ਕੀ ਤੁਸੀਂ ਆਪਣੀ ਗੱਲ ਪ੍ਰਭਾਵਸ਼ਾਲੀ ਬਣਾਉਣਾ ਚਾਹੁੰਦੇ ਹੋ/Do you want to make your speech effective?
- Shah Kitab Ghar
- 12 hours ago
- 4 min read

ਹਰ ਇਲਾਕੇ, ਖਿੱਤੇ, ਦੇਸ਼, ਕੌਮ ਅਤੇ ਭਾਸ਼ਾ ਦੀਆਂ ਕੁਝ ਅਜਿਹੀਆਂ ਕਹਾਵਤਾਂ ਹੁੰਦੀਆਂ ਹਨ ਜਿਹੜੀਆਂ ਆਉਣ ਵਾਲੀਆਂ ਪੀੜੀਆਂ ਤੱਕ ਜਿਓਂ ਦੀਆਂ ਤਿਓਂ ਚੱਲਦੀਆਂ ਹਨ ਅਤੇ ਨਵੀਂ ਨਸਲ ਦਾ ਮਾਰਗ ਦਰਸ਼ਨ ਕਰਦੀਆਂ ਹਨ। ਇਹ ਕਹਾਵਤਾਂ ਸਿਆਣੇ ਬਜੁਰਗਾਂ ਵੱਲੋਂ ਆਪਣੇ ਵਾਰਸਾਂ ਨੂੰ ਦਿੱਤਾ ਇੱਕ ਅਨਮੋਲ ਤੋਹਫ਼ਾ ਹੁੰਦੀਆਂ ਹਨ, ਜਿਹੜਾ ਅਗਾਂਹ ਉਹਨਾਂ ਦੀ ਬੋਲੀ ਨੂੰ ਖੂਬਸੂਰਤ ਅਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਅਖਾਣ ਕੁਝ ਦਿਨਾਂ ਜਾਂ ਮਹੀਨਿਆਂ ਦੇ ਤਜ਼ਰਬੇ ਤੋਂ ਨਹੀਂ ਸਿਰਜੇ ਜਾਂਦੇ, ਇਹ ਕਿਸੇ ਵੀ ਸਮਾਜ ਵਿੱਚ ਮਨੁੱਖੀ ਜੀਵਨ ਦੇ ਵਰ੍ਹਿਆਂ ਦੇ ਵਰਤਾਰਿਆਂ ਦਾ ਨਿਚੋੜ ਬਣ ਕੇ ਸਾਹਮਣੇ ਆਉਂਦੇ ਹਨ, ਜਿਹੜਾ ਅਗਲੇਰੇ ਵਕਤ ਦੇ ਓਹੋ ਜਿਹੇ ਹਾਲਾਤ ਦੀ ਕਸੌਟੀ ਤੇ ਹਮੇਸ਼ਾ ਖਰਾ ਉੱਤਰਦਾ ਹੈ। ਜਿਵੇਂ ਸਿੱਪੀ ਵਿੱਚ ਮੋਤੀ ਬਣਨ ਨੂੰ ਲੰਮਾ ਵਕਤ ਦਰਕਾਰ ਹੁੰਦਾ ਹੈ, ਇਓਂ ਹੀ ਕਿਸੇ ਕਹਾਵਤ ਜਾਂ ਅਖਾਣ ਦੇ ਪੈਦਾ ਹੋਣ ਵਿੱਚ ਵੀ ਉਮਰਾਂ ਲੱਗ ਜਾਂਦੀਆਂ ਹਨ।
