ ਦੀਆਂ ਤੁਰੀਆਂ ਫਟ ਰਹੀਆਂ ਸਨ, ਪਰ ਉਹ ਬਹੁਤਾ ਕਰ ਕੇ ਕਵਿਤਾ ਦੇ ਰੂਪ ਤੇ ਛੰਦਾਂ ਦੇ ਨਾਜ਼ਕ ਮਿਜ਼ਾਜ ਤੋਂ ਗਾਫ਼ਲ ਸੀ । ਏਸੇ ਕਰ ਕੇ ਕਵਿਤਾ ਵਿਚ ਝਟਕੇ ਲਗਦੇ ਸਨ । ਬਹੁਤ ਸਾਰੇ ਦੋਸਤਾਂ, ਸਨੇਹੀਆਂ ਦੀ ਤਵੱਜੋ ਇਹਨਾਂ ਤਰੁਟੀਆਂ ਵਲ ਨਹੀਂ ਸੀ। ਭੈੜੀ ਕਵਿਤਾ ਵਿਚ ਕੋਈ ਸੁੰਦਰ ਬੰਦ ਆ ਜਾਵੇ ਤਾਂ ਉਹ ਚਮਕਦਾ ਹੈ, ਚੰਗੀ ਕਵਿਤਾ ਵਿਚ ਭੈੜੇ ਬੰਦ ਰੜਕਦੇ ਹਨ । ਮੈਂ ਅੰਮ੍ਰਿਤਾ ਨਾਲ ਇਸ ਰੜਕ ਦੀਆਂ ਰੜਕਾਂ ਕਢੀਆਂ ।

ਇਹ ਮੇਰੀ ਪਹਿਲੀ ਮੁਲਾਕਾਤ ਸੀ।

ਇਸ ਤੋਂ ਪਿਛੋਂ ਬਹੁਤ ਮੁੱਦਤ ਮੈਂ ਅੰਮ੍ਰਿਤਾ ਨੂੰ ਨਾ ਮਿਲਿਆ ।

ਲਾਹੌਰ ਰੇਡੀਓ ਸਟੇਸ਼ਨ ਉਤੇ ਨੌਕਰ ਹੋ ਗਿਆ । ਉਥੇ ਦੁੱਗਲ ਨੇ ਦਸਿਆ, “ਪਹਿਲਾਂ ਕਦੇ ਕਦੇ ਅੰਮ੍ਰਿਤਾ ਪਰੋਗਰਾਮ ਕਰਨ ਆਉਂਦੀ ਸੀ, ਪਰ ਹੁਣ ਉਸ ਆਉਣ ਤੋਂ ਇਨਕਾਰ ਕਰ ਦਿਤਾ ਹੈ ।"

"ਕਿਉਂ ?"

"ਪਤਾ ਨਹੀਂ ।"

ਇਕ ਦਿਨ ਸਾਹਿਤਕਾਰਾਂ ਦੀ ਮੀਟਿੰਗ ਸੀ । ਅਸੀਂ ਅੰਮ੍ਰਿਤਾ ਨੂੰ ਸੱਦਾ ਭੇਜਿਆ । ਉਹ ਨਾ ਆਈ । ਫਿਰ ਇਕ ਮੀਟਿੰਗ ਮੇਰੇ ਘਰ ਹੋਈ। ਉਸ ਅਖਵਾ ਭੇਜਿਆ, "ਕੋਸ਼ਿਸ਼ ਕਰਾਂਗੀ ।"

ਤਰਕਾਲੀਂ ਟੈਨਿਸ ਖੇਡ ਕੇ ਮੁੜਦੀ ਹੋਈ ਆਖਣ ਆ ਗਈ ਕਿ ਕਲ੍ਹ ਉਹ ਮੀਟਿੰਗ ਉਤੇ ਕੰਮ ਹੈ । ਸਾਈਕਲ ਉਤੇ ਉਹ ਮੇਰੇ ਘਰ ਇਹ ਨਹੀਂ ਆ ਸਕੇਗੀ । ਉਸ ਨੂੰ ਜ਼ਰੂਰੀ

ਉਸ ਨੂੰ ਬੈਠਣ ਨੂੰ ਆਖਿਆ। ਉਹ ਓਪਰਿਆਂ ਵਾਂਗ ਬੈਠ ਗਈ । ਨੌਕਰ ਨੇ ਚਾਹ ਲਿਆਂਦੀ । "ਚਾਹ ਪੀਓਗੇ ?''

"ਚਾਹ ਤੇ ਮੈਂ ਘਟ ਈ ਪੀਂਦੀ ਹਾਂ।"

"ਅਜ ਇਕ ਘੁਟ ਪੀ ਲਓ ।"

ਮੈਂ ਕੇਤਲੀ ਵਿਚੋਂ ਚਾਹ ਦਾ ਪਿਆਲਾ ਭਰਿਆ। "ਅੱਛਾ ਦਸੋ ਤੁਸੀਂ ਮੀਟਿੰਗ ਉਤੇ ਕਿਉਂ ਨਹੀਂ ਆ ਰਹੇ ?''

“ਮੈਂ ਬਹੁਤੀਆਂ ਮੀਟਿੰਗਾਂ ਵਿਚ ਜਾਣਾ ਪਸੰਦ ਨਹੀਂ ਕਰਦੀ ।"

"ਸੁਣਿਆ ਐ ਪਹਿਲਾਂ ਤੁਸੀਂ ਰੇਡੀਓ ਉਤੇ ਪਰੋਗਰਾਮ ਕਰਿਆ ਕਰਦੇ ਸਾਉ-"

'ਹਾਂ, ਮੈਂ ਸਿਤਾਰ ਵਜਾਉਣ ਦੇ ਕੁਝ ਪਰੋਗਰਾਮ ਕੀਤੇ ਹਨ । ਪਰ ਹੁਣ ਮੈਨੂੰ ਰੇਡੀਓ ਚੰਗਾ ਨਹੀਂ ਲਗਦਾ ।"

"ਰੇਡੀਓ • ਜਾਂ ਰੇਡੀਓ ਦੇ ਲੋਕ ?"

“ਦੋਵੇਂ। ਇਕ ਇਸਤਰੀ ਲਈ ਘਰ ਤੇ ਸਮਾਜ ਦੀਆਂ ਕੁਝ ਅਜੇਹੀਆਂ ਮਜਬੂਰੀਆਂ ਹੁੰਦੀਆਂ ਹਨ ਕਿ ਉਹ ਇਸ ਤਰ੍ਹਾਂ ਦੇ ਬੇ-ਤਹਾਸ਼ਾ ਖੁਲ੍ਹੇ-ਡੁਲ੍ਹੇ ਵਾਤਾਵਰਨ ਨੂੰ ਪਸੰਦ ਨਹੀਂ ਕਰ ਸਕਦੀ । ਲੋਕ ਪਾਨ ਖਾ ਰਹੇ ਹਨ ਸਿਗਰਟ ਦੇ ਧੂੰਏਂ ਛਡ ਰਹੇ ਹਨ, ਚਾਹਾਂ ਦੇ ਪਿਆਲੇ ਉਡਾ ਰਹੇ ਹਨ — ਹਾ ਹਾ ਹੂ ਹੂ ਦਾ ਰੌਲਾ ਮਚ ਰਿਹਾ ਹੈ । ਮੈਨੂੰ ਇਸ ਤਰ੍ਹਾਂ ਮਰਦਾਂ ਵਿਚ ਬੈਠ ਕੇ ਕੰਮ ਕਰਨਾ ਬੁਰਾ ਲਗਦਾ ਹੈ । ਏਸੇ ਕਰ ਕੇ ਮੈਂ ਰੇਡੀਓ ਸਟੇਸ਼ਨ ਜਾਣਾ ਛਡ ਦਿਤਾ।"

"ਇਹੋ ਕਾਰਨ ਹਨ ਜਾਂ ਹੋਰ ਵੀ ?"

“ਹੋਰ ਵੀ ਹੋਣਗੇ । ਸ਼ਾਇਦ ਕੋਈ ਹੋਰ ਈ ਕਾਰਨ ਹੋਣ ਤੇ ਮੈਂ ਤੁਹਾਨੂੰ ਪਰਚਾਉਣ ਲਈ ਇਹ ਕਾਰਨ ਘੜੇ ਹੋਣ, ਕੀ ਪਤਾ। ਪਰ ਰੇਡੀਓ ਉਤੇ ਜਾਣਾ ਮੈਂ ਪਸੰਦ ਨਹੀਂ ਕਰਦੀ ।

ਗਲ ਮੁਕ ਗਈ ।

"ਕੀ ਲਿਖ ਰਹੇ ਓ ਅਜ ਕਲ ? ਕੋਈ ਕਵਿਤਾ ਸੁਣਾਓ ।"

"ਕਿਸੇ ਦਿਨ ਸਾਡੇ ਘਰ ਆਉਣਾ ਤਾਂ ਸੁਣਾਵਾਂਗੀ । ਮੈਂ ਕਵਿਤਾ ਸੁਣਾਉਣ ਲੋਕਾਂ ਕੋਲ ਨਹੀਂ ਜਾਂਦੀ ।"

“ਚੰਗਾ, ਕਿਸੇ ਦਿਨ ਆਵਾਂਗਾ ।"

ਕੁਝ ਮਹੀਨਿਆਂ ਪਿਛੋਂ ਮੈਂ ਅੰਮ੍ਰਿਤਾ ਦੇ ਘਰ ਗਿਆ । ਉਸ ਗੁੰਮਟੀ ਬਾਜ਼ਾਰ ਤੋਂ ਮਕਾਨ ਬਦਲ ਕੇ ਅਨਾਰਕਲੀ ਵਿਚ ਇਕ ਫ਼ਲੈਟ ਲੈ ਲਿਆ ਸੀ। ਫ਼ਲੈਟ ਵਿਚ ਚਾਰ ਪੰਜ ਕਮਰੇ ਸਨ, ਜਾਲੀਦਾਰ ਪਰਦੇ, ਤਸਵੀਰਾਂ ਸੋਫ਼ੇ। ਉਹ ਤੇ ਉਸ ਦੀ ਨਣਦ ਨੇ (ਉਸ ਕੁੜੀ ਦਾ ਨਾਂ ਮੈਂ ਭੁਲ ਗਿਆ ਹਾਂ) ਮੇਰਾ ਸੁਆਗਤ ਕੀਤਾ । ਤਕੱਲਫ਼ ਨਾਲ ਕੁਰਸੀ ਉਤੇ ਬਠਾਇਆ ।

ਅਸੀਂ ਚਾਹ ਪੀਤੀ । ਕਵਿਤਾ ਕੋਈ ਨਾ ਪੜ੍ਹੀ, ਕਵਿਤਾ ਬਾਰੇ ਗੱਲਾਂ ਕੀਤੀਆਂ।


ਮਂ ਆਪਣੀ ਜਦੋ-ਜਹਿਦ ਦੀ ਗੱਲ ਤੋਰੀ, ਅੰਮ੍ਰਿਤਾ ਨੇ ਆਪਣੀ ਜਦੋ-ਜਹਿਦ ਦੀ गॅल बेनी ।

"ਤੁਸੀਂ ਕੀ ਜਦੋ-ਜਹਿਦ ਕਰ ਰਹੇ ਓ ?" ਮੈਂ ਹੈਰਾਨੀ ਨਾਲ ਪੁੱਛਿਆ ।

ਉਨ੍ਹੀਂ ਦਿਨੀਂ ਮੇਰੇ ਨੇੜੇ ਜਦੋ-ਜਹਿਦ ਦੇ ਅਰਥ ਸਿਰਫ਼ 'ਮਾਲੀ ਜਦੋ-ਜਹਿਦ ਸੀ । ਮੈਂ ਤਿੰਨ ਸਾਲ ਲਾਹੌਰ ਵਿਹਲਾ ਫਿਰ ਕੇ, ਥਾਂ ਥਾਂ ਟਿਊਸ਼ਨਾਂ ਕਰ ਕੇ ਆਖ਼ਰ ਰੇਡੀਓ ਸਟੇਸ਼ਨ ਉਤੇ ਸੌ ਰੁਪਈਏ ਦੀ ਨੌਕਰੀ ਲਭ ਲੀਤੀ ਸੀ । ਅੰਮ੍ਰਿਤਾ ਕਿਹੜੀ ਜਦੋ-ਜਹਿਦ ਕਰ ਰਹੀ ਸੀ ?

ਉਹ ਕੁਝ ਸੋਚ ਕੇ ਬੋਲੀ, "ਮਾਲੀ ਜਦੋ-ਜਹਿਦ ।"

''ਜੇ ਤੁਹਾਨੂੰ ਵੀ ਮਾਲੀ ਪਰੇਸ਼ਾਨੀ ਹੈ ਤਾਂ ਇਕ ਆਮ ਆਦਮੀ ਨੂੰ ਕੀ ਹੈ ?" ਮੈਂ ਪਰੇਸ਼ਾਨ ਹੋ ਕੇ ਆਖਿਆ।

"ਮਾਲੀ ਪਰੇਸ਼ਾਨੀ, ਆਰਥਕ, ਸਮਾਜਕ, ਆਤਮਕ, ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਮੈਨੂੰ ਹਨ । ਪਰੇਸ਼ਾਨੀਆਂ ਦੇ ਝੁੰਡ ਦੇ ਝੁੰਡ ਉਡਦੇ ਨੇ ਮੇਰੇ ਦੁਆਲੇ । ਜਿੰਨੇ ਮਿਲਣ ਵਾਲੇ ਆਉ'ਦੇ ਨੇ, ਦੋ ਚਾਰ ਤੋਂ ਛੁਟ ਉਹ ਵੀ ਪਰੇਸ਼ਾਨੀਆਂ ਦੇ ਪਟਾਰੇ ਈ ਹੁੰਦੇ ਨੇ ।"

ਮੈਂ ਆਪਣੇ ਵਲ ਤਕਿਆ ।

"ਤੁਸੀਂ ਨਹੀਂ," ਉਸ ਆਖਿਆ।

"ਮੈਂ ਕੋਲ ਬੈਠਾ ਹਾਂ, ਸ਼ਾਇਦ ਇਸ ਲਈ ਮੇਰਾ ਲਿਹਾਜ਼ ਕਰ ਰਹੇ ਹੋ ?"

“ਨਹੀਂ ਇਹ ਗੱਲ ਨਹੀਂ । ਮੈਂ ਤਾਂ ਉਂਜ ਹੀ ਆਖ ਦਿਤਾ। ਅਸਲ ਵਿਚ ਅਜ ਕਲ ਮੈਂ ਕੁਝ ਖਿਝੀ ਖਿਝੀ ਰਹਿਨੀ ਆਂ। ਇਸ ਲਈ ਹਰ ਚੀਜ਼ ਜੋ ਅਗੇ ਆਉਂਦੀ ਹੈ ਕਈ ਵਾਰ ਉਸ ਨੂੰ ਆਪਣੇ ਗੁੱਸੇ ਦਾ ਨਿਸ਼ਾਨਾ ਬਨਾਉਣ ਨੂੰ ਜੀ ਕਰਦਾ ਹੈ । ਅਸਲ ਨਿਸ਼ਾਨੇ ਤੋਂ ਉੱਕ ਜਾਣ ਵਾਲੇ ਦਾ ਇਹੋ ਹਾਲ ਹੁੰਦਾ ਹੈ । ਮੈਨੂੰ ਇਉਂ ਲਗਦਾ ਹੈ ਜਿਵੇਂ ਮੈਂ ਨਿਸ਼ਾਨੇ ਤੋਂ ਉੱਕ ਗਈ ਆਂ। ਨਿਸ਼ਾਨਾ, ਮੰਜ਼ਲ, ਮੁੱਢ, ਅਖ਼ੀਰ—ਇਹਨਾਂ ਬਾਰੇ ਮੈਂ ਕਦੇ ਏਨਾ ਨਹੀਂ ਸੋਚਿਆ ਜਿੰਨਾ ਅਜ ਕਲ ਸੋਚ ਰਹੀ ਹਾਂ । ਬਹੁਤੇ ਸੋਚਣ ਨਾਲ ਬੀਮਾਰ ਹਾਂ ।

ਉਸ ਦਾ ਚਿਹਰਾ ਪੀਲਾ ਤੇ ਫਿਕਾ ਸੀ ਜਿਵੇਂ ਕਈ ਦਿਨਾਂ ਤੋਂ ਬੀਮਾਰ ਹੋਵੇ ।

“ਤੁਸੀਂ ਬੀਮਾਰ ਰਹੇ ਹੋ ?''

