top of page
Shah Kitab Ghar Punjabi Logo

ਸ਼ਹੀਦ ਜਸਵੰਤ ਸਿੰਘ ਖਾਲੜਾ ਨਾਲ ਮੇਰੀ ਮੁਲਾਕਾਤ /ਅਜਮੇਰ ਸਿੰਘ

Updated: Aug 1

ਸ਼ਹੀਦ ਜਸਵੰਤ ਸਿੰਘ ਖਾਲੜਾ ਨਾਲ ਮੇਰੀ ਮੁਲਾਕਾਤ /ਅਜਮੇਰ ਸਿੰਘ
ਸ਼ਹੀਦ ਜਸਵੰਤ ਸਿੰਘ ਖਾਲੜਾ ਨਾਲ ਮੇਰੀ ਮੁਲਾਕਾਤ /ਅਜਮੇਰ ਸਿੰਘ

ਮੁਲਾਕਾਤ - ਜੋ ਇਤਿਹਾਸ ਬਣ ਗਈ !

ਜਸਵੰਤ ਸਿੰਘ ਖਾਲੜਾ ਨਾਲ ਮੇਰਾ ਮੇਲ 47 ਸਾਲ ਪਹਿਲਾਂ ਸਤੰਬਰ 1973 ਵਿਚ ਹੋਇਆ ਸੀ। ਉਸ ਨੇ ਉਸੇ ਸਾਲ ਕਾਲਜ ਦੀ ਪੜ੍ਹਾਈ (ਬੀ.ਏ.) ਪੂਰੀ ਕੀਤੀ ਸੀ ਅਤੇ ਨੌਕਰੀ ਦੀ ਤਲਾਸ਼ ਵਿਚ ਸੀ। ਮੇਰਾ ਉਸ ਵੇਲੇ ਰੂਪੋਸ਼ ਜੀਵਨ ਦਾ ਤੀਜਾ ਸਾਲ ਚੱਲ ਰਿਹਾ ਸੀ। ਮੈਂ 1970 ਵਿਚ ਗੁਰੂ ਨਾਨਕ ਇੰਜੀਨੀਰਿੰਗ ਕਾਲਜ (ਲੁਧਿਆਣਾ) ਦੀ ਪੜ੍ਹਾਈ ਅੱਧਵਾਟੇ ਛੱਡ ਕੇ ਨਕਸਲੀ ਲਹਿਰ ਵਿਚ ਸ਼ਾਮਲ ਹੋ ਗਿਆ ਸੀ। ਉਸ ਵੇਲੇ ਨਕਸਲੀ ਲਹਿਰ ਨੇ ਹਥਿਆਰਬੰਦ ਜੰਗ ਰਾਹੀਂ ਭਾਰਤੀ ਰਾਜ ਨੂੰ ਤਹਿਸ-ਨਹਿਸ ਕਰਨ ਦਾ ਰਾਜਸੀ ਏਜੰਡਾ ਮਿਥਿਆ ਹੋਇਆ ਸੀ ਅਤੇ ਇਸ ਨਿਸ਼ਾਨੇ ਨੂੰ ਹਾਸਲ ਕਰਨ ਲਈ ਚੋਣਵੇਂ ਜੁਝਾਰੂਆਂ ਵੱਲੋਂ 'ਜਮਾਤੀ ਦੁਸ਼ਮਣਾਂ ਦੇ ਸਫ਼ਾਏ' ਦੀ ਮੁਹਿੰਮ ਵਿੱਢੀ ਹੋਈ ਸੀ। ਪਰ ਭਾਰਤੀ ਰਾਜ ਨੂੰ ਥੋੜ੍ਹੇ ਜਿਹੇ ਜੁਝਾਰੂਆਂ ਦੇ ਦਰਸ਼ਨੀ ਹਥਿਆਰਬੰਦ ਕਾਰਨਾਮਿਆਂ ਰਾਹੀਂ ਤਹਿਸ-ਨਹਿਸ ਕਰਨ ਦਾ ਸੁਪਨਾ ਦੋ ਕੁ ਸਾਲਾਂ ਵਿਚ ਹੀ ਚਕਨਾਚੂਰ ਹੋ ਗਿਆ ਸੀ । ਪੰਜਾਬ ਅੰਦਰ ਡੇਢ ਸਾਲ ਦੇ ਅਰਸੇ ਵਿਚ ਪੰਜਾਬ ਪੁਲਸ ਨੇ ਆਪਣੇ ਜ਼ਾਲਮ ਮੁਖੀ ਅਸ਼ਵਨੀ ਕੁਮਾਰ (ਆਈ.ਜੀ.) ਦੀ ਅਗਵਾਈ ਹੇਠ ਇਕ ਸੌ ਦੇ ਕਰੀਬ ਨਕਸਲੀ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰ ਦਿੱਤਾ ਸੀ ਜਿਸ ਨਾਲ ਨਕਸਲੀ ਲਹਿਰ ਦਾ ਲੱਕ ਟੁੱਟ ਗਿਆ ਸੀ। 