ਪੁਰਾਣੇ ਵਿਰਸੇ ਵਿੱਚ ਮਿਲੇ ਅਖਾਣਾਂ ਤੋਂ ਇਲਾਵਾ ਵਕਤ ਦੇ ਨਾਲ ਨਾਲ ਨਵੇਂ ਅਖਾਣ ਵੀ ਹੋਂਦ ਵਿੱਚ ਆਉਂਦੇ ਰਹਿੰਦੇ ਹਨ। ਹੋਰ ਭਾਸ਼ਾਵਾਂ ਵਾਂਗ ਪੰਜਾਬੀ ਬੋਲੀ ਵਿੱਚ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਅਖਾਣ ਪ੍ਰਚੱਲਤ ਹਨ ਜਿਹੜੇ ਬੜੀ ਸੂਖਮ ਅਤੇ ਢੁੱਕਵੀਂ ਸ਼ੈਲੀ ਵਿੱਚ ਰਚੇ ਗਏ ਹਨ। ਪੰਜਾਬੀ ਵਿੱਚ ਪੰਜਾਬ ਦੀਆਂ ਸਮਾਜਿਕ, ਆਰਥਿਕ ਅਤੇ ਭੂਗੋਲਿਕ ਹਾਲਾਤਾਂ ਬਾਰੇ ਅਣਗਿਣਤ ਅਖਾਣ ਸੁਣਨ ਨੂੰ ਮਿਲਦੇ ਹਨ। ਪਿੰਡਾਂ ਦੇ ਲੋਕ ਇਨ੍ਹਾਂ ਦੀ ਵਰਤੋਂ ਸ਼ਹਿਰਾਂ ਵਿੱਚ ਰਹਿਣ ਵਾਲਿਆਂ ਨਾਲੋਂ ਵਧੇਰੇ ਕਰਦੇ ਹਨ। ਇਹ ਅਖਾਣ ਸਾਡੇ ਵਡੇਰਿਆਂ ਦੇ ਆਮ ਬੋਲਚਾਲ਼ ਵਿੱਚ ਸੁਤੇ ਸਿੱਧ ਹੀ ਸ਼ਾਮਿਲ ਹੁੰਦੇ ਰਹੇ ਹਨ ਪਰ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਹੁਣ ਸਾਡੇ ਬੋਲਚਾਲ਼ ਵਿੱਚੋਂ ਇਹ ਲੱਗਭਗ ਮਨਫ਼ੀ ਹੋ ਚੁੱਕੇ ਹਨ। ਨਵੇਂ ਯੁੱਗ ਨੇ ਜਿੱਥੇ ਸਾਡੇ ਪੇਂਡੂ ਸੱਭਿਆਚਾਰ ਤੇ ਹੋਰ ਮਾਰੂ ਹਮਲੇ ਕੀਤੇ ਹਨ, ਓਥੇ ਪੰਜਾਬੀ ਬੋਲੀ ਦੇ ਇਹ ਨਾਯਾਬ ਗਹਿਣੇ ਵੀ ਸਾਡੇ ਵਾਰਸਾਂ ਕੋਲੋਂ ਖੋਹ ਲਏ ਹਨ।
ਉਂਜ ਤਾਂ ਸਾਰੇ ਹੀ ਅਖਾਣ ਆਪਸੀ ਗੱਲ ਬਾਤ ਨੂੰ ਪ੍ਰਭਾਵਸ਼ਾਲੀ ਬਣਾਉਣ ਵਿੱਚ ਸਹਾਈ ਹੁੰਦੇ ਹਨ, ਫਿਰ ਵੀ ਕੁਝ ਅਖਾਣ ਏਨੇ ਪ੍ਰਸਿੱਧ ਹਨ ਕਿ ਉਹਨਾਂ ਬਾਰੇ ਹਰ ਕਿਸੇ ਨੂੰ ਜਾਣਕਾਰੀ ਹੈ ਜਿਵੇਂ:
ਉਹ ਦਿਨ ਡੁੱਬਾ, ਜਿੱਦਣ ਘੋੜੀ ਚੜ੍ਹਿਆ ਕੁੱਬਾ।
ਬੁੱਢੀ ਘੋੜੀ ਲਾਲ ਲਗਾਮ।
ਜਾਤ ਦੀ ਕੋਹੜ ਕਿਰਲੀ, ਸ਼ਤੀਰਾਂ ਨੂੰ ਜੱਫੇ।
ਇੱਕ ਇਕੱਲਾ, ਦੇ ਗਿਆਰਾਂ।
