Panthak Dastavez by Naraien Singh ,karamjit singh
*
ਜਦੋਂ ਕੌਮਾਂ ਕਰਵਟ ਲੈਂਦੀਆਂ ਹਨ ਤਾਂ ਇਤਿਹਾਸ ਵੀ ਥਰਥਰਾਉਣ ਲੱਗ ਜਾਂਦਾ ਹੈ। ਇਸੇ ਥਰਥਰਾਹਟ ਦੌਰਾਨ ਕੋਈ ਬੰਦਾ ਸਿੰਘ ਬਹਾਦਰ ਆਪਣੇ ਸ਼ਾਂਤੀਮੱਠ ਨੂੰ ਅਲਵਿਦਾ ਆਖ ਸਿਤਮਾਂ ਦੀ ਨਗਰੀ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਂਦਾ ਹੈ। ਕੋਈ ਚੇ ਗੁਵੇਰਾ ਕਿਊਬਾ ਦੀ ਵਜ਼ੀਰੀ ਨੂੰ ਲੱਤ ਮਾਰ ਕੇ ਬੰਦੂਕ ਹਿੱਕ ਨਾਲ ਲਾ ਬੋਲੀਵੀਆ ਦੇ ਜੰਗਲਾਂ ਵਿੱਚ ਦੁਸ਼ਮਣ ਵਿਰੁੱਧ ਮੋਰਚਾਬੰਦੀ ਕਰਦਾ ਹੈ ਅਤੇ ਕੋਈ ਨੈਲਸਨ ਮੰਡੇਲਾ ਦੁਸ਼ਮਣ ਦੀ ਈਨ ਕਬੂਲਣ ਤੋਂ ਨਾਂਹ ਕਰਕੇ ਆਪਣੀ ਸਾਰੀ ਉਮਰ ਕਾਲ ਕੋਠੜੀ ਦੇ ਲੇਖੇ ਲਾਉਣੀ ਵਧੇਰੇ ਬਿਹਤਰ ਸਮਝਦਾ ਹੈ।
* ਅਸੀਂ ਤੁਹਾਡੇ (ਰਾਸ਼ਟਰਪਤੀ ਜੀ) ਰਾਹੀਂ ਇਹ ਪੈਗ਼ਾਮ ਵੀ ਦੇਣਾ ਚਾਹੁੰਦੇ ਹਾਂ ਕਿ ਸਾਡਾ ਹਿੰਦੁਸਤਾਨ ਦੇ ਮਹਾਨ ਲੋਕਾਂ ਅਤੇ ਇਸ ਦੀ ਧਰਤੀ ਨਾਲ ਕੋਈ ਵੈਰ, ਵਿਰੋਧ ਜਾਂ ਦੁਸ਼ਮਣੀ ਨਹੀਂ। ਉਹਨਾਂ ਪ੍ਰਤੀ ਨਫ਼ਰਤ ਦੀ ਭਾਵਨਾ ਦੇ ਅਸੀਂ ਨੇੜੇ-ਤੇੜੇ ਵੀ ਨਹੀਂ ਹਾਂ। ਅਸੀਂ ਤਾਂ ਧਰਤ-ਅਸਮਾਨ ਨੂੰ ਆਪਣੀ ਗਲਵਕੜੀ ਵਿੱਚ ਲੈਣ ਲਈ ਬਿਹਬਲ ਹਾਂ ਅਤੇ ਸਮੁੱਚੇ ਬ੍ਰਹਿਮੰਡ ਤੇ ਇਸ ਵਿੱਚ ਵਸਦੀ-ਰਸਦੀ ਜ਼ਿੰਦਗੀ ਦੀ ਆਰਤੀ ਉਤਾਰਦੇ ਹਾਂ।
* ਸਾਡੀ ਕੌਮ ਨੂੰ ਆਖਣਾ ਕਿ ਉਹ ਉਦਾਸ ਨਾ ਹੋਏ, ਕਿਉਂਕਿ ਅਸੀਂ ਕਲਗੀਆਂ ਵਾਲੇ ਦੀ ਯਾਦ ਦਾ ਦਰਿਆ ਵਗਾ ਦਿੱਤਾ ਹੈ। ਦਸਮ ਪਾਤਿਸ਼ਾਹ ਦੀ ਮੁਹੱਬਤ ਦਾ ਚਸ਼ਮਾ ਫੁੱਟ ਚੁੱਕਾ ਹੈ ਤੇ ਅਸੀਂ ਸਾਬਤ-ਸਿਦਕਵਾਨ ਹੋ ਕੇ ਕਿਸੇ ਅਦਿੱਖ ਸ਼ਾਂਤੀ ਤੇ ਸਹਿਜ ਵਿੱਚ ਮਕਤਲ ਵੱਲ ਜਾ ਰਹੇ ਹਾਂ। ਅਸੀਂ ਸਿਦਕ ਦੀ ਅਨੋਖੀ ਕਿਸ਼ਤੀ ਵਿੱਚ ਸਵਾਰ ਹਾਂ, ਜਿੱਥੇ ਸਮੁੰਦਰ ਦੀਆਂ ਲਹਿਰਾਂ ਸਾਨੂੰ ਡੋਬਣ ਤੋਂ ਅਸਮਰਥ ਹਨ।