1972 ਤਕ ਜਾ ਕੇ ਪੰਜਾਬ ਦੇ ਸਾਰੇ ਨਕਸਲੀ ਧੜਿਆਂ ਨੇ ਅਮਲੀ ਤੌਰ 'ਤੇ ਹਥਿਆਰਬੰਦ ਕਾਰਵਾਈਆਂ ਬੰਦ ਕਰ ਦਿੱਤੀਆਂ ਸਨ ਅਤੇ ਫਿਰ ਜਿਵੇਂ ਹਥਿਆਰਬੰਦ ਬਗ਼ਾਵਤ ਦੀ ਅਸਫਲਤਾ ਤੋਂ ਬਾਅਦ ਆਮ ਕਰਕੇ ਵਾਪਰਦਾ ਹੈ, ਨਕਸਲੀ ਲਹਿਰ ਪੁਰਅਮਨ ਜਨਤਕ ਸੰਘਰਸ਼ਾਂ ਦੇ ਰਾਹੇ ਪੈ ਗਈ ਸੀ। ਬਚੇ-ਖੁਚੇ ਨਕਸਲੀਆਂ ਨੇ ਪੂਰੇ ਜ਼ੋਰ-ਸ਼ੋਰ ਨਾਲ ਲੋਕਾਂ ਦੇ ਅੱਡ-ਅੱਡ ਵਰਗਾਂ ਦੀਆਂ ਜਨਤਕ ਜਥੇਬੰਦੀਆਂ ਬਣਾਉਣ ਤੇ ਉਨ੍ਹਾਂ ਦੇ ਭਖਦੇ ਮਸਲਿਆਂ 'ਤੇ ਜਨਤਕ ਘੋਲ ਜਥੇਬੰਦ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਸੀ । ਇਸ ਮਕਸਦ ਵਾਸਤੇ ਸਮਾਜ ਅੰਦਰੋਂ ਇਨਕਲਾਬੀ ਜਜ਼ਬਾ ਰੱਖਣ ਵਾਲੇ ਜੋਸ਼ੀਲੇ ਨੌਜਵਾਨਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਅੱਡ-ਅੱਡ ਫ਼ਰੰਟਾਂ ਉੱਤੇ ਸਰਗਰਮੀ ਵਿਚ ਪਾਇਆ ਜਾਂਦਾ ਸੀ । ਰੂਪੋਸ਼ ਬੰਦੇ ਪਰਦੇ ਦੇ ਪਿੱਛੇ ਰਹਿ ਕੇ ਸਾਰੇ ਅਮਲ ਦੀ ਨਿਗਰਾਨੀ ਤੇ ਅਗਵਾਈ ਕਰਦੇ ਸਨ। ਸੋ ਮੈਂ ਇਸ ਭੂਮਿਕਾ ਵਿਚ ਜਸਵੰਤ ਸਿੰਘ ਖਾਲੜਾ ਨੂੰ ਭਿੱਖੀਵਿੰਡ ਦੇ ਨੇੜੇ ਪੂਹਲੇ ਪਿੰਡ ਵਿਚ ਰਘਬੀਰ ਸਿੰਘ ਦੇ ਘਰ ਉਚੇਚਾ ਬੁਲਾ ਕੇ ਮਿਲਿਆ ਸੀ । ਰਘਬੀਰ ਸਿੰਘ ਨਾਲ ਮੇਰੀ ਜਾਣ-ਪਛਾਣ ਵਰਿਆਮ ਸਿੰਘ ਸੰਧੂ ਰਾਹੀਂ ਹੋਈ ਸੀ ਅਤੇ ਉਹ ਉਸ ਵੇਲੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡਾਂ ਵਿਚ ਮੇਰੀ ਦੇਖ-ਰੇਖ ਹੇਠ ਨੌਜਵਾਨ ਭਾਰਤ ਸਭਾਵਾਂ ਬਣਾਉਣ ਵਿਚ ਮੋਹਰੀ ਰੋਲ ਅਦਾ ਕਰ ਰਿਹਾ ਸੀ। ਜਸਵੰਤ ਸਿੰਘ ਖਾਲੜਾ ਦੀ ਦੱਸ ਵੀ ਵਰਿਆਮ ਸਿੰਘ ਸੰਧੂ ਨੇ ਹੀ ਪਾਈ ਸੀ।