"ਹਾਂ, ਹੁਣ ਵੀ ਬੀਮਾਰ ਹਾਂ । ਹਰ ਚੀਜ਼ ਖੋਖਲੀ ਜਿਹੀ ਲਗਦੀ ਹੈ । ਕਈ ਵਾਰੀ ਇੰਜ ਲਗਦਾ ਹੈ ਕਿ ਕਵਿਤਾ ਲਿਖਣਾਂ ਵੀ ਐਵੇਂ ਮਨ-ਪਰਚਾਵਾ ਹੀ ਹੈ । ਕੀ ਪਿਆ ਏ ਇਸ ਵਿਚ ? ਮੈਂ ਆਪਣੀ ਪਿਛਲੀ ਕਵਿਤਾ ਉਤੇ ਝਾਤ ਮਾਰਦੀ ਆਂ - ਛੀ ਕਿਤਾਬਾਂ ! ਊਂਹ ! ਮੈਨੂੰ ਇਹਨਾਂ ਉਤੇ ਕੋਈ ਖ਼ਾਸ ਮਾਣ ਨਹੀਂ । ਪਤਾ ਨਹੀਂ ਕਿਵੇਂ ਲਿਖ ਮਾਰੀਆਂ ਐਨੀਆਂ ਕਵਿਤਾਵਾਂ । ਹੁਣ ਇਕ ਵੀ ਕਵਿਤਾ ਨਹੀਂ ਫੁਰਦੀ । ਜਿਵੇਂ ਮੈਂ ਖੜੋ ਕੇ ਸੋਚਣ ਲਗ ਪਈ ਹੋਵਾਂ, ਇਹ ਸਭ ਕੁਝ ਕੀ ਹੈ ? ਇਨਸਾਨ ਨੂੰ ਕਦੇ ਕਦੇ ਸੋਚਣ ਲਈ ਖੜੋ ਜਾਣਾ ਚਾਹੀਦਾ ਹੈ । ਅਜ ਕਲ ਮੈਂ ਖੜੋ ਗਈ ਹਾਂ । ਇਸੇ ਤਰ੍ਹਾਂ ਮੇਰੀ ਕਵਿਤਾ ਵੀ ਖੜੋ ਗਈ ਹੈ । ਜ਼ਿੰਦਗੀ ਕਿਤੇ ਰੁਕਦੀ ਨਹੀਂ, ਖੜੋਂਦੀ ਨਹੀਂ, ਦੌੜਦੀ ਰਹਿੰਦੀ ਹੈ । ਮੈਂ ਖੜੋ ਗਈ ਹਾਂ ਇਸੇ ਲਈ ਕੁਝ ਥੱਕੀ ਹੁਟੀ ਜਾਪਦੀ ਹਾਂ -ਮੁਆਫ਼ ਕਰਨਾ, ਮੈਂ ਕਿਹੜੀਆਂ ਗੱਲਾਂ ਲੈ ਬੈਠੀ ।"

ਮੈਂ ਵੇਖਿਆ ਅੰਮ੍ਰਿਤਾ ਵਿਚ ਬਕਾਵਟ ਸੀ । ਉਹਦੇ ਚਿਹਰੇ ਉਤੇ ਪਲਿਤਣ ਖਿੰਡੀ ਹੋਈ ਸੀ । ਉਸ ਦਾ ਚਿਹਰਾ ਖਿਚਿਆ ਹੋਇਆ ਸੀ ਜਿਵੇਂ ਕਿਸੇ ਚਖੂਟਿਉਂ ਤਨਾਵਾਂ ਨਾਲ ਉਸ ਦਾ ਸਾਰਾ ਵਜੂਦ ਕਸ ਦਿਤਾ ਹੋਵੇ । ਉਸ ਦੇ ਚਿਹਰੇ ਉਤੋਂ ਫ਼ਾਲਤੂ ਮਾਸ ਛਟ ਗਿਆ ਸੀ । ਸੋਚ ਵਿਚੋਂ ਫ਼ਾਲਤੂ ਗੱਲਾਂ ਛਣ ਗਈਆਂ ਸਨ । ਫ਼ਾਲਤੂ ਮਿਲਣੀਆਂ ਤੇ ਫ਼ਾਲਤੂ ਸੋਸ਼ਲ ਫ਼ਰਜ਼ਾਂ ਦੀਆਂ ਛਿਲਤਰਾਂ ਲਥ ਗਈਆਂ ਸਨ । "ਕਿੰਨਾ ਕੁਝ ਫ਼ਾਲਤੂ" ਝੜ ਗਿਆ ਸੀ । ਮੈਂ ਉਹਦੇ ਮਨ ਨੂੰ ਵੇਖ ਸਕਦਾ ਸਾਂ ਜੋ ਸੋਨੇ ਦੀ ਡਲੀ ਵਾਂਗ ਨਿਆਰੀਏ ਦੀ ਭੱਠੀ ਵਿਚ ਅੱਗ ਦੇ ਹੇਠ ਦਗ ਰਿਹਾ ਸੀ।

ਗੱਲਾਂ ਜ਼ਿੰਦਗੀ ਬਾਰੇ, ਸਮਾਜ ਬਾਰੇ, ਕਲਾਕਾਰ ਦੀ ਹੋਣੀ ਬਾਰੇ ਹੁੰਦੀਆਂ ਰਹੀਆਂ। ਵਿਚ ਵਿਚ ਕੋਈ ਔਟਲੀ ਗੱਲ ਵੀ ਉਧੜ ਪੈਂਦੀ । ਚਾਹ ਦਾ ਪਿਆਲਾ ਬਣਾਉਂਦੇ ਹੋਏ ਉਸ ਪੁਛਿਆ, ''ਤੁਹਾਨੂੰ ਪਿਆਜ਼ ਦੇ ਪਕੌੜੇ ਚੰਗੇ ਲਗਦੇ ਨੇ ਕਿ ਮਿਰਚਾਂ ਦੇ ?"

"ਮਿਰਚਾਂ ਦੇ ।"

"ਮਰਦ ਤਾਂ ਮਿਰਚਾਂ ਤੋਂ ਕਤਰਾਉਂਦੇ ਨੇ । ਤੁਸੀਂ ਮਿਰਚਾਂ ਕਿਵੇਂ ਖਾ ਲੈਂਦੇ ਹੋ ?’ "ਨਿਕਿਆਂ ਹੁੰਦਿਆਂ ਮੈਂ ਮਾਂ ਦੀਆਂ ਕੌੜੀਆਂ ਗਾਲ੍ਹਾਂ ਖਾਧੀਆਂ ਹਨ। ਇਹ ਮਿਰਚਾਂ ਉਹਨਾਂ ਨਾਲੋਂ ਵਧੇਰੇ ਕੌੜੀਆਂ ਨਹੀਂ । ਭਲਾ ਤੁਹਾਨੂੰ ਮਿਰਚਾਂ ਕਿਉਂ ਸੁਆਦ ਲਗਦੀਆਂ ਨੇ ?"

'ਇਸ ਕਰ ਕੇ ਕਿ ਮੈਂ ਐਨੀਆਂ ਮਿੱਠੀਆਂ ਚੀਜ਼ਾਂ ਖਾਧੀਆਂ ਨੇ ਕਿ ਹੁਣ ਕੌੜੀ ਚੀਜ਼ ਚੰਗੀ ਲਗਦੀ ਏ । ਇਸੇ ਤਰ੍ਹਾਂ ਪ੍ਰਸੰਸਾ ਦਾ ਹਾਲ ਹੈ । ਮੈਨੂੰ ਬਹੁਤੀ ਪ੍ਰਸੰਸਾ ਚੰਗੀ ਨਹੀਂ ਲਗਦੀ । ਇਕ ਦੂਜੇ ਦੀ ਪ੍ਰਸੰਸਾ ਨਾਲ ਆਦਮੀ ਦੀ ਗੱਲ ਦਾ ਪੱਧਰ ਇਕ ਖ਼ਾਸ ਸਤਹ ਤੋਂ ਉਪਰ ਨਹੀਂ ਉਠਦਾ । ਮੁਹੱਬਤ ਤੇ ਨਫ਼ਰਤ - ਜਜ਼ਬਿਆਂ ਦੀਆਂ ਦੋ ਸਿਖਰਾਂ, ਦੋ ਡੂੰਘਾਣਾਂ - ਜ਼ਿੰਦਗੀ ਦਾ ਸਿੱਧ ਪੁਠ ਦਿਖਾਉਂਦੀਆਂ ਹਨ !''

"ਤੁਸੀਂ ਮੁਹੱਬਤ ਵਿਚ ਯਕੀਨ ਰਖਦੇ ਹੋ ਕਿ ਨਫ਼ਰਤ ਵਿਚ ?"

''ਨਫ਼ਰਤ ਵੀ ਇਤਨੀ ਨਫ਼ਰਤ ਯੋਗ ਚੀਜ਼ ਨਹੀਂ । ਮੁਹੱਬਤ ਦਾ ਪੁੱਠਾ ਪਾਸਾ ਹੀ ਤਾਂ ਹੈ । ਫੁਲਕਾਰੀ ਦਾ ਸਿੱਧਾ ਪਾਸਾ ਮੁਹੱਬਤ, ਤੇ ਪੁੱਠਾ ਪਾਸਾ - ਜਿਥੇ ਤੁਹਾਨੂੰ ਟਾਂਕੇ ਸੀਊਣਾਂ ਨਜ਼ਰ ਆਉਣ, ਨਫ਼ਰਤ ਹੈ । ਕਈ ਕੁੜੀਆਂ ਫੁਲਕਾਰੀ ਨੂੰ ਸਿਧੇ ਪਾਸਿਉਂ ਕਢਦੀਆਂ ਨੇ, ਤੇ ਕਈ ਪੁੱਠੇ ਪਾਸਿਉਂ ।"

"ਤੁਸੀਂ ਕਵਿਤਾ ਦੀ ਫੁਲਕਾਰੀ ਕਿਹੜੇ ਪਾਸਿਉਂ ਕਢਦੇ ਹੋ ?''

"ਅਜ ਕਲ ਮੈਂ ਇਸ ਫੁਲਕਾਰੀ ਨੂੰ ਪੁਠੇ ਪਾਸਿਉਂ ਕਢ ਰਹੀ ਹਾਂ, ਨਫ਼ਰਤ ਦੀ ਸੂਈ ਨਾਲ ।"

ਉਸ ਦਾ ਮੂੰਹ ਹੋਰ ਵੀ ਖਿਚਿਆ ਗਿਆ ਤੇ ਉਸ ਦਾ ਨੱਕ ਸੂਈ ਵਾਂਗ ਤਿੱਖਾ ਤਿਖਾ ਜਾਪਣ ਲਗਾ ।

ਅਸੀਂ ਦੋ ਘੰਟੇ ਬੈਠੇ ਰਹੇ । ਚਾਹ ਠੰਢੀ ਹੋ ਗਈ। ਉਸ ਫਿਰ ਚਾਹ ਮੰਗਵਾਈ । ਮੈਂ ਚਾਹ ਨੂੰ ਕਦੇ ਨਾਂਹ ਨਹੀਂ ਕਰਦਾ । ਮੇਰੀ ਵਜ੍ਹਾ ਨਾਲ ਉਸ ਨੂੰ ਵੀ ਕਈ ਪਿਆਲੇ ਪੀਣੇ ਪਏ ।

ਮੈਂ ਆਖਿਆ, "ਅੱਜ ਐਬਟ ਰੋਡ ਉਤੇ ਦੋ ਛਰੇ ਵਜੇ । ਦੋ ਆਦਮੀ ਮਾਰੇ ਗਏ ਕਈ ਦੋਸਤ ਲਾਹੌਰ ਛਡਣ ਦੀ ਸੋਚ ਰਹੇ ਹਨ । ਫ਼ਸਾਦਾਂ ਵਿਚ ਤੁਸੀਂ ਕਿਥੇ ਜਾਉਗੇ ?’

"ਕਿਤੇ ਵੀ ਨਹੀਂ ।"

“ਕਿਥੇ ਰਹੋਗੇ ?"


"ਲਾਹੌਰ ਹੀ । ਫਿਰ ਫ਼ਸਾਦ ਤਾਂ ਕੁਝ ਇਨਸਾਨਾਂ ਦਾ ਪਾਗਲਪਣ ਹੈ । ਨਫ਼ਰਤ ਦਾ ਫੋੜਾ ਫਿਸ ਗਿਆ ਹੈ, ਭੈੜਾ ਗੰਦਾ ਖੂਨ ਵਗ ਰਿਹਾ ਹੈ। ਇਸ ਪਿਛੋਂ ਆਰਾਮ ਆ ਜਾਵੇਗਾ । ਮੈਂ ਲਾਹੌਰ ਨਹੀਂ ਛੱਡਾਂਗੀ। ਲਾਹੌਰ ਨਾਲ ਮੇਰੀਆਂ ਬਹੁਤ ਸਾਰੀਆਂ ਯਾਦਾਂ ਸਬੰਧਤ ਹਨ । ਏਥੋਂ ਦੀਆਂ ਗਲੀਆਂ ਦੇ ਮੋੜ, ਅਨਾਰਕਲੀ, ਰਾਵੀ, ਲਾਰੈਂਸ ਬਾਗ਼ ਹਰ ਚੀਜ਼ ਨਾਲ ਮੈਨੂੰ ਪਿਆਰ ਹੈ । ਲਾਹੌਰ ਛੱਡ ਕੇ ਮੈਂ ਨਹੀਂ ਜਾਵਾਂਗੀ ।’

ਆਥਣ ਡੂੰਘੀ ਹੋ ਗਈ। ਅਨਾਰਕਲੀ ਵਿਚ ਬਿਜਲੀ ਦੇ ਲਾਟੂ ਬਲ ਉਠੇ । ਮੈਂ ਜਾਣ ਲਈ ਖੜਾ ਹੋ ਗਿਆ ।

''ਚੰਗਾ ਫਿਰ ਕਦੀ ਮਿਲੇ ਤਾਂ ਕਵਿਤਾ ਸੁਣਾਵਾਂਗੀ। ਹਾਲ ਦੀ ਘੜੀ ਮੇਰੇ ਕੋਲ ਕੋਈ ਚੰਗੀ ਕਵਿਤਾ ਨਹੀਂ," ਉਸ ਅਲਵਿਦਾ ਆਖੀ।