* ਅਜ਼ਾਦੀ ਦੇ ਜਜ਼ਬੇ ਨਾਲ ਬੋਲ ਰਹੇ ਯੋਧਿਆਂ ਨੂੰ ਆਖਣਾ ਕਿ ਸਾਡੀ ਲਲਕਾਰ ਮੱਠੀ ਨਾ ਪਵੇ ਅਤੇ ਮੈਦਾਨੇ-ਜੰਗ ਵਿੱਚ ਉਹਨਾਂ ਦੀਆਂ ਗੋਲੀਆਂ ਦੀ ਤੜ-ਤੜ ਸਾਡੀ ਮੌਤ ਦੇ ਵੈਣ ਹੋਣ ।
* ਅਸੀਂ ਸੁਫਨਿਆਂ ਦੀ ਦੁਨੀਆ ਵਿੱਚ ਉਡਾਰੀਆਂ ਨਹੀਂ ਮਾਰ ਰਹੇ, ਸਗੋਂ ਤਵਾਰੀਖ ਵਿੱਚ ਖਲੋ ਕੇ ਇਹ ਐਲਾਨ ਕਰ ਰਹੇ ਹਾਂ ਕਿ ਸਾਡੇ ਗੁਰੂਆਂ ਨੇ ਦਲਿਤ ਭਾਈਚਾਰੇ ਨਾਲ ਸੰਬੰਧਤ ਲੋਕਾਂ ਦੇ ਇਸ਼ਕ ਨਾਲ ਰੱਤੀਆਂ ਮਹਾਨ ਰੱਬੀ-ਰੂਹਾਂ ਦੀ ਬਾਣੀ ਨੂੰ ਪਿਆਰ ਕੀਤਾ, ਪਲਕਾਂ ਉੱਤੇ ਬੈਠਾਇਆ ਅਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੀ ਬਾਣੀ ਦੇ ਬਰਾਬਰ ਦਰਜਾ ਦੇ ਕੇ ਨਿਵਾਜਿਆ। ਦਲਿਤਾਂ ਦੀ ਰੂਹ ਅਤੇ ਉਹਨਾਂ ਦੀ ਅੰਤਰੀਵ ਪੀੜ ਸਾਡੇ ਹੀ ਕਿਸੇ ਦਰਦ ਦਾ ਹਿੱਸਾ ਹੈ। ਅਸੀਂ ਤਾਂ ਉਹਨਾਂ ਦੀ ਹੋਂਦ ਦੇ ਨਿੱਘ ਨੂੰ ਮਾਣ ਰਹੇ ਹਾਂ, ਪਰ ਬ੍ਰਾਹਮਣ ਦੇ ਕੁਫ਼ਰ ਦਾ ਜਾਲ ਇੰਨਾ ਵੱਡਾ ਹੈ ਕਿ ਅਜੇ ਸਾਡੇ ਇਹਨਾਂ ਭਰਾਵਾਂ ਨੂੰ ਸਾਡੀ ਲੜਾਈ ਦੀ ਪੂਰੀ ਸਮਝ ਨਹੀਂ ਲੱਗ ਰਹੀ। ਜਦੋਂ ਉਹ ਖ਼ਾਲਸੇ ਦੀ ਗਲਵਕੜੀ ਵਿੱਚ ਆ ਜਾਣਗੇ ਤਾਂ ਸੰਸਾਰੀ ਬਾਦਸ਼ਾਹੀਆਂ ਦੇ ਮਹਾਨ ਰੁਤਬੇ ਇੱਕ ਵਾਰ ਮੁੜ ਉਹਨਾਂ ਅੱਗੇ ਸਜਦਾ ਕਰਨਗੇ। ਸਾਨੂੰ ਉਸ ਸਮੇ ਦੀ ਉਸ ਸੁਲੱਖਣੀ ਘੜੀ ਦੀ ਉਡੀਕ ਹੈ।
(ਸ਼ਹੀਦ ਭਾਈ ਸੁਖਦੇਵ ਸਿੰਘ ਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਵੱਲੋਂ ਰਾਸ਼ਟਰਪਤੀ ਦੇ ਨਾਂਅ ਲਿਖੀ ਚਿੱਠੀ 'ਚੋਂ)