ਜਸਵੰਤ ਸਿੰਘ ਨਾਲ ਮੇਰੀ ਲਗਭਗ ਤਿੰਨ ਘੰਟਿਆਂ ਤਕ ਲੰਮੀ ਚੌੜੀ ਗੱਲਬਾਤ ਹੋਈ ਸੀ ਜਿਸ ਵਿਚ ਸਾਡੀ ਜਥੇਬੰਦੀ ਦੀ ਵਿਚਾਰਧਾਰਾ, ਰਾਜਨੀਤਕ ਉਦੇਸ਼ ਤੇ ਕਾਰ-ਵਿਹਾਰ ਦੀ ਵਿਧੀ ਤੋਂ ਲੈ ਕੇ ਕੌਮਾਂਤਰੀ ਹਾਲਤਾਂ ਦਾ ਭਰਵਾਂ ਵਿਸ਼ਲੇਸ਼ਣ ਆਦਿ ਮੁੱਦੇ ਵਿਚਾਰੇ ਗਏ ਸਨ। ਜਸਵੰਤ ਸਿੰਘ ਨੇ ਸਾਰੀ ਗੱਲਬਾਤ ਡੂੰਘੇ ਧਿਆਨ ਨਾਲ ਸੁਣੀ ਸੀ ਅਤੇ ਉਸ ਨੇ ਵੱਧ ਸਪੱਸ਼ਟ ਹੋਣ ਲਈ ਕਾਫ਼ੀ ਸੁਆਲ ਵੀ ਪੁੱਛੇ ਸਨ। ਸਾਰੀ ਗੱਲਬਾਤ ਤੋਂ ਬਾਅਦ ਉਸ ਨੇ ਸਾਡੀ ਜਥੇਬੰਦੀ ਨਾਲ ਰਲ ਕੇ ਕੰਮ ਕਰਨ ਦੀ ਹਾਮੀ ਭਰ ਦਿੱਤੀ ਸੀ। ਇਸ ਤਰ੍ਹਾਂ ਉਸ ਤੋਂ ਬਾਅਦ ਉਸ ਨਾਲ ਮਿਲਣਾ-ਜੁਲਣਾ ਆਮ ਹੋ ਗਿਆ ਸੀ।