ਫ਼ਸਾਦਾਂ ਦਾ ਜ਼ੋਰ ਵਧਦਾ ਗਿਆ । ਲੋਕ ਲਾਹੌਰ ਛਡ ਛਡ ਦੌੜਨ ਲਗੇ । 12 ਅਗਸਤ ਨੂੰ ਮੈਂ ਵੀ ਲਾਹੌਰੋਂ ਆ ਗਿਆ । ਬਠਿੰਡੇ ਆਇਆ ਤਾਂ ਉਥੇ ਵੀ ਫ਼ਸਾਦਾਂ ਦੀ ਅੱਗ । ਜਦ ਇਹ ਅੱਗ ਰਤਾ ਮੱਠੀ ਪਈ ਤਾਂ ਦਿੱਲੀ ਆ ਗਿਆ। ਰੇਡੀਓ ਉਤੇ ਕੰਮ ਕਰਨ ਲੱਗਾ ।

ਕੁਝ ਮਹੀਨਿਆਂ ਪਿਛੋਂ ਮੈਨੂੰ ਡੇਹਰਾਦੂਨ ਜਾਣ ਦਾ ਇਤਫ਼ਾਕ ਹੋਇਆ । ਮਿਲਟਰੀ ਵਿਚ ਮੇਰੇ ਇਕ ਦੋਸਤ ਸਨ ਜਿਨ੍ਹਾਂ ਨੂੰ ਪੰਜਾਬੀ ਸਾਹਿਤ ਨਾਲ ਪਿਆਰ ਸੀ । ਮੈਂ ਉਹਨਾਂ ਕੋਲ ਠਹਿਰਿਆ ਹੋਇਆ ਸਾਂ । ਡੇਹਰਾਦੂਨ ਦੇ ਇਰਦ ਗਿਰਦ ਬਾਗ਼ਾਂ ਤੇ ਖੇਤਾਂ ਦਾ ਵਿਸ਼ਾਲ ਦ੍ਰਿਸ਼ ਹੈ, ਨਾਲ ਲਗਦੀਆਂ ਪਹਾੜੀਆਂ। ਉਹਨਾਂ ਆਖਿਆ, "ਅਜ ਪਿਕਨਿਕ ਤੇ ਚਲਾਂਗੇ ।"

ਮੈਨੂੰ ਇਹ ਤਜਵੀਜ਼ ਪਸੰਦ ਆਈ ।

ਉਹਨਾਂ ਆਖਿਆ, “ਅੰਮ੍ਰਿਤਾ ਪ੍ਰੀਤਮ ਏਥੇ ਰਹਿ ਰਹੀ ਹੈ। ਜੇ ਉਹਨਾਂ ਨੂੰ ਬੁਲਾ ਲਿਆ ਜਾਵੇ ਤਾਂ ਕਵਿਤਾ ਦਾ ਮਜ਼ਾ ਈ ਆ ਜਾਵੇ ।"

"ਉਹ ਏਥੇ ਹਨ ?"

"ਤੁਹਾਨੂੰ ਉਹਨਾਂ ਦੇ ਮਕਾਨ ਦਾ ਪਤਾ ਏ ?"

" ।"

"ਪਹਿਲਾਂ ਉਧਰ ਹੀ ਚਲੀਏ । ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਹਾਂ ।"

ਉਹਨਾਂ ਜੀਪ ਅੰਮ੍ਰਿਤਾ ਦੇ ਘਰ ਵਲ ਮੋੜੀ । ਦੂਰ ਇਕ ਗ਼ੈਰ-ਆਬਾਦ ਇਲਾਕੇ ਵਿਚ ਇਕ ਨਿੱਕਾ ਜਿਹਾ ਦੋ-ਮੰਜ਼ਲਾ ਪੱਕਾ ਮਕਾਨ ਸੀ । ਹੇਠਾਂ ਕੋਈ ਦੁਕਾਨਦਾਰ ਸੀ।

ਮੈਂ ਉਸ ਨੂੰ ਪੁਛਿਆ, "ਏਥੇ ਅੰਮ੍ਰਿਤਾ ਪ੍ਰੀਤਮ ਰਹਿੰਦੀ ਐ ?"

"ਆਪ ਕਿਸੇ ਪੂਛਤੇ ਹੈਂ ਸਾਹਬ ?" ਉਸ ਪੂਰਬੀ ਵਿਚ ਪੁਛਿਆ।

"ਅੰਮ੍ਰਿਤਾ ਪ੍ਰੀਤਮ - ਵਹ ਲੇਖਿਕਾ ਹੈਂ, ਕਵੀ –" 11

"ਯਹਾਂ ਤੋ ਏਕ ਸਰਦਾਰ ਸਾਹਬ ਰਹਿਤੇ ਹੈਂ," ਉਸ ਰੱਖੇ ਲਹਿਜ਼ੇ ਵਿਚ ਗੱਲ ਮੁਕਾਈ ।

ਮੈਂ ਆਖਿਆ, "ਠੀਕ !’’

ਉਪਰ ਪੌੜੀਆਂ ਚੜ੍ਹ ਕੇ ਬੂਹਾ ਖਟਖਟਾਇਆ ।

ਅੰਮ੍ਰਿਤਾ ਨੇ ਬੂਹਾ ਖੋਲ੍ਹਿਆ । ਉਸ ਇਕ ਨਿੱਕਾ ਝੱਗਾ ਪਾਇਆ ਹੋਇਆ ਸੀ ।

ਸਿਰ ਉਤੇ ਚੁੰਨੀ ਨਹੀਂ ਸੀ । ਹੱਥ ਦਾਲ ਨਾਲ ਲਿਬੜੇ ਹੋਏ ਸਨ । ਸ਼ਾਇਦ ਉਹ ਮਾਂਹ ਦੀ ਦਾਲ ਧੋ ਰਹੀ ਸੀ ।

ਮੈਨੂੰ ਵੇਖ ਕੇ ਉਹ ਹੈਰਾਨ ਹੋਈ, "ਆਉ ।"

ਮੈਂ ਆਖਿਆ, "ਕਲ੍ਹ ਹੀ ਆਇਆ ਸਾਂ । ਪਤਾ ਲਗਾ ਤੁਸੀਂ ਏਥੇ ਹੋ, ਇਸ ਲਈ ਮਿਲਣ ਆ ਗਿਆ । ਅਜ ਏਥੇ ਇਕ ਪਿਕਨਿਕ ਪਾਰਟੀ ਹੈ। ਸ਼ਾਇਦ ਕੁਝ ਕਵਿਤਾ ਦਾ ਪਰੋਗਰਾਮ ਵੀ ਹੋਵੇ । ਚਲ ਸਕੋਗੇ ?"

ਇਤਨੇ ਵਿਚ ਇਕ ਨਿੱਕਾ ਜਿਹਾ ਬਾਲ ਆ ਕੇ ਉਸ ਦੀਆਂ ਲੱਤਾਂ ਨੂੰ ਪਲਚ ਗਿਆ ।ਅੰਮ੍ਰਿਤਾ ਨੇ ਹਥ ਛੱਡੇ ਜਿਨ੍ਹਾਂ ਉਤੇ ਧੋਤੀ ਦਾਲ ਦੇ ਦਾਣੇ ਹਾਲੇ ਤੀਕ ਜੰਮੇ ਹੋਏ ਸਨ, ਤੇ ਬੱਚੇ ਨੂੰ ਗੋਦੀ ਵਿਚ ਲੈਂਦੇ ਹੋਏ ਆਖਿਆ, “ਮੇਰੀ ਕਵਿਤਾ ਤਾਂ ਏਹੋ ਹੈ । ਏਥੇ ਘਰ ਈ ਕਵੀ ਦਰਬਾਰ ਲਗਿਆ ਰਹਿੰਦਾ ਹੈ । ਮੈਂ ਨਾ ਚਲ ਸਕਾਂਗੀ ਭਾਵੇਂ ਜੀ ਬੜਾ ਕਰਦਾ ਐ ਕਿ ਚੱਲਾਂ ਤੇ ਦਿੱਲੀ ਵਿਚ ਵਸਦੇ ਹੋਏ ਦੋਸਤਾਂ ਬਾਰੇ ਪੁਛਾਂ ਤੇ ਲਾਹੌਰ ਦੀਆਂ ਕੁਝ ਗੱਲਾਂ ਕਰਾਂ ।’

"ਤੁਸੀਂ ਲਾਹੌਰੋਂ ਕਦੋਂ ਆਏ ?"

"ਜਦ ਤੁਸੀਂ ।"

H

ਮੈਨੂੰ ਪੀੜ੍ਹੀ ਦੇ ਕੇ ਉਸ ਬੱਚੇ ਨੂੰ ਗੋਦੀ ਵਿਚ ਪਾ ਲਿਆ ਤੇ ਦਾਲ ਮਲਣ ਲੱਗ ਪਈ।

"ਮੇਰੇ ਦੋਸਤ ਮੈਨੂੰ ਉਡੀਕ ਰਹੇ ਹਨ । ਮੈਂ ਚਲਦਾਂ ।’

"ਜੇ ਵਿਹਲ ਮਿਲੇ ਤਾਂ ਆਉਣਾ ।"

"ਅੱਛਾ ।"

"ਕਦ ਆਉਗੇ ?"

"ਕਲ੍ਹ ਆਵਾਂਗਾ ।" ਤੇ ਮੈਂ ਚਲਾ ਆਇਆ ।

ਦੂਜੇ ਦਿਨ ਉਸ ਨੂੰ ਮਿਲਣ ਗਿਆ। ਉਸ ਲਾਹੌਰ ਦੇ ਸਾਰੇ ਦੋਸਤਾਂ ਬਾਰੇ ਪੁਛਿਆ । ਕੌਣ ਕਿਥੇ ਐ? ਅਚਲਾ ਸਚਦੇਵ ਰੇਡੀਓ ਸਟੇਸ਼ਨ ਉਤੇ ਕੰਮ ਕਰਦੀ ਹੈ । ਸਰਦਾਰ ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਮਹਿਰੌਲੀ ਆ ਗਏ ਹਨ । ਹਰਚਰਨ ਸਿੰਘ ਨੇ ਪੰਜਾਬ ਕਾਲਜ ਖੋਹਲ ਕੇ ਮੁੰਡਿਆਂ ਨੂੰ ਗਿਆਨੀ ਪੜ੍ਹਾਉਣ ਦਾ ਕੰਮ ਸ਼ੁਰੂ ਕਰ ਲਿਆ ਹੈ । ਸਭ ਦਿੱਲੀ ਵੱਸ ਗਏ ਹਨ, ਜਾਂ ਸਮਝੋ ਦਿੱਲੀ ਇਹਨਾਂ ਲੋਕਾਂ ਨਾਲ ਵਸ ਗਈ ਹੈ । ਪ੍ਰਿੰਸੀਪਲ ਤੇਜਾ ਸਿੰਘ ਬੰਬਈ ਹਨ । ਸੁਰਿੰਦਰ ਕੌਰ ਦਾ ਵਿਆਹ ਹੋ ਗਿਆ ਹੈ । ਜੀਵਨ ਸਿੰਘ ਜੌਲੀ ਲਾਹੌਰ ਬੁਕ ਸ਼ਾਪ ਨੂੰ ਲੁਧਿਆਣੇ, ਲੈ ਆਇਆ ਹੈ ।

ਉਹ ਹੱਸੀ, "ਲਾਹੌਰ ਬੁਕ ਸ਼ਾਪ ! ਯਾਨੀ ਪਹਿਲੇ ਤਾਂ ਉਸ ਲਾਹੌਰ ਨੂੰ ਬੁਕ ਸ਼ਾਪ ਵਿਚ ਬੰਦ ਕੀਤਾ । ਫੇਰ ਇਸ ਨੂੰ ਉਹ ਚੌਂਕ ਘੰਟਾ ਘਰ ਵਿਚ ਲੈ ਆਇਆ । ਸ਼ਹਿਰ ਕਿਹੜਾ ਫੁਲ ਬੂਟੇ ਹਨ ਜਿਨ੍ਹਾਂ ਨੂੰ ਇਸ ਧਰਤੀ ਤੋਂ ਪੁਟ ਕੇ ਉਥੇ ਲਾ ਦਿਓ। ਸ਼ਹਿਰ ਤੇ ਦਰਿਆ ਪੱਟੇ ਨਹੀਂ ਜਾ ਸਕਦੇ । ਬਸ ਅਸੀਂ ਇਹਨਾਂ ਸ਼ਹਿਰਾਂ ਦੀ ਯਾਦ ਚੁੱਕੀ ਫਿਰਦੇ ਹਾਂ । ਇਥੇ ਵੀ ਦੋ ਰਿਫ਼ਿਊਜੀਆਂ ਨੇ “ਰਾਵਲਪਿੰਡੀ ਟੇਲਰਿੰਗ ਹਾਊਸ' ਤੇ "ਪਿਸ਼ੋਰ ਹੋਟਲ" ਖੋਹਲ ਲਏ ਹਨ । ਅੱਛਾ, ਤੁਸੀਂ ਅਜ ਕਲ ਦਿੱਲੀ ਹੋ ?’

‘“ਹਾਂ । ਤੁਸੀਂ ਏਥੇ ਇਕ ਪਾਸੇ ਆ ਕੇ ਕਿਉਂ ਰਹਿ ਰਹੇ ਹੋ । ਦਿੱਲੀ ਕਿਉਂ ਨਹੀਂ ਆਉਂਦੇ ?"

ਉਹ ਇਕ ਉਦਾਸ ਹਾਸੀ ਹੱਸੀ, “ਕਿਉਂ ਨਹੀਂ ਆਉਂਦੇ ! ਹਾ ਹਾ !’

“ਕਿਉਂ ਨਹੀਂ ।"

"ਕਿਹੜਾ ਪੰਛੀਆਂ ਵਾਂਗ ਉਡ ਕੇ ਆ ਸਕਦੇ ਹਾਂ। ਇਸ ਲਈ ਇਕ ਚੀਜ਼ ਜਿਸ ਨੂੰ 'ਘਰ' ਆਖੀਦਾ ਹੈ, ਦੀ ਲੋੜ ਹੈ । ਘਰ ! ਤੇ ਫਿਰ ਰੋਜ਼ਗਾਰ । ਤੁਸੀਂ ਆਪਣਾ ਘਰ ਸਾਨੂੰ ਦੇ ਦਿਉ, ਅਸੀਂ ਆ ਜਾਵਾਂਗੇ । ਨਾਲੇ ਕੋਈ ਨੌਕਰੀ '

"ਤੁਹਾਨੂੰ ਨੌਕਰੀ ਦੀ ਲੋੜ ਹੈ ?"

"ਕਿਉਂ ਨਹੀਂ ।"

"विषे ?"

"ਮੈਨੂੰ ਤਾਂ ਰੇਡੀਓ ਦਾ ਹੀ ਤਜਰਬਾ ਹੈ ਜਾਂ ਕਵਿਤਾ ਲਿਖਣ ਦਾ । ਕਵਿਤਾ ਨੂੰ ਕੋਈ ਨਹੀਂ ਪੁਛਦਾ । ਇਥੇ ਡੇਹਰਾਦੂਨ ਵਿਚ ਲੀਚੀ ਵਿਕਦੀ ਹੈ ਜਾਂ ਟੀਂਡੇ - ਕਵਿਤਾ ਨਹੀਂ ਵਿਕਦੀ ।"

"ਅਜ ਕਲ ਕੀ ਲਿਖ ਰਹੇ ਹੋ ?"

