Book Review /Mala Manke/Narider Singh Kapoor
- Shah Kitab Ghar
- May 12
- 4 min read

ਵਿਚਾਰ ਮੁਨਾਫ਼ਾ ਤਾਂ ਨਹੀਂ ਵਧਾਉਂਦੇ ਪਰ ਇਹ ਅਮੀਰ ਜ਼ਰੂਰ ਬਣਾ ਦਿੰਦੇ ਹਨ।
ਜੋ ਪ੍ਰਭਾਵਿਤ ਕਰਦਾ ਹੈ, ਉਹ ਬਦਲਦਾ ਵੀ ਹੈ। ਵਿਚਾਰ ਬਦਲਣ ਨਾਲ ਸਾਡਾ ਵਿਹਾਰ ਅਤੇ ਵਿਹਾਰ ਬਦਲਣ ਨਾਲ, ਸਾਡੇ ਵਿਚਾਰ ਬਦਲ ਜਾਂਦੇ ਹਨ।
ਨਿੱਕੀਆਂ-ਨਿੱਕੀਆਂ ਗੱਲਾਂ ਡੂੰਘੀਆਂ ਹੋ ਸਕਦੀਆਂ ਹਨ । ਡੂੰਘੀਆਂ ਗੱਲਾਂ ਦੀਆਂ ਪਰਤਾਂ ਹੁੰਦੀਆਂ ਹਨ, ਜਿਹੜੀਆਂ ਫਰੋਲਣ ਦੀ ਲੋੜ ਹੁੰਦੀ ਹੈ। ਇਵੇਂ ਹੀ ਅਜਨਬੀ ਵਿਚਾਰਾਂ ਨੂੰ ਜਾਣਨ ਅਤੇ ਅਪਨਾਉਣ ਦੀ ਆਦਤ ਦੀ ਵੀ ਲੋੜ ਹੁੰਦੀ ਹੈ।
ਵਿਚਾਰਾਂ, ਟਿੱਪਣੀਆਂ, ਧਾਰਣਾਵਾਂ, ਸੋਚਾਂ ਦਾ ਹੱਥਲਾ ਸੰਗ੍ਰਹਿ ਮੁੱਢਲੇ ਰੂਪ ਵਿਚ ਮੇਰੀ ਨਿੱਜੀ ਵਰਤੋਂ ਲਈ ਸੀ । ਯੂਨੀਵਰਸਿਟੀ ਵਿਚ ਕਈ ਵਿਸ਼ਿਆਂ ਦੇ ਅਧਿਐਨ ਅਤੇ ਅਧਿਆਪਨ ਦੌਰਾਨ, ਭਾਂਤ-ਭਾਂਤ ਦੇ ਵਿਦਵਾਨਾਂ, ਵਿਅਕਤੀਆਂ ਅਤੇ ਵਿਦਿਆਰਥੀਆਂ ਨੂੰ ਮਿਲਣ ਅਤੇ ਪੁਸਤਕਾਂ ਪੜ੍ਹਨ-ਪੜ੍ਹਾਉਣ ਦਾ ਅਵਸਰ ਮਿਲਿਆ ਅਤੇ ਜੋ ਚੰਗਾ ਲਗਿਆ, ਜਿਸ ਨੇ ਪ੍ਰਭਾਵਿਤ ਕੀਤਾ, ਟੁੰਬਿਆ, ਜਿਸ ਵਿਚੋਂ ਅਰਥ, ਅਨੁਭਵ ਦੀਆਂ ਬਰੀਕੀਆਂ, ਨਿਚੋੜਿਆ ਹੋਇਆ ਤਜਰਬਾ, ਰਿੜਕਿਆ ਹੋਇਆ ਫ਼ਲਸਫ਼ਾ, ਵਿਸ਼ਲੇਸ਼ਣ, ਸੂਝ ਦੀਆਂ ਝਲਕੀਆਂ ਅਤੇ ਵਰਤਾਰਿਆਂ ਦੀਆਂ ਗੁੰਝਲਾਂ ਦੇ ਦੀਦਾਰ ਹੋਏ, ਉਨ੍ਹਾਂ ਨੂੰ ਮੈਂ ਆਪਣੇ ਸ਼ਬਦਾਂ ਵਿਚ ਦਰਜ ਕਰਦਾ ਰਿਹਾ ਹਾਂ। ਇਵੇਂ ਇਹ ਸੰਗ੍ਰਹਿ ਮੇਰੇ ਪਿਛਲੇ ਪੰਜ ਦਹਾਕਿਆਂ ਦਾ ਲੇਖਾ-ਜੋਖਾ ਹੈ। ਇਸ ਵਿਚ ਅਨੇਕਾਂ ਚਿੰਤਨ-ਧਾਰਨਾਵਾਂ, ਮਨੋਵਿਗਿਆਨਕ ਅਤੇ ਦਾਰਸ਼ਨਿਕ ਪਰਤਾਂ, ਇਸਤਰੀ-ਪੁਰਸ਼ ਸੰਬੰਧਾਂ, ਸਮਾਜਿਕ, ਪਰਿਵਾਰਕ ਅਤੇ ਆਪੇ-ਸਿਰਜੇ ਰਿਸ਼ਤਿਆਂ ਦੀ ਪਛਾਣ ਅਤੇ ਪੇਸ਼ਕਾਰੀ ਕੀਤੀ ਗਈ ਹੈ। ਕਈ ਥਾਈਂ ਸਮਾਜਿਕ ਵਿਅਕਤੀਆਂ ਦੇ ਸਮਾਜ-ਵਿਰੋਧੀ ਵਿਹਾਰ ਨੂੰ ਵਿਅੰਗਮਈ ਸੰਕੇਤਾਂ ਨਾਲ ਪ੍ਰਗਟਾਇਆ ਗਿਆ ਹੈ।
ਅਜੋਕੇ ਸੰਸਾਰ ਵਿਚ ਅਰਥਪੂਰਨ ਜੀਵਨ ਜਿਊਣ ਲਈ ਸਾਨੂੰ ਭਾਂਤ-ਭਾਂਤ ਦੇ ਹੁਨਰਾਂ, ਵਿਚਾਰਾਂ, ਤਜਰਬਿਆਂ ਅਤੇ ਸੰਬੰਧਾਂ ਦੀ ਲੋੜ ਪੈਂਦੀ ਹੈ। ਦੁਨੀਆ ਦਾ ਸਾਡੇ ਜੀਵਨ ਵਿਚ ਦਖ਼ਲ ਅਤੇ ਸੰਸਾਰ ਵਿੱਚ ਸਾਡੀ ਦਿਲਚਸਪੀ ਵੱਧਣ ਕਰਕੇ ਸਾਡੇ ਜੀਵਨ ਦਾ ਚਰਿਤਰ ਅੰਤਰ-ਰਾਸ਼ਟਰੀ ਹੋ ਗਿਆ ਹੈ। ਅਸੀਂ ਪਰੰਪਰਾ ਅਤੇ ਪਰਿਵਰਤਨ ਦੇ ਵਿਚਕਾਰ ਵਿਚਰ ਰਹੇ ਹਾਂ। ਇਹ ਪੁਸਤਕ ਇਨ੍ਹਾਂ ਪੱਖਾਂ ਨੂੰ ਵਿਭਿੰਨ ਪੱਧਰਾਂ 'ਤੇ ਪੇਸ਼ ਕਰਨ ਦਾ ਉਪਰਾਲਾ ਹੈ। ਆਪਣਾ ਵਿਕਾਸ ਕਰਨ ਅਤੇ ਆਪਣੀਆਂ ਸਮੱਸਿਆਵਾਂ ਆਪ ਹੱਲ ਕਰਨ ਦੀ ਜ਼ਿੰਮੇਵਾਰੀ ਸਾਡੀ ਹੈ। ਇਹ ਪੁਸਤਕ ਸਾਰੀਆਂ ਸਮੱਸਿਆਵਾਂ ਤਾਂ ਹੱਲ ਨਹੀਂ ਕਰੇਗੀ ਪਰ ਇਹ ਸੋਝੀ ਜ਼ਰੂਰ ਮਿਲਣ ਦੀ ਆਸ ਹੈ ਕਿ ਵਿਗਿਆਨਕ ਦ੍ਰਿਸ਼ਟੀਕੋਣ ਅਪਣਾ ਕੇ ਸਮੱਸਿਆਵਾਂ ਹੱਲ ਕੀਤੀਆਂ ਜਾ ਸਕਦੀਆਂ ਹਨ।
(vi)