ਸਾਡੇ ਵੱਲੋਂ ਬਣਾਈਆਂ ਜਾਂਦੀਆਂ ਜਨਤਕ ਜਥੇਬੰਦੀਆਂ ਖੁੱਲ੍ਹੇ ਰੂਪ ਵਿਚ ਕੰਮ ਕਰਦੀਆਂ ਸਨ ਪਰ ਸਾਡੀ ਰਾਜਸੀ ਜਥੇਬੰਦੀ ਗੁਪਤ ਰੂਪ ਵਿਚ ਵਿਚਰਦੀ ਸੀ । ਇਸ ਦਾ ਜਥੇਬੰਦਕ ਢਾਂਚਾ ਗੁਪਤ ਸੀ। ਇਸ ਦੀ ਮੈਂਬਰਸ਼ਿਪ ਦੀਆਂ ਸ਼ਰਤਾਂ ਕਰੜੀਆਂ ਸਨ ਅਤੇ ਮੈਂਬਰਸ਼ਿਪ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਸੀ । ਜਥੇਬੰਦੀ ਨਾਲ ਜੁੜਨ ਵਾਲੇ ਨਵੇਂ ਵਰਕਰਾਂ ਦੀ ਸਿਧਾਂਤਕ ਸੂਝ-ਬੂਝ, ਨਿਸ਼ਠਾ ਤੇ ਇਨਕਲਾਬੀ ਲਗਨ ਬਾਰੇ ਤਸੱਲੀ ਹੋ ਜਾਣ ਤੋਂ ਬਾਅਦ ਹੀ ਉਨ੍ਹਾਂ ਨੂੰ ਮੈਂਬਰ ਲਿਆ ਜਾਂਦਾ ਸੀ । ਇਸ ਤਰੀਕੇ ਨਾਲ ਜਸਵੰਤ ਸਿੰਘ ਨੂੰ ਛੇ ਕੁ ਮਹੀਨਿਆਂ ਬਾਅਦ ਗੁਪਤ ਰਾਜਸੀ ਜਥੇਬੰਦੀ ਦਾ ਮੈਂਬਰ ਲੈ ਲਿਆ ਗਿਆ ਸੀ । ਪ੍ਰਚੱਲਤ ਦਸਤੂਰ ਮੁਤਾਬਿਕ ਜਸਵੰਤ ਸਿੰਘ ਨੂੰ ਮੈਂਬਰ ਬਣਾਉਣ ਮੌਕੇ ਉਸ ਦਾ ਪਾਰਟੀ ਅੰਦਰ ਫ਼ਰਜ਼ੀ ਨਾਂ 'ਜਗਦੀਪ' ਰੱਖਿਆ ਗਿਆ ਸੀ (ਉਸ ਵੇਲੇ ਮੇਰਾ ਨਾਂ 'ਗੁਰਮੀਤ ਸਿੰਘ' ਚੱਲਦਾ ਸੀ)। ਇਹ 1974 ਦੇ ਫ਼ਰਵਰੀ ਜਾਂ ਮਾਰਚ ਮਹੀਨੇ ਦੀ ਗੱਲ ਹੈ। ਜਿਸ ਮੀਟਿੰਗ ਵਿਚ ਉਸ ਨੂੰ ਮੈਂਬਰ ਲੈਣ ਦਾ ਫ਼ੈਸਲਾ ਹੋਇਆ ਸੀ ਉਹ ਮੀਟਿੰਗ ਪਿੰਡ ਬੋਲੇਵਾਲਾ ਦੇ ਕਾਮਰੇਡ ਸਵਰਨ

ਸਿੰਘ ਦੇ ਘਰ ਹੋਈ ਸੀ।

1977-78 ਵਿਚ ਜਾ ਕੇ, ਕਈ ਕਾਰਨਾਂ ਦੇ ਮੌਕਾ-ਮੇਲ ਕਰਕੇ ਪੰਜਾਬ ਦੀ ਨਕਸਲੀ ਲਹਿਰ ਵਿਚ ਬਹੁਤ ਸਾਰੀ ਵਿਚਾਰਧਾਰਕ ਉਥਲ-ਪੁਥਲ, ਜਥੇਬੰਦਕ ਟੁੱਟ-ਫੁੱਟ ਤੇ ਨਵੀਂ ਪਾਲਾਬੰਦੀ ਦਾ ਅਮਲ ਛਿੜ ਪਿਆ ਸੀ। ਉਸ ਦੌਰਾਨ ਸਾਡੀ ਜਥੇਬੰਦੀ ਦੇ ਅੰਦਰ ਵਾਪਰੇ ਕੁੱਝ ਨਾ-ਖ਼ੁਸ਼ਗਵਾਰ ਰੁਝਾਣਾਂ ਕਰਕੇ ਜਸਵੰਤ ਸਿੰਘ ਖਾਲੜਾ ਇਸ ਨਾਲੋਂ ਅਲੱਗ ਹੋ ਗਿਆ ਸੀ। ਜਿਸ ਕਰਕੇ ਉਸ ਤੋਂ ਬਾਅਦ ਕਾਫ਼ੀ ਸਾਲ ਉਸ ਨਾਲ ਮੇਲ-ਜੋਲ ਬਹੁਤ ਘੱਟ ਗਿਆ ਸੀ। 1978 ਤੋਂ ਬਾਅਦ ਮੇਰੇ ਕੰਮ ਦਾ ਖੇਤਰ ਬਦਲ ਗਿਆ ਸੀ ਜਿਸ ਕਰਕੇ ਮੇਰਾ ਮਾਝਾ ਖੇਤਰ ਨਾਲੋਂ ਸੰਪਰਕ ਟੁੱਟ ਗਿਆ ਸੀ । ਜੂਨ 1984 ਵਿਚ ਭਾਰਤੀ ਫ਼ੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਉੱਤੇ ਕੀਤੇ ਕਹਿਰਵਾਨ ਹਮਲੇ ਨੇ ਸਿੱਖੀ ਪਿਛੋਕੜ 'ਚੋਂ ਆਏ ਬਹੁਤ ਸਾਰੇ ਨਕਸਲੀਆਂ ਅੰਦਰ ਸਿੱਖੀ ਦਾ ਦੱਬਿਆ ਹੋਇਆ ਜਜ਼ਬਾ ਇਕਦਮ ਸੁਰਜੀਤ ਕਰ ਦਿੱਤਾ ਸੀ । ਉਨ੍ਹਾਂ ਦਾ ਕਮਿਊਨਿਸਟ ਵਿਚਾਰਧਾਰਾ ਤੋਂ ਮੋਹ ਭੰਗ ਹੋ ਗਿਆ ਸੀ । ਸੋ ਇਨ੍ਹਾਂ ਹਾਲਾਤ ਵਿਚ ਮੇਰੇ ਤੇ ਜਸਵੰਤ ਸਿੰਘ ਦੇ ਰਾਹ ਮੁੜ ਇਕੱਠੇ ਹੋ ਗਏ ਸਨ। ਪਰ ਅਸੀਂ ਜਥੇਬੰਦਕ ਤੌਰ 'ਤੇ ਅਲੱਗ ਅਲੱਗ ਹੀ ਰਹੇ ਅਤੇ ਕਦੇ ਕਦਾਈਂ ਸਬੱਬੀ ਮੇਲ ਹੋ ਜਾਂਦਾ ਰਿਹਾ। ਅਸੀਂ ਆਪਣੀ ਜਥੇਬੰਦੀ ਵੱਲੋਂ ਇਕ ਖੁੱਲ੍ਹਾ ਮਾਸਕ ਪਰਚਾ ਜਨਤਕ ਪੈਗ਼ਾਮ ਛਾਪਦੇ ਰਹੇ ਜਿਸ ਵਿੱਚੋਂ ਸਾਡੀ ਸੋਚ ਤੇ ਸਰਗਰਮੀਆਂ ਦਾ ਪਤਾ ਚੱਲਦਾ ਰਹਿੰਦਾ ਸੀ । ਉਧਰ ਜਸਵੰਤ ਸਿੰਘ ਵੀ ਆਪਣੇ ਪੱਧਰ 'ਤੇ ਲਗਾਤਾਰ ਸਰਗਰਮੀਆਂ ਕਰਦਾ ਰਿਹਾ ਸੀ ਪਰ ਸਾਨੂੰ ਉਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ। ਕਦੇ ਕਦਾਈਂ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਤੋਂ ਹੀ

1. ਪਿੰਡ ਬੋਲੇਵਾਲ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਦੀ ਹੱਦ ਉੱਤੇ ਗੁਰਦਾਸਪੁਰ ਜ਼ਿਲ੍ਹੇ ਦਾ ਆਖ਼ਰੀ ਪਿੰਡ ਹੈ, ਜੋ ਅੰਮ੍ਰਿਤਸਰ-ਸ੍ਰੀ ਹਰਗੋਬਿੰਦਪੁਰ ਸੜਕ ਤੋਂ 4 ਕੁ ਕਿਲੋਮੀਟਰ ਦੀ ਦੂਰੀ 'ਤੇ ਹੈ।