“ਢੇਰ ਸਾਰੀਆਂ ਕਵਿਤਾਵਾਂ । ਇਕੱਲੀ ਰਹਿਨੀ ਆਂ । ਸਰਦਾਰ ਜੀ ਕੰਮ ਉਤੇ ਜਾਂਦੇ ਹਨ । ਪਿਛੋਂ ਘਰ ਦਾ ਸਾਰਾ ਕੰਮ ਕਾਜ ਮੈਂ ਕਰਦੀ ਹਾਂ । ਜਦ ਬੱਚੇ ਸੌਂ ਜਾਦੇ ਹਨ ਤਾਂ ਮੈਂ ਉਹਨਾਂ ਦੇ ਮੂੰਹ ਵਲ ਤੱਕਦੀ ਰਹਿੰਦੀ ਹਾਂ, ਸੋਚਦੀ ਰਹਿੰਦੀ ਹਾਂ, ਸੁਫ਼ਨੇ ਗੁੰਦਦੀ ਰਹਿੰਦੀ ਹਾਂ ਤੇ ਕਵਿਤਾ ਲਿਖਦੀ ਹਾਂ - ਜਿਵੇਂ ਕੋਈ ਫੁਲਕਾਰੀ ਕਢ ਰਿਹਾ ਹੋਵੇ । ਮੇਰੇ ਖ਼ਿਆਲ ਵਿਚ ਸਾਡੇ ਪਿੰਡਾਂ ਦੀਆਂ ਕੁੜੀਆਂ ਫੁਲਕਾਰੀ ਕਢਦੀਆਂ ਹੋਈਆਂ ਇਸੇ ਤਰ੍ਹਾਂ ਸੁਫ਼ਨੇ ਤਕਦੀਆਂ ਹੋਣਗੀਆਂ ਤੇ ਗੀਤ ਗਾਉਂਦੀਆਂ ਹੋਣਗੀਆਂ ।"

"ਅਜ ਕਲ੍ਹ ਕਿਹੜੀ ਸੂਈ ਨਾਲ ਫੁਲਕਾਰੀ ਕਢਦੇ ਹੋ ?’

"ਨਫ਼ਰਤ ਨਾਲ ਨਹੀਂ । ਨਫ਼ਰਤ ਮੈਨੂੰ ਹੋਰ ਚੀਜ਼ਾਂ ਨਾਲ ਹੈ ।"

"ਮਸਲਨ?"

"ਇਕ ਤਾਂ ਮੈਨੂੰ ਨਫ਼ਰਤ ਨਾਲ ਨਫ਼ਰਤ ਹੈ, ਦੂਜੇ-"

"ਦੂਜੇ?"

“ਫ਼ਸਾਦਾਂ ਨਾਲ । ਫ਼ਸਾਦਾਂ ਨੇ ਮੇਰੇ ਮਨ ਉਤੇ ਬਹੁਤ ਡੂੰਘਾ ਅਸਰ ਪਾਇਆ ਹੈ— ਜਿਵੇਂ ਕਿਸੇ ਤਿੱਖੇ ਚਾਕੂ ਨਾਲ ਮੇਰੇ ਮਨ ਉਤੇ ਸਿਆੜ ਕਢ ਦਿਤਾ ਹੋਵੇ, ਲਹੂ ਦੀ ਭਰੀ ਸਿਆੜ ।"

"ਕੁਝ ਸੁਣਾਉਗੇ ?"

ਉਸ ਚੁੱਲ੍ਹੇ ਉਤੇ ਪਾਣੀ ਦੀ ਕੇਤਲੀ ਰੱਖ ਦਿਤੀ ਤੇ ਟਰੰਕੀ ਵਿਚੋਂ ਕਾਗ਼ਜ਼ਾਂ ਦਾ ਥੱਬਾ ਕਢਿਐ ।

"ਇਹ ਸਭ ਕਵਿਤਾਵਾਂ ਹਨ ?'"

"ਹਾਂ !" ਉਹ ਵਰਕੇ ਫੋਲਣ ਲੱਗੀ ਤੇ ਵਰਕਿਆਂ ਨੂੰ ਜੋੜ ਕੇ ਉਸ ਪੜ੍ਹਨਾ ਸ਼ੁਰੂ

रोग :

ਅਜ ਆਖਾਂ ਵਾਰਸ ਸ਼ਾਹ ਨੂੰ ਕਿਤੇ ਕਬਰਾਂ ਵਿਚੋਂ ਬੋਲ ! ਤੇ ਅਜ ਕਿਤਾਬੇ ਇਸ਼ਕ ਦਾ, ਕੋਈ ਅਗਲਾ ਵਰਕਾ ਫੋਲ ।

ਕਵਿਤਾ ਮਿਰਜ਼ੇ ਦੀ ਤਰਜ਼ ਉਤੇ ਸੀ । ਲੰਮੀ ਹੇਕ ਸੀ, ਜਿਵੇਂ ਕੋਈ ਉੱਚੀ ਉੱਚੀ

ਲਲਕਾਰ ਭਰੇ ਤਰਲੇ ਕਢ ਰਿਹਾ ਹੋਵੇ :

ਗਲਿਉਂ ਟੁਟੇ ਗੀਤ ਫਿਰਦੇ ਨਾਲ ਸੀ

ਤ੍ਰਕਲਿਉਂ ਟੁੱਟੀਆਂ ਤ੍ਰਿੰਞਣੋਂ ਟੁੱਟੀਆਂ ਸਹੇਲੀਆਂ

ਚਰਖੜੇ ਘੁਕਰ घर ।

ਉਹ ਕਵਿਤਾ ਪੜ੍ਹ ਰਹੀ ਸੀ, ਉਸ ਦੇ ਮੂੰਹ ਉਤੇ ਕਵਿਤਾ ਵਿਚ ਉਤਰਦਿਆਂ ਚਿਤਰਾਂ ਦੇ ਪਰਛਾਵੇਂ ਸਨ । ਇਕ ਕਵਿਤਾ ਪਿਛੋਂ ਦੂਜੀ ਕਵਿਤਾ, ਦੂਜੀ ਪਿਛੋਂ ਤੀਜੀ । ਉਸ ਨਫ਼ਰਤ ਦਾ ਗੀਤ ਸੁਣਾਇਆ। ਪ੍ਰੀਤ ਦੇ ਕੂਲੇ ਮੂੰਹ ਉਤੇ ਨਫ਼ਰਤ ਦੇ ਦਾਗ਼ ਹਨ।

ਮਜ਼ਹਬ ਦੇ ਮੱਥੇ ਤੋਂ ਕੌਣ ਧੋਏਗਾ ਖ਼ੂਨ ?

ਇਸ ਤੋਂ ਪਹਿਲਾਂ ਮੈਂ 'ਬਦਲਾਂ ਦੇ ਪੱਲੇ ਵਿਚ' ਤੇ 'ਸੰਝ ਦੀ ਲਾਲੀ' ਵਿਚ ਕੁਝ ਕਵਿਤਾਵਾਂ ਨੂੰ ਸਲਾਹਿਆ ਸੀ । 'ਅੰਮੜੀ ਦਾ ਵਿਹੜਾ' 'ਤ੍ਰਿੰਞਣ' 'ਹਰੀਆਂ ਗੋਲ੍ਹਾਂ' 'ਧੂੰਆਂ' ਵਿਚ ਨਵੀਂ ਆਉਂਦੀ ਸ਼ਾਇਰੀ ਦੀਆਂ ਤੁਰੀਆਂ ਫੁੱਟ ਰਹੀਆਂ ਸਨ । ਪਹਿਲੀਆਂ ਕਵਿਤਾਵਾਂ ਦਾ ਪੱਧਰ ਇਹ ਨਹੀਂ ਸੀ, ਉਹਨਾਂ ਵਿਚ ਉਸ ਮਨ ਦਾ ਪਰਛਾਵਾਂ ਨਹੀਂ ਸੀ ਪੈਂਦਾ ਜਿਸ ਵਿਚੋਂ ਸਾਨੂੰ ਜੀਵਨ-ਗਿਆਨ, ਦਖ਼ ਦਰਦ ਤੇ ਪਿਆਰ ਦੀਆਂ ਝਾਕੀਆਂ ਮਿਲਦੀਆਂ ਹਨ ।

ਉਸ ਕਵਿਤਾ ਦੀਆਂ ਕਾਪੀਆਂ ਇਕ ਪਾਸੇ ਰਖ ਦਿਤੀਆਂ। ਚਾਹ ਦੀ ਕੇਤਲੀ ਉਬਲ ਉਬਲ ਕੇ ਝੱਲੀ ਹੋ ਗਈ ਸੀ।

"ਇਸ ਵਿਚ ਕੁਝ ਪਾਣੀ ਰਹਿ ਵੀ ਗਿਆ ਐ ?" ਮੈਂ ਪੁਛਿਆ ।

ਉਸ ਢਕਣਾ ਲਾਹਿਆ । ਭਾਫ਼ਾਂ ਦੇ ਭਬਕੇ ਉਠੇ । ਕੇਤਲੀ ਵਿਚੋਂ ਅਧੇ ਤੋਂ ਵਧ ਪਾਣੀ ਉੱਡ ਗਿਆ ਸੀ ।

"ਫੇਰ?"

"ਹੁਣ ਚਾਹ ਦੀ ਕੀ ਲੋੜ ਐ ?'' ਮੈਂ ਆਖਿਆ,

'ਮਸਖ਼ਰੀ ਕਰਦੇ ਓ ? ਮੈਂ ਚਾਹ ਬਣਾਉਂਦੀ ਆਂ ।’

ਤੇ ਉਸ ਕੇਤਲੀ ਫਿਰ ਰੱਖੀ ।

"ਤੁਸੀਂ ਦਿੱਲੀ ਕਿਉਂ ਨਹੀਂ ਆਉਂਦੇ ?" ਮੈਂ ਪੁਛਿਆ ।

"ਆਖਿਆ ਤਾਂ ਹੈ ਜੇ ਉਥੇ ਕੋਈ ਥਾਂ ਹੈ ਤਾਂ ਮੈਂ ਜ਼ਰੂਰ ਆ ਜਾਵਾਂਗੀ ।"

ਕੁਝ ਮਹੀਨਿਆਂ ਪਿਛੋਂ ਅੰਮ੍ਰਿਤਾ ਦਿੱਲੀ ਆ ਗਈ। ਮੈਨੂੰ ਪਤਾ ਲਗਿਆ ਕਿ ਉਸ ਦੇ ਪਤੀ ਸਰਦਾਰ ਪ੍ਰੀਤਮ ਸਿੰਘ ਨੂੰ ਸਦਰ ਬਾਜ਼ਾਰ ਵਿਚ ਦੁਕਾਨ ਮਿਲ ਗਈ ਸੀ । ਅੰਮ੍ਰਿਤਾ ਨੇ ਰੇਡੀਓ ਉਤੇ ਪੰਜਾਬੀ ਪਰੋਗਰਾਮ ਵਿਚ ਕੰਮ ਲੈ ਲਿਆ ।

ਪਿਛਲੇ ਤੇਰਾਂ ਸਾਲ · ਤੋਂ ਉਹ ਗੀਤਾਂ, ਟੱਪੇ, ਫ਼ੀਚਰ, ਕਵਿਤਾ ਤੇ ਦਿੱਲੀ ਹੀ ਹੈ। ਉਸ ਪੰਜਾਬੀ ਪਰੋਗਰਾਮ ਵਿਚ ਹੋਰਨਾਂ ਚੀਜ਼ਾਂ ਨੂੰ ਸੁਆਦਲਾ ਬਣਾਇਆ । ਉਸ ਢੇਰ ਗੀਤ ਲਿਖੇ ਹਨ। ਕਵਿਤਾਵਾਂ, ਕਹਾਣੀਆਂ, ਨਾਵਲ ।

ਫ਼ਸਾਦਾਂ ਵਿਚ ਲਾਹੌਰ ਉਸ ਦਾ ਘਰ ਲੁਟਿਆ ਗਿਆ । ਉਸ ਦੀਆਂ ਕਿਤਾਬਾਂ, ਖਰੜੇ, ਮਸੌਦੇ ਤੇ ਹੋਰ ਕਈ ਬਹੁ-ਮੂਲੀਆਂ ਵਸਤਾਂ ਉਥੇ ਹੀ ਰਹਿ ਗਈਆਂ, ਪਰ ਉਸ ਲਾਹੌਰ ਤੋਂ ਢੇਰ ਸਾਰਾ ਪਿਆਰ ਤੇ ਦਰਦ ਲੈ ਆਂਦਾ । ਵਡੇ ਵਡੇ ਠੇਕੇਦਾਰਾਂ, ਦੁਕਾਨਦਾਰਾਂ ਨੇ ਦਿੱਲੀ ਆ ਕੇ ਮਕਾਨ ਤੇ ਪਲਾਟ ਆਪਣੇ ਨਾਂ ਅਲਾਟ ਕਰਾਏ । ਅੰਮ੍ਰਿਤਾ ਨੇ ਸਿਰਫ਼ ਪਿਆਰ ਤੇ ਦਰਦ ਆਪਣੇ ਨਾਂ ਅਲਾਟ ਕਰਾਇਆ ।

“ਕਣਕਾਂ ਦਾ ਗੀਤ" ਮੈਂ ਪੰਜਾਬ ਦੇ ਕਲਚਰਲ ਸੁਕਾਇਡ ਨੂੰ ਸਟੇਜ ਉਤੇ ਖੇਡਦਿਆਂ ਤਕਿਆ ਹੈ । 'ਆਖਾਂ ਵਾਰਸ ਸ਼ਾਹ ਨੂੰ ਪੰਜਾਬ ਦੇ ਹੱਦ ਬੰਨੇ ਟੱਪ ਕੇ ਲਾਹੌਰ ਪੂਜਾ, ਤੇ ਅੱਜ ਚੈਕੋਸਲੋਵੇਕੀਆ, ਰੂਸ ਤੋਂ ਦੂਜੇ ਦੇਸਾਂ ਵਿਚ ਜਾ ਪੁਜਾ ਹੈ । ਇਹ ਗੀਤ ਬਗ਼ੈਰ ਪਾਸਪੋਰਟ, ਬਗ਼ੈਰ ਵੀਜ਼ਾ ਦੇ ਥਾਂ ਥਾਂ ਤੁਰਿਆ ਫਿਰਿਆ ਹੈ ਤੇ ਪੰਜਾਬ ਦੀ ਆਵਾਜ਼ ਬਣ ਗਿਆ ਹੈ ।

ਸਾਵਣ ਦਾ ਮਹੀਨਾ ਸੀ । ਬੱਦਲਾਂ ਦੇ ਸੁਰਮਈ ਲੜ ਨੀਵੇਂ ਨੀਵੇਂ ਲਮਕ ਰਹੇ ਸਨ, ਜਿਵੇਂ ਬੁਢੇ ਆਕਾਸ਼ ਦੀ ਖੁਥੀ ਪੱਗ ਢਹਿ ਗਈ ਹੋਵੇ । ਵਰਖਾ ਹੁਣ ਹੋਈ ਕਿ ਹੁਣ ਹੋਈ । ਮੈਂ ਅੰਮ੍ਰਿਤਾ ਦੇ ਘਰ ਬੈਠਾ ਸਾਂ । ਉਸ ਆਖਿਆ :

"ਕਾਲੀ ਦਾਸ ਨੇ ਠੀਕ ਹੀ ਬੱਦਲ ਨੂੰ ਦੂਤ ਬਣਾ ਕੇ ਘਲਿਆ ਸੀ । ਪਿਆਰ ਦਾ ਸੁਨੇਹੜਾ ਗੌਰਮਿੰਟ ਦੇ ਡਾਕੀਏ ਨਹੀਂ ਲਿਜਾ ਸਕਦੇ । ਪਹਿਲੇ ਵੇਲਿਆਂ ਵਿਚ ਕਬੂਤਰ ਲੈ ਕੇ ਜਾਂਦੇ ਸਨ, ਤੇ ਉਸ ਤੋਂ ਵੀ ਪਹਿਲਾਂ ਬੱਦਲ । ਬੱਦਲ ਹੁਣ ਵੀ ਸੁਨੇਹੇ ਲੈ ਕੇ ਜਾ ਸਕਦੇ ਹਨ ਜੇ ਕੋਈ ਉਹਨਾਂ ਨੂੰ ਆਪਣਾ ਸੁਨੇਹਾ ਦੇ ਸਕੇ । ਮੈਂ ਆਪਣਾ ਸੁਨੇਹਾ ਇਹਨਾਂ ਬੱਦਲਾਂ ਨੂੰ ਹੀ ਦੇਣਾ ਚਾਹੁੰਦੀ ਹਾਂ । ਚੋਰ ਦੀ ਮਾਂ ਵਾਂਗ ਇਹਨਾਂ ਦਾ ਸੀਨਾ ਬਹੁਤ ਵਡਾ ਹੁੰਦਾ ਹੈ । ਇਹ ਮਹਿਬੂਬ ਦਾ ਸਾਰਾ ਭੇਤ ਲੁਕੋ ਕੇ ਲੈ ਆਉਂਦੇ ਹਨ ਤੇ ਲੈ ਜਾਂਦੇ ਹਨ ।"

ਇਕ ਦਮ ਮੈਂ ਉਸ ਨੂੰ ਸਵਾਲ ਕੀਤਾ, "ਤੂੰ ਕਿਸ ਨੂੰ ਮੁਹੱਬਤ ਕਰਦੀ ਐਂ ?"