ਲਿਖਣ ਰਾਹੀਂ ਮੈਨੂੰ ਪਤਾ ਲਗਦਾ ਹੈ ਕਿ ਮੈਂ ਕੀ ਸੋਚਦਾ ਹਾਂ, ਪੜ੍ਹਨ ਰਾਹੀਂ ਤੁਸੀਂ ਜਾਣ ਸਕੋਗੇ ਕਿ ਤੁਸੀਂ ਕੀ ਸੋਚਦੇ ਹੋ । ਇਹ ਪੁਸਤਕ ਤੁਹਾਨੂੰ ਹੋਰਾਂ ਵਰਗਾ ਬਣਨ ਦਾ ਲਾਲਚ ਤਿਆਗਣ ਦਾ ਸਾਹਸ ਦੇ ਸਕਦੀ ਹੈ ਅਤੇ ਵੱਖਰਾ ਅਤੇ ਨਿਵੇਕਲਾ ਬਣਨ ਦਾ ਉਤਸ਼ਾਹ ਉਪਜਾ ਸਕਦੀ ਹੈ। ਇਸ ਵਿਚੋਂ ਤੁਹਾਨੂੰ ਆਪਣੇ ਚਾਨਣੇ ਅਤੇ ਹਨੇਰੇ ਵੇਖਣ ਦੀ ਸਮਰੱਥਾ ਪ੍ਰਾਪਤ ਹੋਣ ਦੀ ਸੰਭਾਵਨਾ ਹੈ।
ਇਸ ਸੰਗ੍ਰਹਿ ਵਿਚਲੀ ਲਗਭਗ ਹਰੇਕ ਧਾਰਣਾ ਮਨ ਦੀ ਵੱਖਰੀ ਹਾਲਤ, ਵੱਖਰੇ ਵਿਸ਼ੇ ਅਤੇ ਚਰਿਤਰ ਨੂੰ ਪੇਸ਼ ਕਰਦੀ ਹੈ ਤਾਂ ਕਿ ਪਾਠਕ, ਜੀਵਨ ਦੇ ਗੁੱਝੇ ਭੇਤਾਂ, ਨਿਤਾ-ਪ੍ਰਤੀ ਦੀਆਂ ਸਮੱਸਿਆਵਾਂ ਅੰਦਰ ਕਾਰਜਸ਼ੀਲ ਵਰਤਾਰਿਆਂ, ਸਾਧਾਰਨ ਅਤੇ ਸਰਲ ਪਿਛੇ ਖਲੋਤੀਆਂ ਜਟਿਲਤਾਵਾਂ ਨੂੰ ਜਾਣ ਅਤੇ ਸਮਝ ਸਕਣ।
ਇਹ ਸੰਗ੍ਰਹਿ ਪਾਠਕਾਂ ਵਿਚ ਗਲਬਾਤ ਕਰਨ ਦੀ ਯੋਗਤਾ ਅਤੇ ਸਮਰੱਥਾ ਵਧਾਉਣ ਦੇ ਉਦੇਸ਼ ਹਿੱਤ ਹੈ। ਗੱਲਾਂ ਕਰਨਾ ਸੌਖਾ ਕਾਰਜ ਨਹੀਂ ਹੁੰਦਾ, ਅਸੀਂ ਸਾਰੇ ਗੱਲਾਂ ਕਰਦੇ ਹਾਂ ਪਰ ਮੰਨੀਆਂ, ਕਿਨ੍ਹਾਂ ਦੀਆਂ ਕਿਹੜੀਆਂ ਗੱਲਾਂ ਜਾਂਦੀਆਂ ਹਨ ? ਵੇਖਿਆ ਗਿਆ ਹੈ ਕਿ ਭਵਿੱਖਵਾਦੀ ਵਿਚਾਰਾਂ ਅਤੇ ਗੱਲਾਂ ਵਿਚ ਮੰਨੇ ਜਾਣ ਦੀ ਸ਼ਕਤੀ ਵਧੇਰੇ ਹੁੰਦੀ ਹੈ। ਪੁਰਾਣੇ ਜ਼ਮਾਨੇ ਦੇ ਲੋਕ ਸਮਝਦੇ ਹਨ ਕਿ ਪੁਰਾਣੇ ਸਮੇਂ ਚੰਗੇ ਸਨ ਪਰ ਹੁਣ ਸਪਸ਼ਟ ਰੂਪ ਵਿਚ ਸਮਝਣ ਦੀ ਲੋੜ ਹੈ ਕਿ ਸਾਡਾ ਭਵਿੱਖ, ਚੰਗੇਰਾ ਅਤੇ ਖੁਸ਼ਹਾਲ ਹੋਵੇਗਾ। ਵਾਸਤਵ ਵਿੱਚ ਮਨੁੱਖ ਵਿਕਾਸ ਕਰਨਾ ਉਦੋਂ ਆਰੰਭ ਕਰਦਾ ਹੈ, ਜਦੋਂ ਉਹ ਵਿਗਿਆਨ ਨੂੰ ਅਪਣਾਉਂਦਾ ਅਤੇ ਭਵਿੱਖ ਵਿਚ ਵਿਸ਼ਵਾਸ ਕਰਨਾ ਸਿਖਦਾ ਹੈ।