ਖੂਹ ਪੁੱਟਦੇ ਨੂੰ ਖਾਤਾ ਤਿਆਰ।
ਪੇਕੇ ਨਾ ਸਹੁਰੇ, ਡੁੱਬ ਮਰੀ ਨਨਿਆਹੁਰੇ
ਉੱਠ ਹੋਵੇ ਨਾ, ਫਿੱਟੇ ਮੂੰਹ ਗੋਡਿਆਂ ਦਾ।
ਬੁੱਢੇ ਨੂੰ ਸਮਝਾਉਣਾ, ਬੋਤਾ ਰੇਲ ਚੜਾਉਣਾ।
ਮੱਛੀ ਅਤੇ ਪ੍ਰਾਹੁਣਾ, ਤੀਏ ਮਾਰਨ ਬੋਅ।
ਜਵਾਈ ਜਵਾਂਹੇਂ ਦੀ ਛਾਂ, ਨਾ ਬਹੇ ਕੁੱਤਾ ਨਾ ਬਹੇ ਕਾਂ।
ਪੰਜਾਂ ਪੁੱਤਾਂ ਦੀ ਮਾਂ, ਰੋਟੀ ਅੱਲਾ ਦੇ ਨਾਂ।
ਨੂੰਹ ਮੰਜੇ ਸੱਸ ਧੰਦੇ, ਦੋ ਦਿਹਾੜੇ ਸੁੱਖ ਦੇ ਲੰਘੇ
ਇਨ੍ਹਾਂ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਅਖਾਣ ਅਜਿਹੇ ਹਨ ਜਿਨ੍ਹਾਂ ਦੀ ਵਰਤੋਂ ਸਾਡੇ ਬਜ਼ੁਰਗ ਆਮ ਗੱਲਬਾਤ ਵਿੱਚ ਕਰਦੇ ਰਹੇ ਹਨ। ਅਖਾਣਾਂ ਦੀ ਰਚਨਾ ਆਮ ਲੋਕਾਂ ਦੀ ਬੋਲੀ ਠੇਠ ਪੰਜਾਬੀ ਵਿੱਚ ਕੀਤੀ ਗਈ ਹੋਣ ਕਾਰਣ ਇਹ ਝੱਟਪਟ ਹੀ ਸਭ ਦੇ ਮੂੰਹ ਚੜ੍ਹ ਜਾਂਦੇ ਹਨ। ਪੰਜਾਬ ਵਿੱਚ ਲੋਕਾਂ ਦੇ ਵੱਖ ਵੱਖ ਕਿੱਤਿਆਂ, ਸਮਾਜਿਕ ਰੁਤਬਿਆਂ, ਆਰਥਿਕ ਹਾਲਤਾਂ, ਜਾਤਾਂ ਗੋਤਾਂ ਸਬੰਧੀ ਹਜ਼ਾਰਾਂ ਅਖਾਣ ਮਿਲਦੇ ਹਨ ਜਿਹੜੇ ਅਜੇ ਵੀ ਓਨੇ ਹੀ ਸੱਚੇ ਹਨ ਜਿੰਨੇ ਉਹ ਉਸ ਸਮੇਂ ਹੁੰਦੇ ਸਨ ਜਦੋਂ ਉਹਨਾਂ ਦੀ ਰਚਨਾ ਕੀਤੀ ਗਈ। ਕੁਝ ਕੁ ਅਖਾਣ ਵਕਤ ਦੀਆਂ ਤਬਦੀਲੀਆਂ ਦੇ ਕਾਰਨ ਹੁਣ ਸਹੀ ਸਹੀ ਢੁੱਕਦੇ ਨਹੀਂ ਜਾਪਦੇ ਪਰ ਓਦੋਂ ਉਹ ਪੂਰੀ ਤਰ੍ਹਾਂ ਢੁੱਕਦੇ ਸਨ ਜਦੋਂ ਉਹ ਰਚੇ ਗਏ ਸਨ।