ਮੋਟਾ ਜਿਹਾ ਅੰਦਾਜ਼ਾ ਲੱਗਦਾ ਸੀ । ਉਸ ਦੀ ਸੋਚ ਤੇ ਸਰਗਰਮੀਆਂ ਬਾਰੇ ਵੱਧ ਜਾਣਕਾਰੀ ਉਸ ਦੀ ਸ਼ਹਾਦਤ ਤੋਂ ਬਾਅਦ ਹੀ ਮਿਲੀ ਸੀ।

ਸਾਲ ਗੁਜ਼ਰਦੇ ਗਏ ਅਤੇ ਭਾਈ ਜਸਵੰਤ ਸਿੰਘ ਖਾਲੜਾ ਬਾਰੇ ਕੌਮਾਂਤਰੀ ਪੱਧਰ 'ਤੇ ਵਿਆਪਕ ਚਰਚਾ ਹੁੰਦੀ ਰਹੀ। ਉਸ ਵੱਲੋਂ ਅਪਰੈਲ 1995 ਵਿਚ ਟਰਾਂਟੋ (ਕੈਨੇਡਾ) ਦੇ ਗੁਰਦੁਆਰਾ ਸਾਹਿਬ ਵਿਚ ਕੀਤੀ ਇਤਿਹਾਸਕ ਸਪੀਚ ਮੈਂ ਪਹਿਲੀ ਵਾਰ 2003 ਵਿਚ ਆਪਣੀ ਅਮਰੀਕਾ ਦੀ ਪਹਿਲੀ ਫੇਰੀ ਦੌਰਾਨ VCR 'ਤੇ ਸੁਣੀ ਸੀ। ਉਹ ਸਪੀਚ ਸੁਣਨ ਤੋਂ ਬਾਅਦ ਮੇਰੇ ਲਈ, ਜਸਵੰਤ ਸਿੰਘ ਦੀ ਸੋਚ ਤੇ ਉਸ ਦੇ ਜੀਵਨ ਅੰਦਰ ਆਈ ਭਾਰੀ ਤਬਦੀਲੀ ਬਾਰੇ ਅੰਦਾਜ਼ਾ ਲਾਉਣਾ ਔਖਾ ਨਹੀਂ ਰਿਹਾ ਸੀ। ਹੌਲੀ ਹੌਲੀ ਉਸ ਵੱਲੋਂ ਮਨੁੱਖੀ ਅਧਿਕਾਰਾਂ ਦੇ ਖੇਤਰ ਵਿਚ ਕੀਤੇ ਮਹਾਨ ਕਾਰਜ ਦੀ ਪੂਰੀ ਤਸਵੀਰ ਉਘੜ ਆਈ ਸੀ ਅਤੇ ਉਸ ਦੇ ਕਾਰਜ ਤੇ ਕੁਰਬਾਨੀ ਨੂੰ ਵਿਆਪਕ ਪੱਧਰ 'ਤੇ ਮਾਨਤਾ ਹਾਸਲ ਹੋ ਗਈ ਸੀ। ਪਰ ਇਸ ਸਾਰੇ ਅਮਲ ਦੌਰਾਨ ਉਸ ਦਾ ਸ਼ਖ਼ਸੀ ਅਤੇ ਵਿਚਾਰਧਾਰਕ ਤੇ ਰਾਜਸੀ ਪੱਖ ਪੂਰਾ ਪ੍ਰਗਟ ਨਹੀਂ ਹੋ ਸਕਿਆ ਸੀ । 5-6 ਸਾਲ ਪਹਿਲਾਂ ਮੇਰੀ ਇੰਗਲੈਂਡ ਦੀ ਫੇਰੀ ਦੌਰਾਨ ਜਸਵੰਤ ਸਿੰਘ ਖਾਲੜਾ ਦੇ ਸਭ ਨਾਲੋਂ ਛੋਟੇ ਭਰਾ ਅਮਰਜੀਤ ਸਿੰਘ (ਖਾਲੜਾ) ਨਾਲ ਅਚਾਨਕ ਮੇਲ ਹੋ ਗਿਆ ਸੀ। ਮੈਂ ਉਸ ਨੂੰ 1977-78 ਤੋਂ ਬਾਅਦ ਲਗਭਗ 35 ਸਾਲਾਂ ਬਾਅਦ ਮਿਲਿਆ ਸੀ। 1974-75 ਵਿਚ ਜਦੋਂ ਉਹ ਸਕੂਲ ਵਿਚ ਪੜ੍ਹਦਾ ਸੀ ਤਾਂ ਜਦੋਂ ਅਸੀਂ ਕਦੇ ਜਸਵੰਤ ਸਿੰਘ ਦੇ ਘਰ ਜਾਣਾ, ਉਹ ਭੱਜ ਭੱਜ ਕੇ ਸਾਨੂੰ ਚਾਹ ਪਾਣੀ ਜਾਂ ਪਰਸ਼ਾਦੇ ਛਕਾਉਣ ਦੀ ਸੇਵਾ ਕਰਦਾ ਹੁੰਦਾ ਸੀ।