"ਆਪਣੇ ਆਪ ਨੂੰ ।"

"ਝੂਠ ।"

ਉਹ ਕੁਝ ਦੇਰ ਚੁਪ ਰਹੀ । ਫ਼ਰਸ਼ ਉਤੇ ਆਪਣੇ ਪੈਰ ਦਾ ਅੰਗੂਠਾ ਖੁਰਚਦੀ ਰਹੀ। ਥੋੜੇ ਚਿਰ ਪਿਛੋਂ ਉਸ ਸਿਰ ਚੁਕਿਆ ਤੇ ਹਸਣ ਲਗ ਪਈ । ਫੇਰ ਇਕ ਦਮ ਗੰਭੀਰ ਹੋ ਗਈ ਤੇ ਉਸ ਦੀਆਂ ਵਡੀਆਂ ਚਮਕਦਾਰ ਅੱਖਾਂ ਡੂੰਘੀਆਂ ਹੋ ਗਈਆਂ ।

"ਮੇਰਾ ਪਿਆਰ ਦਿਲ ਵਿਚੋਂ ਉਬਲ ਕੇ ਬਾਹਰ ਨਹੀਂ ਡਿਗਦਾ । ਇਹ ਅਡੋਲ ਹੈ, ਸ਼ਾਂਤ, ਚੁਪ ਚਾਪ, ਪਹਾੜਾਂ ਨਾਲ ਲੁਕੀ ਹੋਈ ਕਿਸੇ ਡੂੰਘੀ ਝੀਲ ਵਾਂਗ। ਮਰਦਾਂ ਦਾ ਪਿਆਰ ਡੂਮਣੀ ਦੀ ਹਾਂਡੀ ਵਾਂਗ ਉਬਲ ਉਬਲ ਪੈਂਦਾ ਹੈ । ਮੈਂ ਅਜਿਹੇ ਪਿਆਰ ਨੂੰ ਬਹੁਤਾ ਚੰਗਾ ਨਹੀਂ ਸਮਝਦੀ । ਮਰਦ ਆਪਣੇ ਪਿਆਰ ਦੀਆਂ ਫੜਾਂ ਮਾਰਦਾ ਹੈ, ਤੀਵੀਂ ਇਸ ਨੂੰ ਲੁਕੋਂਦੀ ਹੈ । ਮਰਦ ਇਸ ਨੂੰ ਚੁਰਾਹੇ 'ਚ ਰਖ ਕੇ ਲੋਕਾਂ ਨੂੰ ਵਿਖਾ ਵਿਖਾ ਕੇ ਖ਼ੁਸ਼ ਹੁੰਦਾ ਹੈ, ਤੀਵੀਂ ਆਪਣੀ ਬੁੱਕਲ ਵਿਚ ਸਾਂਭ ਕੇ ਗੰਢ ਮਾਰਦੀ ਐ ਤੇ ਰਾਤ ਦੇ ਹਨੇਰੇ ਵਿਚ ਜਦ ਕੋਈ ਨਹੀਂ ਹੁੰਦਾ ਤਾਂ ਉਹ ਇਸ ਨੂੰ ਤਕਦੀ ਹੈ । ਅੱਧੀ ਰਾਤ ਮਣੀ ਨਾਲ ਖੇਡਦਾ ਹੈ - ਇਸ ਦੇ ਜਾਵੇ ਤਾਂ ਝਟ ਇਸ ਨੂੰ ਮੂੰਹ ਵਿਚ ਪਾ ਕੇ ਚੁੱਪ ਇਸ ਨਾਲ ਖੇਡਦੀ ਹੈ ਜਿਵੇਂ ਸੱਪ ਚਾਨਣ ਵਿਚ ਮਸਤ । ਜੇ ਕੋਈ ਆ ਹੋ ਜਾਂਦੀ ਹੈ ।"

ਤੇ ਉਹ ਚੁੱਪ ਹੋ ਗਈ ।

ਅੰਮ੍ਰਿਤਾ ਨੇ ਪਿਆਰ ਦੀ ਕਵਿਤਾ ਲਿਖੀ ਹੈ, ਗੋਰਕੀ ਦੀ ਉਸ ਕੁੜੀ ਵਾਂਗ ਜਿਸ ਨੂੰ ਇਕ ਅਲੌਕਿਕ ਅੱਧਭੂਤ ਪ੍ਰੇਮੀ ਦੀ ਲੋੜ ਸੀ ਤੇ ਜੋ ਦੋਵੇਂ ਪਾਸਿਉਂ ਆਪੇ ਹੀ ਖ਼ਤ ਲਿਖਦੀ ਸੀ, ਆਪੇ ਹੀ ਪੋਸਟ ਕਰ ਕੇ ਆਪੇ ਹੀ ਪੜ੍ਹ ਲੈਂਦੀ ਤੇ ਖ਼ੁਸ਼ ਹੋ ਜਾਂਦੀ ਸੀ । ਅੰਮ੍ਰਿਤਾ ਦਾ ਇਹ ਪਿਆਰ ਮੈਨੂੰ ਉਸ ਤਰ੍ਹਾਂ ਲੱਗਾ । ਪਰ ਨਹੀਂ । ਅੰਮ੍ਰਿਤਾ ਦੇ ਪਿਆਰ ਵਿਚ ਗੋਰਕੀ ਦੀ ਉਸ ਪਿਆਰ-ਭੁੱਖੀ ਕੁੜੀ ਵਾਂਗ ਅਜ਼ਲਾਂ ਦੀ ਸਿਕ ਸੀ, ਨਾਲੇ ਚੁਮਾਸੇ ਵਿਚ ਭਰੇ ਹੋਏ ਸਰੋਵਰ ਦੀ ਮਸਤੀ ਤੇ ਭਰਪੂਰਤਾ । ਇਸ ਪਿਆਰ ਜਜ਼ਬੇ ਦਾ ਇਸ਼ਟ-ਦੇਵ ਇਕ ਆਦਮੀ ਸੀ, ਕੋਈ ਖ਼ਿਆਲੀ ਦੇਵਤਾ ਨਹੀਂ। ਇਕ ਇਨਸਾਨ।

ਇਕ ਦਿਨ ਜਦ ਮੈਂ ਉਸ ਨੂੰ ਮਿਲਣ ਗਿਆ ਤਾਂ ਇਕ ਹੋਰ ਸੱਜਣ ਵੀ ਬੈਠੇ ਸਨ । ਪਾਕਿਸਤਾਨ ਦੀ ਸ਼ਾਇਰੀ ਬਾਰੇ ਗੱਲਾਂ ਹੁੰਦੀਆਂ ਰਹੀਆਂ । ਇਕ ਪੰਜਾਬੀ ਕਵੀ ਦਰਬਾਰ ਅਜਿਹਾ ਵੀ ਚਾਹੀਦਾ ਹੈ, ਜੋ ਸਹੀ ਅਰਥਾਂ ਵਿਚ ਪੰਜਾਬੀ ਹੋਵੇ । ਹੱਦਾਂ ਬੰਨਿਆਂ ਦੀ ਕੋਈ ਬੰਦਿਸ਼ ਨਾ ਹੋਵੇ । ਦੋਹਾਂ ਪਾਸਿਆਂ ਦੇ ਕਵੀ ਇਕੋ ਬੜੇ ਤੋਂ ਬੋਲਣ । ਅੰਮ੍ਰਿਤਾ ਨੇ ਆਖਿਆ, "ਲਾਹੌਰ ਡਿੱਠੇ ਨੂੰ ਮੁਦਤਾਂ ਹੀ ਬੀਤ ਗਈਆਂ ।"

ਮੈਂ ਪੁਛਿਆ, “ਅੰਮ੍ਰਿਤਾ, ਤੂੰ ਲਾਹੌਰ ਕਿਉਂ ਨਹੀਂ ਜਾਂਦੀ ?"

"ਕੋਈ ਹੀਲਾ ਵਸੀਲਾ ਹੋਵੇ ਤੇ ਜਾਈਏ। ਕੋਈ ਮਸ਼ਾਇਰਾ ਹੋਵੇ ਤਾਂ ਜ਼ਰੂਰ ਜਾਵਾਂ ।"

ਮੈਨੂੰ ਭੁਖ ਲੱਗੀ ਸੀ । ਮੈਂ ਪੁੱਛਿਆ, "ਤੂੰ ਰੋਟੀ ਖਾ ਲਈ ?''

“ਖਾ ਤਾਂ ਲਈ ਐ, ਪਰ ਤੁਹਾਡੇ ਲਈ ਤਿਆਰ ਕਰ ਦਿੰਦੀ ਹਾਂ ।"

ਉਸ ਨੇ ਪਰੌਂਠੇ ਲਾਹ ਦਿਤੇ, ਚਾਹ ਬਣਾ ਦਿਤੀ । ਅਸੀਂ ਚਾਰ ਵਜੇ ਤਕ ਗੱਲਾਂ ਕਰਦੇ ਰਹੇ : ਫਿਰ ਉਸ ਰੇਡੀਓ ਸਟੇਸ਼ਨ ਜਾਣਾ ਸੀ । ਇਕੱਠੇ ਹੀ ਬਸ ਵਿਚ ਬੈਠ ਕੇ ਅਸੀਂ ਨਵੀਂ ਦਿੱਲੀ ਆ ਗਏ ।

ਜੁਦਾ ਹੋਣ ਲਗੇ ਉਹ ਬੋਲੀ, "ਤੁਹਾਡਾ ਬਹੁਤ ਧੰਨਵਾਦ । ਪ

"ਕਾਹਦਾ ।"

"ਆਉਣ ਦਾ, ਮਿਹਰਬਾਨੀ ।"

"ਮਿਹਰਬਾਨੀ ।"

ਪੰਜ ਛੀ ਦਿਨਾਂ ਪਿਛੋਂ ਉਹ ਕਨਾਟ-ਪਲੇਜ ਵਿਚ 'ਸਿਖ ਪਬਲਿਸ਼ਿੰਗ ਹਾਊਸ' ਉਤੇ ਮਿਲ ਗਈ । ਅਸਾਂ ਦੋਵਾਂ ਕੁਝ ਕਿਤਾਬਾਂ ਲਈਆਂ ਤੇ ਬਾਹਰ ਨਿਕਲ ਆਏ । ਭਾਵੇਂ ਗੁਲਮੂਹਰ ਦੇ ਦਰੱਖਤਾਂ ਉਤੇ ਚੰਗਿਆੜੇ-ਰੰਗੇ ਫੁਲ ਮਘ ਰਹੇ ਸਨ, ਪਰ ਹਵਾ ਵਿਚ ਸ਼ਾਮ ਦਾ ਥੱਕਿਆ ਹੋਇਆ ਸਾਹ ਸੀ। ਅਸੀਂ ਦੋਵੇਂ ਤੁਰਦੇ ਗਏ ।

ਮੈਂ ਪੁੱਛਿਆ, "ਕਾਫ਼ੀ ਦਾ ਪਿਆਲਾ ਪੀਵੇਂਗੀ ?"

"ਕਾਫ਼ੀ ? ਅੱਛਾ ਜੇ ਪਿਲਾ ਦਿਉ।"

"ਤੁਸੀਂ ਕੀ ਪੀਉਗੇ ?’

ਥੋੜੀਆਂ ਜਿਹੀਆਂ ਗੱਲਾਂ ਪਿਛੋਂ ਮੈਂ ਮਹਿਸੂਸ ਕੀਤਾ ਕਿ ਉਹ ਮੈਨੂੰ 'ਤੁਸੀਂ ਤੁਸੀਂ' ਆਖ ਰਹੀ ਸੀ, ਮੈਂ ਉਸ ਨੂੰ 'ਤੂੰ' 'ਤੂੰ' ਸਦ ਰਿਹਾ ਸਾਂ

“ਕੀ ਗੱਲ ਐ ਅੰਮ੍ਰਿਤਾ ? ਕੀ ਤੂੰ -- ਇਸ 'ਤੂੰ' ਸ਼ਬਦ ਨੂੰ ਬੁਰਾ ਮੰਨਦੀ ਹੈਂ ?"