ਅਖਾਣ ਕਈ ਤੱਤਾਂ ਦਾ ਸੁਮੇਲ ਹੁੰਦਾ ਹੈ ਜਿਵੇ ਸਿਆਣਪ, ਉਮਰ ਦਾ ਤਜ਼ਰਬਾ, ਸੱਚਾਈ, ਸਰਲਤਾ, ਯਥਾਰਥ ਅਤੇ ਸੰਖੇਪਤਾ। ਤਜ਼ਰਬੇ ਦੀ ਗੂੜ੍ਹ ਸਿਆਣਪ ਭਾਵੇਂ ਇਸਦਾ ਕੇਂਦਰ ਬਿੰਦੂ ਹੈ, ਤਾਂ ਵੀ ਕਿਸੇ ਵੀ ਹੋਰ ਤੱਤ ਨੂੰ ਇਸ ਵਿੱਚੋਂ ਨਿਖੇੜਿਆ ਨਹੀਂ ਜਾ ਸਕਦਾ। ਪੰਜਾਬੀਆਂ ਦੀ ਜ਼ਿੰਦਗੀ ਦੇ ਹਰ ਪਹਿਲੂ, ਹਰ ਕਿੱਤੇ ਅਤੇ ਹਰ ਜ਼ਾਤ ਗੋਤ ਨਾਲ ਜੁੜੀਆਂ ਕਹਾਵਤਾਂ ਜਾਂ ਅਖਾਣ ਮਿਲ ਜਾਂਦੇ ਹਨ। ਖੇਤੀ ਪੰਜਾਬੀਆਂ ਦਾ ਮੁੱਖ ਕਿੱਤਾ ਰਿਹਾ ਹੈ, ਇਸ ਲਈ ਜ਼ਮੀਨ ਅਤੇ ਫਸਲਾਂ ਨਾਲ ਸਬੰਧਿਤ ਕਹਾਵਤਾਂ ਆਮ ਹਨ।
ਪੰਜਾਬੀ ਅਖਾਣਾਂ ਤੇ ਹੁਣ ਤੱਕ ਕਾਫੀ ਕੰਮ ਹੋਇਆ ਹੈ। ਸਿੱਟੇ ਵਜੋਂ ਬਹੁਤ ਸਾਰੇ ਅਖਾਣ ਕੋਸ਼ ਹੋਂਦ ਵਿੱਚ ਆਏ, ਪਰ ਤਾਂ ਵੀ ਪਿੰਡਾਂ ਦੇ ਆਮ ਬੋਲਚਾਲ ਵਿੱਚ ਸ਼ਾਮਲ ਬਹੁਤ ਸਾਰੇ ਅਖਾਣ ਇਨ੍ਹਾਂ ਪੁਸਤਕਾਂ ਵਿੱਚ ਸ਼ਾਮਲ ਹੋਣੋ ਰਹਿ ਗਏ ਹਨ। ਇਸ ਲਈ ਇੱਕ ਸੋਚ ਹਮੇਸ਼ਾ ਮੈਨੂੰ ਟੁੰਬਦੀ ਰਹੀ ਕਿ ਕੋਈ ਅਜਿਹਾ ਅਖਾਣ ਕੋਸ਼ ਵੀ ਹੋਣਾ ਚਾਹੀਦਾ ਹੈ ਜਿਸ ਵਿੱਚ ਪੰਜਾਬੀ ਦੇ ਸਾਰੇ ਜੇ ਨਾ ਵੀ ਹੋ ਸਕਣ ਤਾਂ ਵੱਧ ਤੋਂ ਵੱਧ ਅਖਾਣ ਜਰੂਰ ਦਰਜ਼ ਕੀਤੇ ਜਾਣ। ਕੋਈ ਗਿਆਰਾਂ-ਬਾਰਾਂ ਸਾਲ ਪਹਿਲਾਂ ਮੈਂ ਅਖਾਣਾਂ ਨੂੰ ਕਲਮਬੰਦ ਕਰਨਾ ਸ਼ੁਰੂ ਕੀਤਾ ਸੀ ਅਤੇ ਫਿਰ ਹਰ ਕਹਾਣੀ, ਹਰ ਨਾਟਕ, ਹਰ ਨਾਵਲ ਜਿਹੜਾ ਵੀ ਮੇਰੇ ਹੱਥ ਆਇਆ, ਸਿਰਫ ਅਖਾਣ ਲੱਭਣ ਲਈ ਮੈਂ ਉਹਨਾਂ ਸਭਨਾਂ ਨੂੰ ਪੜ੍ਹਿਆ। ਵੱਧ ਤੋਂ ਵੱਧ ਅਖਾਣ ਇਕੱਠੇ ਕਰਨੇ ਮੇਰੇ ਲਈ ਇੱਕ ਜਨੂੰਨ ਜਿਹਾ ਹੋ ਨਿੱਬੜਿਆ। ਅੱਜ ਮੇਰੇ ਕੋਲ ਸੱਤ ਹਜ਼ਾਰ ਤੋਂ ਉੱਪਰ ਅਖਾਣਾਂ ਦਾ ਵੱਡਾ ਭੰਡਾਰ ਇਕੱਠਾ ਹੋ ਚੁੱਕਾ ਹੈ। ਇਸ ਕੰਮ ਨੂੰ ਸੰਪੂਰਨ ਹੋਇਆ ਵੇਖ ਕੇ ਮਨ ਨੂੰ ਤਸੱਲੀ ਭਰੀ ਖੁਸ਼ੀ ਹੋਈ ਹੈ। ਮੈਂ ਇਹ ਦਾਅਵਾ ਕਤੱਈ ਨਹੀਂ ਕਰਦੀ ਕਿ ਇਸ ਪੁਸਤਕ ਵਿੱਚ ਪੰਜਾਬੀ ਦੇ ਸਾਰੇ ਅਖਾਣ ਸ਼ਾਮਿਲ ਹਨ, ਕਿਉਂਕਿ ਏਦਾਂ ਹੋ ਹੀ ਨਹੀਂ ਸਕਦਾ। ਹਾਂ ਏਨਾ ਜਰੂਰ ਕਹਿ ਸਕਦੀ ਹਾਂ ਕਿ ਹੋਰ ਕਿਸੇ ਵੀ ਕੋਸ਼ ਨਾਲੋਂ ਵਧੇਰੇ ਅਖਾਣ ਇਸ ਅਖਾਣ ਕੋਸ਼ ਵਿੱਚ ਦਰਜ਼ ਹਨ। ਦੂਸਰੀ ਗੱਲ - ਇਸ ਪੁਸਤਕ ਵਿੱਚ ਸਿਰਫ਼ ਅਖਾਣ ਹੀ ਦਰਜ਼ ਕੀਤੇ ਗਏ ਹਨ, ਕੋਈ ਮੁਹਾਵਰਾ ਇਸ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ। ਜਿੰਨੀਆਂ ਵੀ ਅਖਾਣ ਪੁਸਤਕਾਂ ਉਪਲਭਧ ਹੋ ਸਕੀਆਂ, ਉਹਨਾਂ ਸਭ ਨੂੰ ਫਰੋਲ ਕੇ ਅਖਾਣ ਇਕੱਠੇ ਕਰਨ ਦਾ ਆਪਣੇ ਮਨੋਂ ਮੈਂ ਪੂਰਾ ਯਤਨ ਕੀਤਾ ਹੈ। ਮੈਂ ਆਪਣੀ ਤਰਫੋਂ ਹਰ ਅਖਾਣ ਦੇ ਨਾਲ ਉਸ ਦਾ ਅਰਥ ਜਾਂ ਭਾਵ ਅਰਥ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਵਿਦਿਆਰਥੀ ਵਰਗ ਅਤੇ ਹੋਰ ਸਭਨੂੰ ਇਨ੍ਹਾਂ ਨੂੰ ਸਮਝਣ ਵਿੱਚ ਅਤੇ ਆਪਣੀ ਗੱਲ-ਬਾਤ ਵਿੱਚ ਅਖਾਣਾ ਦੀ ਵਰਤੋਂ ਕਰਨ ਵਿੱਚ ਸਹਾਈ ਹੋਵੇਗਾ।
ਗੁਰਮੀਤ ਕੌਰ ਸੰਧਾ
(ਸੇਵਾ-ਮੁਕਤ ਮੁੱਖ ਅਧਿਆਪਕਾ)
ਪਿੰਡ ਬੁੱਢਣਵਾਲ, ਡਾਕ. ਨੰਗਲ ਅੰਬੀਆ ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ (ਪੰਜਾਬ)
ਪੰਜਾਬੀ ਅਖਾਣ ਕੋਸ਼
Comments