ਸਾਡਾ ਬਾਕੀ ਦਾ ਜੀਵਨ ਭਵਿੱਖ ਵਿਚ ਗੁਜ਼ਰਨਾ ਹੈ ਅਤੇ ਅਜ ਸਾਡੇ ਬਾਕੀ ਦੇ ਜੀਵਨ ਦਾ ਪਹਿਲਾ ਦਿਨ ਹੈ।
ਹਰ ਵੇਲੇ ਤਰਕਸ਼ੀਲ ਹੋਣਾ ਪ੍ਰਸੰਨਤਾ ਨਹੀਂ ਸਿਰਜਦਾ, ਭਾਵਕ ਵਰਤਾਰਿਆਂ ਵਿਚ ਅਕਸਰ ਤਰਕ ਨੂੰ ਤਿਆਗਣ ਦੀ ਲੋੜ ਪੈਂਦੀ ਹੈ। ਪਿਆਰ ਦਾ ਭਾਵਕ ਅਨੁਭਵ ਸਾਡੇ ਲੂੰ-ਲੂੰ ਨੂੰ ਪ੍ਰਭਾਵਿਤ ਕਰਦਾ ਹੈ। ਇਸ ਪੁਸਤਕ ਵਿਚ ਨਰ-ਨਾਰੀ ਦੇ ਪਰਸਪਰ ਸੰਬੰਧਾਂ ਅਤੇ ਪਿਆਰ ਨੂੰ ਤਾਰਕਿਕ ਦੇ ਨਾਲ-ਨਾਲ ਭਾਵਕ ਦ੍ਰਿਸ਼ਟੀਕੋਣ ਤੋਂ ਵੀ ਪੇਸ਼ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਅਜਿਹੇ ਵਿਚਾਰਾਂ ਦੇ ਸ਼ਾਬਦਿਕ-ਅਰਥਾਂ ਦੇ ਨਾਲ ਭਾਵ-ਅਰਥਾਂ ਨੂੰ ਜਾਣਨ ਦੀ ਵੀ ਲੋੜ ਪਏਗੀ।
ਜਿਹੜਾ ਅਨੁਭਵ ਲੰਮੇ ਅਤੇ ਵਿਸ਼ਾਲ ਵਰਤਾਰੇ ਵਿਚੋਂ ਉਪਜਿਆ ਹੋਵੇ, ਉਹ ਲੰਮਾ ਅਰਸਾ ਆਧੁਨਿਕ, ਸਮਕਾਲੀ ਅਤੇ ਸਾਰਥਕ ਰਹਿੰਦਾ ਹੈ। ਤਜਰਬੇ ਦੀ ਛਾਨਣੀ ਵਿਚੋਂ ਲੰਘੇ ਅਤੇ ਅਨੁਭਵ ਦੀ ਚਾਟੀ ਵਿੱਚੋਂ ਰਿੜਕੇ ਵਿਚਾਰ, ਤਣਾਓ ਨੂੰ ਦੂਰ ਕਰਦੇ ਹੋਏ, ਸਾਡੇ ਮਨੋਬਲ ਅਤੇ ਵਿਸ਼ਵਾਸ ਨੂੰ ਵਧਾਉਂਦੇ ਹਨ।
ਜੀਵਨ ਕਿਸੇ ਤਰਤੀਬ ਵਿਚ ਨਹੀਂ ਚਲਦਾ, ਘਟਨਾਵਾਂ ਕਿਸੇ ਲੜੀ ਵਿਚ ਨਹੀਂ ਵਾਪਰਦੀਆਂ, ਵਿਚਾਰਾਂ ਦਾ ਕੋਈ ਨਿਸਚਿਤ ਸਿਲਸਿਲਾ ਨਹੀਂ ਹੁੰਦਾ। ਜੀਵਨ ਦੇ (vii)
ਵਿਭਿੰਨ ਰੂਪਾਂ ਅਤੇ ਪੱਖਾਂ ਨੂੰ ਪੇਸ਼ ਕਰਨ ਵਾਲੀ ਇਹ ਇਕ ਖੁਲ੍ਹੀ ਪੁਸਤਕ ਹੈ। ਇਸ ਨੂੰ ਜਿਥੋਂ ਚਾਹੋ ਆਰੰਭ ਕਰ ਸਕਦੇ ਹੋ। ਅਗੇ-ਪਿਛੇ ਅਤੇ ਜਿਧਰ ਜਿਤਨੀ ਦੂਰ ਚਾਹੋ, ਜਾ ਸਕਦੇ ਹੋ। ਇਸ ਦਾ ਹਰੇਕ ਵਿਚਾਰ ਅਤੇ ਹਰ ਪੰਨਾ ਸੁਤੰਤਰ ਹੈ।