ਉਸ ਆਖਿਆ, “ਸ਼ਾਇਦ ਮੈਂ ਕਿਸੇ ਦਿਨ ਇਹ ਗੱਲ ਤੁਹਾਨੂੰ ਆਖਦੀ । ਚੰਗਾ ਹੋਇਆ ਤੁਸੀਂ ਆਪ ਹੀ ਤੋਰ ਦਿਤੀ । ਉਸ ਦਿਨ ਤੁਸੀਂ ਮੈਨੂੰ ਲੋਕਾਂ ਦੇ ਸਾਹਮਣੇ 'ਤੂੰ ਆਖ ਕੇ ਬਹੁਤ ਵਾਰ ਬੁਲਾਇਆ। ਇਸ ਨਾਲ ਸਾਡੇ ਲੋਕਾਂ ਦੇ ਮਨ ਵਿਚ ਅਜੀਬ ਭਰਮ ਜਿਹੇ ਪੈ ਜਾਂਦੇ ਨੇ । ਤੁਸੀਂ ਤਾਂ ਸਹਿਜ ਸੁਭਾ ਹੀ 'ਤੂੰ' ਆਖ ਰਹੇ ਹੋ, ਕੁਝ ਲੋਕ ਇਸ ਨੂੰ ਪਤਾ ਨਹੀਂ ਕੀ ਸਮਝਣ ।"

ਮੈਂ ਹੈਰਾਨੀ ਨਾਲ ਉਸ ਵਲ ਤੱਕਣ ਲੱਗਾ ।

"ਹਾਂ, ਕਿਸੇ ਨੂੰ ਕਿਉਂ ਮੌਕਾ ਦੇਵਾਂ ਕਿ ਉਹ ਮੇਰੇ ਬਾਰੇ ਗੱਲਾਂ ਬਨਾਉਣ ?" ਉਸ ਦ੍ਰਿੜ੍ਹਤਾ ਨਾਲ ਆਖਿਆ । ‘“ਅਗੇ ਵੀ ਲੋਕ ਮੇਰੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਘੜਦੇ ਨੇ । ਬਹੁਤ ਬੁਰਾ ਲਗਦਾ ਐ ।"

ਮੈਂ ਆਖਿਆ, 'ਤੈਨੂੰ 'ਤੁਸੀਂ' ਕਹਿਣਾ ਬਹੁਤ ਓਪਰਾ ਜਿਹਾ ਲਗਦਾ ਹੈ। ਮੈਂ ਕਿਹੜਾ ਕੋਈ ਪਬਲਿਸ਼ਰ ਹਾਂ ਜੋ 'ਤੁਸੀਂ' 'ਤੁਸੀਂ' ਆਖ ਕੇ ਬੁਲਾਵਾਂ । ਮੇਰਾ ਨਾਤਾ ਇਕ ਸਾਥੀ ਲੇਖਕ ਦਾ ਹੈ । ਤੇ ਇਹ ਸਾਂਝ ਬਹੁਤ ਡੂੰਘੀ ਤੇ ਵਿਸ਼ਾਲ ਹੁੰਦੀ ਹੈ । ਮੈਂ ਇਸ ਦੋਸਤੀ ਵਿਚ 'ਤੁਸੀਂ' ਦੀਆਂ ਓਪਰੀਆਂ ਕੰਧਾਂ ਨਹੀਂ ਉਸਾਰਨਾ ਚਾਹੁੰਦਾ । ਜੇ ਮੈਂ ਤੈਨੂੰ 'ਤੁਸੀਂ' ਆਖਾਂ ਤਾਂ ਇੰਜ ਜਾਪੇਗਾ ਜਿਵੇਂ ਮੈਂ ਝੂਠ ਬੋਲ ਰਿਹਾ ਹੁੰਦਾ ਹਾਂ । ਲੇਖਕਾਂ ਦੇ ਨਾਤੇ ਦੀ ਆਪਣੀ ਹੀ ਪੱਧਰ ਹੈ, ਆਪਣੀ ਹੀ ਬਰਾਦਰੀ ਜੋ ਅਲੌਕਿਕ ਹੈ ਤੇ ਆਤਮਕ ਹੈ । ਮੈਂ ਉਸ ਨੂੰ 'ਤੁਸੀਂ' ਸ਼ਬਦ ਨਾਲ ਭਿੱਟਣਾ ਨਹੀਂ ਚਾਹੁੰਦਾ । ਮੈਂ ਮੁਲਕ ਰਾਜ ਆਨੰਦ, ਕ੍ਰਿਸ਼ਨ ਚੰਦਰ, ਮੰਟੋ, ਪ੍ਰੋਫੈਸਰ ਮੋਹਨ ਸਿੰਘ ਤੇ ਬਲਰਾਜ ਸਾਹਨੀ ਨੂੰ — 'ਤੂੰ' ਕਰ ਕੇ ਹੀ ਸਦਦਾ ਰਿਹਾ ਹਾਂ । ਜੇ ਆਖੇਂ ਤਾਂ ਅਗੇ ਤੋਂ ਤੈਨੂੰ 'ਤੁਸੀਂ ਆਖਾਂ ।"

ਉਹ ਕਹਿਣ ਲੱਗੀ, "ਤੁਸੀਂ ਆਖੋ ਤਾਂ ਚੰਗਾ ਹੋਵੇਗਾ। ਕਮ-ਅਜ਼-ਕਮ ਜਿਥੇ ਲੋਕ ਹੋਣ, ਉਥੇ ਜ਼ਰੂਰ ।’

''ਮੈਂ ਗੱਲ ਮੰਨ ਲਈ । ਰਾਹ ਵਿਚ ਇਕ ਹੋਰ ਸਜਣ ਮਿਲ ਗਏ । ਮੈਂ ਅੰਮ੍ਰਿਤਾ ਨੂੰ 'ਤੁਸੀਂ' ਕਹਿ ਕੇ ਬੁਲਾਉਂਦਾ ਰਿਹਾ । 'ਤੁਸੀਂ' 'ਤੁਸੀਂ' ਆਖਦੇ ਮੇਰੇ ਦਿਮਾਗ਼ ਉਤੇ ਬੋਝ ਜਿਹਾ ਪੈਂਦਾ ਸੀ । ਜਦ ਉਹ ਲੇਖਕ ਚਲਾ ਗਿਆ ਤਾਂ ਮੈਂ ਆਖਿਆ, "ਹੁਣ ਤਾਂ ਮੈਂ 'ਤੂੰ' ਆਖ ਸਕਦਾਂ ?"

''ਹਾਂ," ਉਸ ਉੱਤਰ ਦਿਤਾ ।

ਤੇ ਉਸ ਦਿਨ ਕਾਫ਼ੀ ਪੀਂਦੇ ਪੀ'ਦੇ ਮੈਂ ਉਸ ਨੂੰ ਕੋਈ ਕੋਈ ਸੱਤਰ ਵਾਰੀ 'ਤੂੰ' ਆਖ ਕੇ ਉਸ 'ਤੁਸੀਂ' ਦੀ ਕਸਰ ਕਢੀ ।

ਮੇਰੀ ਪੰਦਰਾਂ ਸਾਲਾਂ ਦੀ ਚੰਗੀ ਮਿੱਤਰਤਾ ਵਿਚ ਇਕ ਵਾਰ ਅੰਮ੍ਰਿਤਾ ਬਹੁਤ ਨਾਰਾਜ਼ ਹੋਈ ਉਸ ਉਤੇ ਇਕ ਲੇਖ ਬਾਰੇ । ਇਹ ਲੇਖ 'ਸਾਹਿਤ-ਸਮਾਚਾਰ' ਦੇ ਵਿਸ਼ੇਸ਼ 'ਅੰਮ੍ਰਿਤਾ ਪ੍ਰੀਤਮ ਅੰਕ" ਵਿਚ ਛਪਿਆ ਸੀ । ਜੀਵਨ ਸਿੰਘ 'ਜੌਲੀ' ਨੇ ਛੀ ਅੰਕ ਅੰਮ੍ਰਿਤਾ ਪ੍ਰੀਤਮ ਉਤੇ ਛਾਪੇ ਸਨ । ਇਹ ਇਸ ਗੱਲ ਦੀ ਗਵਾਹੀ ਹੈ ਕਿ ਅੰਮ੍ਰਿਤਾ ਇਕ ਮਹਿਬੂਬ ਸ਼ਾਇਰਾ ਹੈ । ਇਹ ਅੰਕ ਜਿਨ੍ਹਾਂ ਵਿਚ ਢੇਰ ਸਾਰੇ ਘਟੀਆ ਮਜ਼ਮੂਨ ਛਪੇ ਸਨ, ਉਸ ਦੇ ਵਧੀਆ ਨਾਂ ਸਦਕਾ ਵਿਕ ਗਏ। ਇਹਨਾਂ ਵਿਚ ਕਈ ਲੇਖਕਾਂ ਨੇ ਤਾਂ

'ਭੈਣ ਜੀ' ਦੀ ਬੇਹੱਦ ਤਾਰੀਫ਼ ਕੀਤੀ ਤੇ ਸਾਹਿਤਕ ਰਿਸ਼ਤੇ ਨਾਲੋਂ ਆਪਣੀਆਂ ਸਾਕ ਸਕੀਰੀਆਂ ਜੋੜਨ ਦਾ ਵਧੇਰੇ ਉਪਰਾਲਾ ਕੀਤਾ । ਮੇਰੇ ਲੇਖ ਉਤੇ ਇਹਨਾਂ ਕੁਝ ਸੱਜਣਾਂ ਨੇ ਇਤਨੀ ਰੌਲੀ ਪਾਈ ਕਿ ਅੱਛਾ ਖ਼ਾਸਾ ਫਸਾਦ ਖੜਾ ਕਰ ਦਿਤਾ । ਪੰਜਾਬੀ ਵਿਚ ਨਿਰੋਲ ਸਾਹਿਤਕ ਲੇਖ ਜਾਂ ਕਲਮੀ-ਚਿੱਤਰਾਂ ਦਾ ਹਾਲੇ ਰਿਵਾਜ ਨਹੀਂ ਪਿਆ। ਵੋਟ ਲੈਣ ਵਾਂਗ ਅਸੀਂ ਵੋਟਰ ਦੀ ਸਿਆਸੀ ਦਿਆਨਤਦਾਰੀ ਨੂੰ ਨਹੀਂ ਪ੍ਰੇਰਦੇ, ਸਗੋਂ ਸਾਕ-ਸਕੀਰੀਆਂ ਦਾ ਹਵਾਲਾ ਦੇ ਕੇ ਉਸ ਤੋਂ ਵੋਟ ਲੈਂਦੇ ਹਾਂ । ਮੇਰੇ ਲੇਖ ਨੇ ਅੰਮ੍ਰਿਤਾ ਤੇ ਮੇਰੇ ਵਿਚਕਾਰ ਕੁਝ ਚਿਰ ਫ਼ਿਜ਼ਾ ਵਿਚ ਧੂੜ ਖਿਲਾਰ ਦਿਤੀ । ਫਿਰ ਇਹ ਗਰਦ ਆਪੇ ਹੀ ਬੈਠ ਗਈ ਤੇ ਅਸੀਂ ਇਕ ਦੂਜੇ ਦਾ ਚਿਹਰਾ ਮੁੜ ਉਸੇ ਖ਼ੁਸ਼ੀ ਤੇ ਨਿਘੇ ਸੁੰਦਰ ਭਾਵ ਨਾਲ ਤੱਕਣ ਲੱਗੇ

ਦਿੱਲੀ ਰਹਿੰਦੇ ਹੋਏ ਅਸੀਂ ਘਟ ਹੀ ਮਿਲਦੇ ਸਾਂ - ਕਦੇ ਦੂਜੇ ਮਹੀਨੇ, ਕਦੇ ਪੂਰੇ ਸਾਲ ਪਿਛੋਂ । ਪਰ ਜਦੋਂ ਮਿਲਦੇ, ਇਹ ਬੜੀ ਭਰਵੀਂ ਮੁਲਾਕਾਤ ਹੁੰਦੀ ਸੀ । ਇਕ ਮੁਲਾਕਾਤ ਵਿਚ ਹੀ ਅਸੀਂ ਸਾਹਿਤ, ਮੌਸਮ, ਪੈਰਿਸ ਕਾਨਫ਼ਰੰਸ, ਨਵੀਆਂ ਟਿਕਟਾਂ, ਨਵੀਆਂ ਕਹਾਣੀਆਂ, ਨਵੀਆਂ ਕਵਿਤਾਵਾਂ, ਨਵੀਆਂ ਸੈਂਡਲਾਂ, ਤੇ ਅਸਮਾਨ ਦੇ ਤਾਰਿਆਂ ਤੋਂ ਲੈ ਕੇ ਹਰਨਾਮ ਸਿੰਘ 'ਸ਼ਾਨ' ਤੀਕ ਦੀਆਂ ਗੱਲਾਂ ਕਰ ਮਾਰਦੇ ।

ਇਕ ਦਿਨ ਉਸ ਮੈਨੂੰ ਆਪਣੀ ਸੱਜਰੀ ਕਵਿਤਾ ਸੁਣਾਈ :


ਜਿੰਦ ਚਰਖੜਾ ਕਿਥੇ ਡਾਹੀਏ ?

ਰਾਤ ਕੁੜੀ ਅੱਜ ਕੱਤਣ ਆਈ

ਉਹ ਸੁਪਨੇ ਜੋ ਕਲ ਅਸਾਂ

ਪੱਛੀ ਵਿੱਚ ਰੱਖੇ  ।

ਅੰਬਰ ਰੁੱਖ ਨਰੇਲ ਦਾ

ਚਿੱਟਾ ਚੰਨ ਗਰੀ ਦਾ ਟੋਟਾ

ਕਿਸ ਨੇ ਖੋਪਾ ਤੋੜਿਆ

ਅੱਜ ਪਾਣੀ ਚੱਖੇ ।

ਕਵਿਤਾ ਸੁਣ ਕੇ ਮੈਂ ਪੁਛਿਆ, “ਤੈਨੂੰ ਨਾਰੀਅਲ ਦਾ ਕਿਥੋਂ ਧਿਆਨ ਆਇਆ ?''

"ਨਾਰੀਅਲ ਦਾ ਖ਼ਿਆਲ..." ਉਹ ਸੋਚਣ ਲੱਗੀ ।

"ਭਲਾ ਤੂੰ ਕੀ ਸੋਚ ਰਹੀ ਸੀ ਜਦੋਂ ਇਹ ਗੀਤ ਲਿਖਿਆ ?"

"ਮੈਂ ਉਸ ਵੇਲੇ ਬੰਬਈ ਬਾਰੇ ਸੋਚ ਰਹੀ ਸਾਂ । ਬੰਬਈ ਯਾਦ ਆ ਰਿਹਾ ਸੀ... ਮੈਨੂੰ ਬੰਬਈ ਚੰਗਾ ਲਗਦਾ ਏ ।’

"ਕਿਉਂ * ?"

''ਉਥੇ ਮੇਰੇ ਦੋਸਤ ਹੈਨ ਸ਼ਾਇਦ ਮੈਂ ਬੰਬਈ ਵਿਚ ਸਮੁੰਦਰ ਦੇ ਰੇਤਲੇ ਕੰਢੇ ਉਤੇ ਉੱਗੇ ਨਾਰੀਅਲ ਦੇ ਦਰੱਖਤ ਤੱਕੇ ਸਨ ਤੇ ਉਹਨਾਂ ਵਿਚੋਂ ਝਾਕਦੀ ਚੰਨ ਦੀ ਫਾੜੀ । ਇਸ ਕਿਸਮ ਦੇ ਝੋਲੇ ਮੇਰੇ ਮਨ ਉਤੇ ਉਲੀਕੇ ਗਏ ਸਨ—ਉਹਨਾਂ ਦਾ ਖ਼ਿਆਲ ਆ ਰਿਹਾ ਸੀ...''

ਮੈਂ ਆਖਿਆ, "ਠੀਕ । ਪਰ ਮੈਨੂੰ ਇਸ ਗੀਤ ਵਿਚ ਇਕ ਮਰਦ ਤੇ ਤੀਵੀਂ ਦੇ ਭਰਵੇਂ ਡੁਲ੍ਹਦੇ ਪਿਆਰ ਦੀ ਛਲਕ ਦਿਸਦੀ ਐ। ਅੰਬਰ ਮਰਦ ਦਾ ਚਿੰਨ੍ਹ ਐ, ਤੇ ਧਰਤੀ

ਤੀਵੀਂ ਦਾ । ਤੂੰ ਅੰਬਰ ਨੂੰ ਵੰਗਾਰਿਆ ਏ ਤੇ ਇਸ ਨੂੰ ਨਰੋਲ ਦਾ ਰੁੱਖ ਆਖਿਆ ਏ। ਨਰੇਲ ਦਾ ਉੱਚਾ ਰੁੱਖ ਮਰਦ ਦਾ ਚਿੰਨ, ਐ। ਤੂੰ ਚੰਨ ਤੇ ਚਿਟੀ ਗਰੀ ਦਾ ਜ਼ਿਕਰ ਕੀਤਾ ਹੈ ਜੋ ਤੀਵੀਂ ਦਾ ਰੂਪ ਹੈ । ਹਰ ਤਿਉਹਾਰ ਉਤੇ ਸ਼ੁਭ ਕੰਮ ਕਰਨ ਲਗੇ ਨਾਰੀਅਲ ਤੋੜਦੇ ਹਾਂ ਤੇ ਇਸ ਦੇ ਖੋਪੇ ਤੇ ਪਾਣੀ ਨੂੰ ਚੱਖਦੇ ਹਾਂ - ਨਾਰੀਅਲ ਦਾ ਟੁਟਣਾ ਮਰਦ ਤੇ ਤੀਵੀਂ ਦੇ ਪਹਿਲੇ ਸੰਗ ਤੇ ਵਿਲਾਸ-ਮੱਤੇ ਅਨੁਭਵ ਦਾ ਚਿੰਨ੍ਹ ਹੈ । ਤੇਰਾ ਗੀਤ ਇਸਤ੍ਰੀ ਪੁਰਖ ਦੇ ਡੂੰਘੇ ਮਾਨਸਿਕ ਆਤਮਕ ਤੇ ਸਰੀਰਕ ਅਨੰਦ ਦਾ ਵਰਨਣ ਕਰਦਾ ਹੈ ।

ਉਹ ਸੋਚਣ ਲੱਗ ਪਈ...

ਉਸ ਨੇ ਇਹ ਸਭ ਕੁਝ ਨਹੀਂ ਸੀ ਸੋਚਿਆ। ਉਸ ਨੇ ਸਿਰਫ਼ ਜਜ਼ਬਾ ਮਹਿਸੂਸ ਭਾਵੇਂ ਸਿਰਫ਼ ਬੰਬਈ ਦੇ ਸਮੁੰਦਰ ਦਾ ਕੰਢਾ, ਕੀਤਾ । ਉਸ ਦੇ ਸੁਚੇਤ ਮਨ ਵਿਚ ਨਾਰੀਅਲ ਦਾ ਰੁੱਖ ਤੇ ਚੰਨ ਸੀ, ਪਰ ਉਸ ਦੇ ਅਚੇਤ ਮਨ ਵਿਚ ਇਕ ਭਰਪੂਰ ਇਸਤ੍ਰੀ ਤੇ ਮਰਦ ਦੇ ਉਬਲਦੇ ਹੋਏ ਵੇਗ ਸਨ ।

ਅਸੀਂ ਦੋਵੇਂ ਚੁੱਪ ਹੋ ਗਏ ।

"ਅਗਲੀ ਕਵਿਤਾ ਪੜ੍ਹ," ਮੈਂ ਆਖਿਆ।

"ਇਸ ਦਾ ਅਰਥ ਵੀ ਇਸ ਤਰ੍ਹਾਂ ਈ ਕਰੇਂਗਾ ?’’

“ਪਤਾ ਨਹੀਂ ਸੁਣਾਂਗਾ ਤਾਂ ਜੋ ਮੇਰੇ ਮਨ ਵਿਚ ਆਇਆ ਆਖ ਦਿਆਂਗਾ ।"

ਉਸ ਨੇ ਦੂਜੀ ਕਵਿਤਾ ਪੜ੍ਹੀ । ਇਹ ਕਿਸੇ ਪਿਆਰੇ ਦੀ ਚਿੱਠੀ ਦੇ ਜੁਆਬ ਵਿਚ ਲਿਖੀ ਸੀ।

ਉਸ ਦੇ ਬਹੁਤੇ ਗੀਤ ਦਿਲ ਦਾ ਰਾਜ਼ ਹਨ : ਕਦੇ ਹਉਕਾ, ਕਦੇ ਹਾਸਾ, ਕਦੇ ਰੰਜ ਦੀਆਂ ਚੀਸਾਂ ਤੇ ਕਦੇ ਖ਼ੁਸ਼ੀ ਦੀਆਂ ਕਿਰਨਾਂ । ਕਦੇ ਉਹ ਸ਼ਿਕਾਇਤ ਕਰਦੀ ਹੈ, ਕਦੇ ਉਹ ਮਾਣ ਕਰਦੀ ਹੈ, ਕਦੇ ਉਹ ਯਾਦ ਕਰਦੀ ਹੈ, ਕਦੇ ਉਹ ਸੁਫ਼ਨੇ ਲੈਂਦੀ ਹੈ। ਇਹ ਸਭ ਗੀਤ ਆਪ-ਬੀਤੀ ਹਨ । ਇਸੇ ਕਰ ਕੇ ਇਹਨਾਂ ਵਿਚ ਦਰਦ ਵੀ ਹੈ ਤੇ ਅਸਰ ਵੀ ।

ਮੈਂ ਕੁਝ ਦੇਰ ਰੁਕ ਕੇ ਪੁਛਿਆ, "ਅੰਮ੍ਰਿਤਾ ਤੈਨੂੰ ਪਿਆਰ ਨੇ ਬਹੁਤ ਦੁਖ ਦਿਤਾ ਐ ?''

"ਬਹੁਤ ।"

"ਬਹੁਤ?"

“ਹਾਂ - ਦੁੱਖ ਵੀ ਤੇ ਸੁੱਖ ਵੀ । ਪਿਆਰ ਦਾ ਬਿਰਹਾ ਦੁੱਖ ਐ, ਪਰ ਇਸ ਦੀਆਂ ਜੜ੍ਹਾਂ ਵਿਚ ਸੁੱਖ ਐ । ਇਸੇ ਤਰ੍ਹਾਂ ਸੁੱਖ ਦੀ ਕੁੱਖ ਵਿਚੋਂ ਦੁਖ ਜਨਮ ਲੈਂਦਾ ਏ । ਮੈਂ ਦੋਹਾਂ ਨੂੰ ਇਕਮਿਕ ਕਰ ਜਾਨੀ ਆਂ । ਇੰਜ ਲਗਦੈ ਜਿਵੇਂ ਚੰਨੀ ਦੇ ਦੋ ਸਿਰੇ ਹੋਣ ਇਕ ਦੁਖ, ਤੇ ਇਕ ਸੁਖ - ਮੈਂ ਇਹ ਚੁੰਨੀ ਸਿਰ ਤੇ ਲੈ ਲਈ ਏ ਤੇ ਇਸ ਦੀਆਂ ਦੋਵੇਂ ਕੰਨੀਆਂ ਆਪਣੇ ਦੰਦਾਂ ਹੇਠ ਦਬਾ ਲਈਆਂ ਨੇ ।’

ਉਨ੍ਹੀਂ ਦਿਨੀਂ ਮੈਂ ਉਸ ਦੀ ਇਕ ਹੋਰ ਕਵਿਤਾ ਉਸ ਦੀ ਡਾਇਰੀ ਵਿਚੋਂ ਪੜ੍ਹੀ । ਇਕ ਬੰਦ ਮੇਰੇ ਦਿਮਾਗ ਵਿਚ ਅਟਕਿਆ ਰਿਹਾ ਹੈ । ਇਹ ਗੀਤ ਉਸ ਕਿਸੇ ਦੋਸਤ ਨਾਲ ਇੰਡੀਆ ਗੇਟ ਸੈਰ ਕਰਦੀ ਨੇ ਲਿਖਿਆ ਸੀ ਤੇ ਡਾਇਰੀ ਵਿਚ ਨੋਟ ਕਰ ਲਿਆ ਸੀ।

ਉਸ ਦੇ ਪਹਿਲੇ ਗੀਤਾਂ ਵਿਚ ਤ੍ਰੇਲ ਧੋਤੇ ਫੁਲਾਂ, ਬੱਦਲਾਂ ਦੇ ਪੱਲਿਆਂ ਤੇ ਸੰਝ ਦੀਆਂ ਲਾਲੀਆਂ ਦਾ ਵਰਨਣ ਸੀ । ਜਜ਼ਬਿਆਂ ਦੀ ਝੱਗ ਦਾ ਬਿਆਨ ਸੀ, ਅੱਗ ਦਾ ਨਹੀਂ। ਉਸ ਵੇਲੇ ਉਹ ਬਿਹਬਲ ਸੀ ਤੇ ਕਿਸੇ ਅਣਜਾਣੇ ਪਿਆਰ ਦੇ ਅਨਜਾਣੇ ਤੇ ਅਣਮਾਣੇ ਰਸ ਦਾ ਜ਼ਿਕਰ ਕਰ ਰਹੀ ਸੀ । ''ਲੰਮੀਆਂ ਵਾਟਾਂ' ਵਿਚ ਉਸ ਹਾਰੀ-ਹੱਟੀ ਇਸਤ੍ਰੀ ਦਾ ਜ਼ਿਕਰ ਕੀਤਾ । ਮਾਸ ਦੀ ਗੁੱਡੀ ਤੇ ਘਰੇਲੂ ਜ਼ਿੰਦਗੀ ਦੇ ਚਕਰ-ਵਿਊ ਨੂੰ ਪਰ ਇਕ ਪਰਦੇ ਚਿਤਰਿਆ ਪਿਆਰ ਤੇ ਜਿਸਮ ਦੇ ਰਿਸ਼ਤੇ ਬਾਰੇ ਦਸਿਆ ਦੀ ਓਟ ਵਿ ਚ

ਉਸ ਨੂੰ ਹੌਲੀ ਹੌਲੀ ਢੰਗ, ਝੂਠੀ ਓਟ ਤੇ ਸਮਾਜੀ ਪੈਗ਼ੰਬਰਾਂ ਤੋਂ ਚਿੜ੍ਹ ਹੋਣ ਲੱਗੀ । ਸਮਾਜ ਕੀ ਹੈ ? ਬਹੁਤ ਸਾਰੇ ਲੋਕਾਂ ਦਾ ਬਣਾਇਆ ਹੋਇਆ ਕਾਨੂੰਨ ਜਿਸ ਨੂੰ ਉਹ ਆਪ ਨਹੀਂ ਮੰਨਦੇ, ਪਰ ਅੰਨ੍ਹੇ ਵਾਹ ਦੂਜਿਆਂ ਤੇ ਲਾਗੂ ਕਰਨਾ ਆਪਣਾ ਧਰਮ ਸਮਝਦੇ ਹਨ । ਸਭ ਤੋਂ ਵੱਡੀ ਵਸਤੂ ਇਨਸਾਨੀਅਤ ਹੈ, ਪਿਆਰ ਹੈ, ਸੱਚਾਈ ਹੈ ।

ਉਸ ਨੇ ਆਪਣੇ ਦਿਲ ਦੀਆਂ ਡੂੰਘਾਣਾਂ ਵਿਚ ਝਾਤ ਮਾਰੀ । ਮੁਲੰਮੇ ਵਰਗੀ ਝੂਠੀ ਸੰਗ ਲੱਥ ਗਈ । ਇਕ ਦਮ ਆਕਾਸ਼ ਉੱਚਾ ਉੱਚਾ ਜਾਪਣ ਲੱਗਾ, ਧਰਤੀ ਚੌੜੀ ਚੌੜੀ, ਤੇ ਰੁੱਖਾਂ ਪਾਣੀਆਂ ਤੇ ਸੂਰਜ ਤੇ ਤਾਰਿਆਂ ਦਾ ਨਵਾਂ ਰੂਪ ਦਿਸਣ ਲੱਗਾ...

ਇਸ ਪਿਛੋਂ ਉਹ ਬੰਬਈ ਚਲੀ ਗਈ ਤੇ ਕਈ ਮਹੀਨੇ ਮੈਨੂੰ ਨਾ ਮਿਲੀ ।

ਜਦ ਦੁਬਾਰਾ ਦਿੱਲੀ ਆਈ ਤਾਂ ਉਹ ਬਹੁਤ ਗੁਆਚੀ ਹੋਈ ਤੇ ਉਦਾਸ ਸੀ । ਜਿਵੇਂ ਕੋਈ ਚੀਜ਼ ਕਿਤੇ ਭੁਲ ਆਈ ਹੋਵੇ ।

ਕੁਝ ਦਿਨਾਂ ਪਿਛੋਂ ਮੈਨੂੰ ਉਹ ਮਿਲੀ । ਮੈਂ ਆਖਿਆ, "ਆਕਾਸ਼ ਕਿਤਨਾ ਖੁਲ੍ਹਾ ਹੈ !''

"ਹੋਵੇਗਾ", ਉਸ ਉੱਤਰ ਦਿਤਾ ।

"ਧੁੱਪ ਕਿਤਨੀ ਨਿੱਘੀ ਹੈ !’’

"ਹੋਵੇਗੀ ।"

"ਘਾਹ ਕਿਤਨਾ ਸਾਵਾ ਹੈ !''

"ਹੋਵੇਗਾ ।"

ਕੁਝ ਦਿਨ ਹੋਏ ਮੈਂ ਉਸ ਨੂੰ ਮਿਲਣ ਗਿਆ । ਜਦ ਮੈਂ ਪੁਜਾ ਤਾਂ ਉਹ ਬਿਸਤਰੇ ਵਿਚ ਪਈ ਸੀ, ਵਾਲ ਖੁਲ੍ਹੇ, ਚਿਹਰੇ ਉਤੇ ਉਦਾਸ ਹਾਸੀ । ਅੱਖਾਂ ਦੇ ਗਿਰਦ ਰਸੌਂਤੀ ਛੱਲੇ। ਫਿੱਕੀ ਫਿੱਕੀ ਛਾਂ ਨੇ ਸਾਰੇ ਚਿਹਰੇ ਨੂੰ ਕਜਿਆ ਹੋਇਆ ਸੀ ।

"ਬਹੁਤ ਤਕਲੀਫ਼ ਐ ਬਲਵੰਤ", ਉਸ ਆਖਿਆ। "ਗਰਦਨ ਵਿਚ, ਪਿੱਠ ਵਿਚ, ਸਾਰੇ ਵਜੂਦ ਵਿਚ । ਸੁਣਿਆ ਐ ਕਲ੍ਹ ਬੇਗਮ ਜ਼ੈਦੀ ਹਸਦੀ ਖੇਡਦੀ ਮਰ ਗਈ । ਉਸ ਨੂੰ ਦਿਲ ਦੀ ਬਿਮਾਰੀ ਨਹੀਂ ਸੀ। ਮੇਰੇ ਦਿਲ ਵਿਚ ਤਾਂ ਡੋਬ ਪੈਂਦੇ ਨੇ, ਮੈਨੂੰ ਕਿਉਂ ਕੁਝ ਨਹੀਂ ਹੁੰਦਾ ।"

ਉਸ ਦੇ ਸਾਹਮਣੇ ਕੁਝ ਕਾਗ਼ਜ਼ ਪਏ ਸਨ ।

''ਤੂੰ ਲਿਖਦੀ ਰਹੀ ਐਂ ? ਕੀ ਲਿਖਿਆ ਐ ?" ਮੈਂ ਪੁਛਿਆ ।

“ਦੋ ਦਿਨ ਦੀ ਇਸੇ ਤਰ੍ਹਾਂ ਪਈ ਰਹੀ ਆਂ । ਪਈ ਪਈ ਨੂੰ ਸੁਫ਼ਨੇ ਆਉਂਦੇ ਨੇ । ਉਲਝੀਆਂ ਉਲਝੀਆਂ ਝਾੜੀਆਂ ਜਿਹੀਆਂ...ਤੇ ਫਿਰ ਇਹ ਆਪੇ ਹੀ ਚਿਤਰ ਬਣ ਜਾਂਦੇ ਨੇ । ਸੁਫ਼ਨਿਆਂ ਵਿਚ ਜ਼ਬਾਨ ਘਟ ਹੁੰਦੀ ਐ, ਚਿਤਰ ਬਹੁਤੇ । ਮੈਂ ਇਹਨਾਂ ਚਿਤਰਾਂ ਨੂੰ ਇਕੱਠੇ ਕਰ ਲੈਨੀ ਆਂ... ਉਡਦੀਆਂ ਹੋਈਆਂ ਤਿਤਲੀਆਂ ਨੂੰ ਜਿਵੇਂ ਕੋਈ ਕੁੜੀ ਫੜ ਕੇ ਝੋਲੇ ਪਾ ਲਵੇ ਤੇ ਫਿਰ ਉਹਨਾਂ ਦੇ ਰੰਗ ਬਰੰਗੇ ਖੰਭਾਂ ਨੂੰ ਆਪਣੀ ਕਿਤਾਬ ਵਿਚ ਸੂਈ ਨਾਲ ਸੀ ਲਵੇ । ਕਈ ਵਾਰ ਮੈਨੂ ਆਪਣੀਆਂ ਕਵਿਤਾਵਾਂ ਇਹ ਮਰੀਆਂ ਹੋਈਆਂ ਤਿਤਲੀਆਂ ਲਗਦੀਆਂ ਹਨ.. ਕਿੰਨਾ ਮੁਸ਼ਕਲ ਹੈ ਜੀਂਦੇ ਜਾਗਦੇ ਖ਼ਿਆਲ ਨੂੰ ਮਰਿਆ ਖ਼ਿਆਲ ਕਰਨਾ । ਮੈਨੂੰ ਤਾਂ ਇਹ ਜ਼ੁਲਮ ਜਿਹਾ ਲਗਦਾ ਏ ।’

"ਤੂੰ ਬਿਮਾਰੀ ਦੀ ਹਾਲਤ ਵਿਚ ਲਿਖਦੀ ਰਹੀ ਐ ?"