ਇਸ ਸੰਗ੍ਰਹਿ ਵਿਚ ਹਰ ਕਿਸੇ ਲਈ ਕੁਝ ਹੈ। ਮੇਰੇ ਇਨ੍ਹਾਂ ਨਿੱਜੀ ਵਿਚਾਰਾਂ ਨੇ ਮੈਨੂੰ ਪ੍ਰਭਾਵਿਤ ਕੀਤਾ ਅਤੇ ਲਾਭ ਪਹੁੰਚਾਇਆ ਹੈ, ਆਸ ਹੈ ਇਹ ਤੁਹਾਡੇ ਲਈ ਵੀ ਲਾਭਕਾਰੀ ਸਿੱਧ ਹੋਣਗੇ । ਇਹ ਸੰਗ੍ਰਹਿ ਜ਼ਿੰਦਗੀ ਦਾ ਬਸਤਾ ਹੈ।
ਹੱਥਲਾ ਸੰਗ੍ਰਹਿ ਦਸ ਸਾਲ ਪਹਿਲਾਂ ਛੱਪੀ ਪੁਸਤਕ, 'ਮਾਲਾ ਮਣਕੇ' ਦਾ ਵਿਸਤਾਰ ਹੈ, ਇਸ ਲਈ ਇਸ ਦਾ ਨਾਂ 'ਮਾਲਾ ਮਣਕੇ-2' ਰਖਿਆ ਗਿਆ ਹੈ।
ਸੈਂਕੜਿਆਂ ਦਾ ਧੰਨਵਾਦ ਕਰਨਾ ਬਣਦਾ ਹੈ, ਧੰਨਵਾਦ ਕਰਨ ਦੇ ਕਾਰਨ ਵੀ ਹਜ਼ਾਰਾਂ ਹਨ। ਆਪਣੀ ਸੋਹਣੀ ਮਾਂ ਅਤੇ ਸੰਤ ਪਿਤਾ, ਜਿਨ੍ਹਾਂ ਨੇ ਜ਼ਿੰਦਗੀ ਦੀ ਸੌਗਾਤ ਦਿਤੀ, ਸੁਘੜ-ਸਿਆਣੀ ਅਤੇ ਸੁਨੱਖੀ ਪ੍ਰੋਫੈਸਰ-ਪਤਨੀ, ਜਿਸਨੇ ਹਰ ਪੜਾਓ 'ਤੇ ਭਾਵਕ ਅਤੇ ਬੌਧਿਕ ਸਹਿਯੋਗ ਦਿਤਾ, ਉਨ੍ਹਾਂ ਅਨੇਕਾਂ ਪੁਰਸ਼ਾਂ-ਇਸਤਰੀਆਂ, ਅਧਿਆਪਕਾਂ-ਵਿਦਿਆਰਥੀਆਂ, ਪ੍ਰੇਮੀ-ਪ੍ਰੇਮਿਕਾਵਾਂ, ਵਿਰੋਧੀਆਂ-ਮਿੱਤਰਾਂ, ਜਾਣੂਆਂ-ਅਜਨਬੀਆਂ ਅਤੇ ਦੋਸਤਾਂ-ਸਹੇਲੀਆਂ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣੇ ਸੰਸੇ, ਸੁਪਨੇ, ਨਿੱਜੀ ਵੇਰਵੇ ਅਤੇ ਜੀਵਨ-ਅਨੁਭਵ ਮੇਰੇ ਨਾਲ ਸਾਂਝੇ ਕੀਤੇ, ਜਿਹੜੇ ਕਿਸੇ ਨਾ ਕਿਸੇ ਰੂਪ ਵਿਚ ਇਸ ਪੁਸਤਕ ਵਿਚ ਦਰਜ ਹਨ।
ਪੜ੍ਹਨ ਲਈ ਇਸ ਪੁਸਤਕ ਨੂੰ ਚੁਣਨ ਲਈ ਤੁਹਾਡਾ ਧੰਨਵਾਦੀ ਹਾਂ।
ਇਹ ਪੁਸਤਕ ਹੈ ਹੀ ਤੁਹਾਡੇ ਲਈ।
ਇਹ ਸੰਗ੍ਰਹਿ ਭੇਟ ਕਰਕੇ ਮੈਂ ਤੁਹਾਡੀਆਂ ਅਸੀਸਾਂ ਕਮਾਉਣੀਆਂ ਹਨ।
ਨਰਿੰਦਰ ਸਿੰਘ ਕਪੂਰ
Comments