"ਇਕ ਨਜ਼ਮ ਲਿਖੀ ਏ ।"

"ਮੈਂ ਤਾਂ ਇਸ ਤਰ੍ਹਾਂ ਕਦੀ ਵੀ ਨਾ ਲਿਖ ਸਕਾਂ । ਮੁਸੀਬਤ ਵਿਚ ਮੈਂ ਨਹੀਂ ਲਿਖ ਸਕਦਾ, ਨਾ ਬਹੁਤੇ ਸੁਖ ਵਿਚ । ਮੈਂ ਉਦੋਂ ਲਿਖਦਾ ਹਾਂ ਜਦੋਂ ਪੈਸੇ ਦੀ ਤੋਟ ਹੋਵੇ, ਜਾਂ ਕਿਸੇ ਨੂੰ ਉਡੀਕ ਰਿਹਾ ਹੋਵਾਂ ।"

"ਉਡੀਕ ਵਿਚ ਤੂੰ ਕਿਵੇਂ ਲਿਖ ਸਕਦੈਂ ?"

"ਉਡੀਕ ਵਿਚ - ਇਕ ਵਾਰ ਮੈਂ ਇਕ ਕੁੜੀ ਨੂੰ ਉਡੀਕ ਰਿਹਾ ਸਾਂ । ਉਸ ਛੀ ਵਜੇ ਆਉਣਾ ਸੀ, ਅੱਠ ਵਜੇ ਆਈ । ਦੋ ਘੰਟੇ ਮੈਂ ਕਹਾਣੀ ਲਿਖਦਾ ਰਿਹਾ ।"

"ਉਸ ਬਾਰੇ ?"

"ਨਹੀਂ, ਇਕ ਨਿਹੰਗ ਸਿੰਘ ਬਾਰੇ । ਤੂੰ ਚੰਗੀ ਬਿਮਾਰ ਹੁੰਨੀ ਐਂ ਕਹਾਣੀਆਂ ਲਿਖਦੀ ਐਂ, ਕਵਿਤਾਵਾਂ ਲਿਖਦੀ ਐਂ ।"

“ਪਰ ਕੋਈ ਇਸ ਲਈ ਥੋੜ੍ਹਾ ਹੀ ਬਿਮਾਰ ਹੁੰਦਾ ਏ ਕਿ ਇਸ ਵਿਚੋਂ ਕਵਿਤਾ ਕਢ ਲਵੇ । ਜ਼ਿੰਦਗੀ ਵਿਚ ਤਕਲੀਫ਼ ਤੇ ਬਿਮਾਰੀ ਉਂਜ ਹੀ ਬਥੇਰੀ ਐ । ਇਸ ਨੂੰ ਘੇਰ ਕੇ, ਪਰਚਾ ਕੇ ਆਪਣੇ ਕੋਲ ਲਿਆਉਣ ਦੀ ਲੋੜ ਨਹੀਂ ।"

ਮੈਂ ਕਾਗ਼ਜ਼ ਚੁਕ ਲਏ । “ਇਹ ਕਵਿਤਾ ਕਿਸ ਬਾਰੇ ਲਿਖੀ ਐ ?"

“ਨਵੇਂ ਸਾਲ ਬਾਰੇ । ਨਵਾਂ ਸਾਲ ਮੁਬਾਰਕ ਹੋਵੇ ਉਸ ਨੂੰ ਨਵਾਂ ਸਾਲ !"

"ਕਿਸ ਨੂੰ ?"

“ਉਸੇ ਨੂੰ ।"

ਮੈਂ ਉਸ ਦੀਆਂ ਅੱਖਾਂ ਵਲ ਤੱਕਿਆ । ਉਹਨਾਂ ਵਿਚ ਇਕ ਠੰਢਾ ਸ਼ੋਅਲਾ ਭੜਕਿਆ ।

"ਤੂੰ ਉਸ ਬਾਰੇ ਹੁਣ ਵੀ ਸੋਚਦੀ ਏਂ ?"

‘‘ਹਾਂ । ਪਤਾ ਨਹੀਂ ਕਿਉਂ । ਹਾਲਾਂ ਕਿ ਮੈਂ ਸਮਝਦੀ ਹਾਂ ਕਿ ਹੁਣ ਉਸ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਰਿਹਾ । ਪਰ ਮੇਰੀਆਂ ਨਸਾਂ ਵਿਚ ਵਗਦੇ ਖ਼ੂਨ ਵਿਚ ਉਸ ਦਾ ਸਾਹ ਹੈ । ਪਤਾ ਨਹੀਂ, ਕਿਸ ਤਰ੍ਹਾਂ ਜ਼ਹਿਰ ਵਾਂਗ ਉਹ ਮੇਰੇ ਲਹੂ ਵਿਚ ਘੁਲ ਗਿਆ ਏ...ਉਸ ਨਾਲ ਮੈਨੂੰ ਹੁਣ ਕੋਈ ਲਗਾਉ ਨਹੀਂ, ਕੋਈ ਪਿਆਰ ਨਹੀਂ । ਸਗੋਂ ਨਫ਼ਰਤ ਐ...ਜਾਂ ਸ਼ਾਇਦ ਨਫ਼ਰਤ ਵੀ ਨਹੀਂ । ਫੇਰ ਇਹ ਕਿਹੋ ਜਿਹਾ ਜਜ਼ਬਾ ਐ ? ਇਕ ਬੇਵਸ ਜਿਹਾ ਕੌੜਾ ਜਜ਼ਬਾ, ਜਿਵੇਂ ਅੱਧ-ਪੱਕਾ ਅੰਬ ਤੋੜ ਕੇ ਖਾ ਲਿਆ ਹੋਵੇ, ਤੇ ਫਿਰ ਉਸ ਅੰਬ ਦੀ ਡੋਡੀ ਦਾ ਕੁਸੈਲਾ ਜਿਹਾ ਰਸ ਮੂੰਹ ਵਿਚ ਰਹਿ ਜਾਵੇ । ਕੁਝ ਅਜੀਬ ਜਿਹਾ ਸੁਆਦ ਐ ਜੀਭ ਉਤੇ ।"

"ਤੂੰ ਉਸ ਨੂੰ ਇਤਨਾ ਯਾਦ ਕਿਉਂ ਕਰਦੀ ਏਂ ?"

"ਉੱਕਾ ਨਹੀਂ। ਮੈਨੂੰ ਉਹ ਯਾਦ ਨਹੀਂ ਆਉਂਦਾ । ਮੈਂ ਸੋਚਦੀ ਹਾਂ, ਚੰਗਾ ਹੋਇਆ ਜੁ ਇਹ ਚੈਪਟਰ ਮੇਰੀ ਜ਼ਿੰਦਗੀ ਵਿਚੋਂ ਮੁੱਕਾ ।’’

"ਜਦ ਵੀ ਮੈਂ ਤੈਨੂੰ ਮਿਲਦਾ ਹਾਂ, ਤੂੰ ਉਸੇ ਦੀਆਂ ਗੱਲਾਂ ਕਰਦੀ ਏਂ । ਜੇ ਤੈਨੂੰ ਕੋਈ ਲਗਾਉ ਨਹੀਂ ਤਾਂ ਕਿਉਂ ਉਸ ਨੂੰ ਯਾਦ ਕਰਦੀ ਏਂ ? ਤੇਰੀ ਨਵੀਂ ਕਹਾਣੀ 'ਮਲਾਹ ਦਾ ਫੇਰਾ' ਉਸੇ ਬਾਰੇ ਹੈ । ਇਹ ਨਜ਼ਮ ਵੀ ਸ਼ਾਇਦ ਉਸੇ ਬਾਰੇ ਹੋਵੇ ।"

"ਹਾਂ । ਮੈਂ ਫ਼ਸਾਦਾਂ ਬਾਰੇ ਵੀ ਲਿਖਿਆ ਹੈ, ਤੇ ਉਸ ਲਾਹੌਰ ਬਾਰੇ ਵੀ ਜੋ ਮੈਥੋਂ ਤਰੰ ਡਿਆ ਗਿਆ, ਤੇ ਨਫ਼ਰਤ ਬਾਰੇ, ਤੇ ਗ਼ਰੀਬੀ ਬਾਰੇ, ਤੇ ਸੱਧਰਾਂ ਬਾਰੇ ਜਿਨ੍ਹਾਂ ਦੀ ਸੰਘੀ ਘੁਟੀ ਗਈ । ਮੈਂ ਫ਼ਸਾਦ, ਨਫ਼ਰਤ, ਗ਼ਰੀਬੀ ਨੂੰ ਪਿਆਰ ਨਹੀਂ ਕਰਦੀ, ਫਿਰ ਵੀ ਇਹਨਾਂ ਬਾਰੇ ਲਿਖਦੀ ਹਾਂ ।"

ਇਹ ਆਖ ਕੇ ਉਸ ਮੈਨੂੰ ਕਵਿਤਾ ਸੁਣਾਈ।

"ਇਸ ਦਾ ਨਾਂ ਕੀ ਰਖਿਆ ਏ ?" ਮੈਂ ਪੁਛਿਆ ।

ਉਹ ਸੋਚਣ ਲੱਗੀ ।

"ਸਾਲ ਮੁਬਾਰਕ ! ਇਹ ਸਿਰਲੇਖ ਠੀਕ ਹੋਵੇਗਾ । ਇਸ ਵਿਚ ਜੋ ਗੱਲ ਮੈਂ ਆਖਣਾ ਚਾਹੁੰਦੀ ਹਾਂ, ਆ ਜਾਂਦੀ ਹੈ ।'"

"ਤੂੰ ਮਾਜ਼ੀ ਦੇ ਇਸ ਪਾਟੇ ਹੋਏ ਚੋਲੇ ਨੂੰ ਲਾਹ ਕਿਉਂ ਨਹੀਂ ਸੁਟਦੀ ?"

"ਮੈਂ ਇਸ ਨੂੰ ਲਾਹ ਕਿਵੇਂ ਸੁਟਾਂ ? ਮੈਂ ਤਾਂ ਖ਼ੁਦ ਇਕ ਪਾਟਿਆ ਹੋਇਆ ਚੋਲਾ ਹਾਂ ।"

ਉਹ ਫਿਰ ਚੁੱਪ ਹੋ ਗਈ ਤੇ ਕੁਝ ਸੋਚਣ ਲੱਗੀ । ਛਤ ਵਲ ਤੱਕਦੀ ਰਹੀ । ਰਤਾ ਠਹਿਰ ਕੇ ਬੋਲੀ :

"ਮੈਂ ਸੋਚਾਂ ਤੋਂ ਸੁਤੰਤਰ ਹੋਣਾ ਚਾਹੁੰ ਦੀ ਹਾਂ । ਨਾ ਚੰਗੀ ਸੋਚ ਨਾ ਮਾੜੀ ਸੋਚ । ਮੇਰੀਆਂ ਸੋਚਾਂ ਆਜ਼ਾਦ ਨਹੀਂ । ਇਕ ਟਹਿਣੀ ਨਾਲ ਮੇਰੀਆਂ ਸੋਚਾਂ ਦੇ ਪੈਰ ਬੱਝੇ ਹੋਏ ਨੇ । ਤੂੰ ਆਜ਼ਾਦ ਐਂ !’

"ਕਿੱਥੇ?"

"ਨਹੀਂ ਬਲਵੰਤ ਤੂੰ ਆਜ਼ਾਦ ਐਂ ।"

"ਮੈਂ ਉਸ ਪੰਛੀ ਵਾਂਗ ਹਾਂ ਜੋ ਖੁਲ੍ਹੇ ਆਕਾਸ਼ ਵਿਚ ਉਡ ਰਿਹਾ ਹੈ। ਥਕ ਕੇ ਕਦੇ ਮੇਰੇ ਵਰਗਾ ਆਜ਼ਾਦ ਪੰਛੀ ਧਰਤੀ ਉਤੇ ਹੀ ਆ ਡਿਗਦਾ ਹੈ । ਲੋਕ ਆਖਦੇ ਹਨ "ਹੈਂ ! ਮਰ ਗਿਆ ? ਹੁਣੇ ਤਾਂ ਇਹ ਹੱਸ ਰਿਹਾ ਸੀ ।"

“ਮੈਨੂੰ ਇਸ ਨਿਥਾਵੇਂ ਆਜ਼ਾਦ ਪੰਛੀ ਦਾ ਵੀ ਪਤਾ ਹੈ । ਜ਼ਿੰਦਗੀ ਵਿਚ ਕਿਤਨੀਆਂ ਮਜਬੂਰੀਆਂ ਹਨ । ਕਈ ਵਾਰੀ ਇੰਜ ਲਗਦਾ ਹੈ ਕਿ ਇਹਨਾਂ ਮਜਬੂਰੀਆਂ ਦੀ ਸਖ਼ਤ ਧਰਤੀ ਪਾੜ ਕੇ ਹੀ ਜਵਾਲਾ-ਮੁਖੀ ਦੀ ਲਾਟ ਨਿਕਲ ਸਕਦੀ ਹੈ । ਬਹੁਤੀ ਕਵਿਤਾ ਇਸੇ ਤਰ੍ਹਾਂ ਸੀਨੇ ਵਿਚੋਂ ਨਿਕਲੀ ਹੈ ।"

ਅੰਮ੍ਰਿਤਾ ਜੋ ਕਵਿਤਾ ਅੱਜ ਲਿਖ ਰਹੀ ਹੈ ਉਹ ਸੁੰਦਰ ਹੈ, ਡੂੰਘੀ ਹੈ, ਦਿਲ-ਟੰਬਵੀਂ ਹੈ। ਅੰਮ੍ਰਿਤਾ ਦੀ ਕਵਿਤਾ ਸੋਹਣੀ ਹੈ। ਅੰਮ੍ਰਿਤਾ ਆਪ ਵੀ ਸੋਹਣੀ ਹੈ ।

Comments


Sri Darbar Sahib AmritsarLive
00:00 / 01:04

SHAH KITAB GHAR
Online Book Store

Shop

Socials

Shah Kitab Ghar Punjabi Logo

Kahlon Complex, Shop no.3  Mehta sweet wali Gali opp.Punjabi University, Patiala. 147002

9779352237

7696352237

Change Currency 

Website & Digital Promotion by

Digi By Nature

© Copyright Shah Kitab Ghar
bottom of page