ਅਮਰਜੀਤ ਸਿੰਘ ਮੇਰੇ ਨਾਲ ਜਸਵੰਤ ਸਿੰਘ ਬਾਰੇ ਲੰਮਾ ਚਿਰ ਗੱਲਾਂ ਕਰਦਾ ਰਿਹਾ। ਉਹ ਆਪ 1981 ਤਕ, ਵਿਦਿਆਰਥੀ ਜੀਵਨ ਦੌਰਾਨ ਜਸਵੰਤ ਸਿੰਘ ਦਾ ਇਨਕਲਾਬੀ ਕਾਰਜਾਂ ਵਿਚ ਸਰਗਰਮ ਸਾਥ ਦਿੰਦਾ ਰਿਹਾ ਸੀ, ਜਿਸ ਕਰਕੇ ਉਸ ਨੂੰ ਜਸਵੰਤ ਸਿੰਘ ਦੀ ਰਾਜਨੀਤਕ ਸੋਚ ਤੇ ਵਿਚਾਰਧਾਰਾ ਬਾਰੇ ਡੂੰਘੀ ਸਮਝ ਸੀ । ਉਸ ਦੀਆਂ ਗੱਲਾਂ ਸੁਣਨ ਤੋਂ ਬਾਅਦ ਮੇਰੀ ਜਸਵੰਤ ਸਿੰਘ ਦੇ ਰਾਜਸੀ ਪੱਖ ਵਿਚ ਰੁਚੀ ਹੋਰ ਵੱਧ ਗਈ ਸੀ। ਉਸ ਤੋਂ ਦੋ ਕੁ ਸਾਲਾਂ ਬਾਅਦ ਇਕ ਵਾਰ ਜਦੋਂ ਅਮਰਜੀਤ ਸਿੰਘ ਪੰਜਾਬ ਆਇਆ ਹੋਇਆ ਸੀ ਤਾਂ ਉਸ ਨੇ ਮੈਨੂੰ ਮਿਲਣ ਦੀ ਉਚੇਚੀ ਇੱਛਾ ਪ੍ਰਗਟਾਈ। ਉਹ ਜਦੋਂ ਮੈਨੂੰ ਮਿਲਿਆ ਉਸ ਕੋਲ ਕਾਗ਼ਜ਼ਾਂ ਦਾ ਵੱਡਾ ਝੋਲਾ ਭਰਿਆ ਹੋਇਆ ਸੀ। ਉਸ ਨੇ ਦੱਸਿਆ ਕਿ ਇਸ ਵਿਚ ਜਸਵੰਤ ਸਿੰਘ ਵੱਲੋਂ ਲਿਖੀਆਂ ਬਹੁਤ ਸਾਰੀਆਂ ਛਪੀਆਂ ਤੇ ਅਣਛਪੀਆਂ ਲਿਖਤਾਂ ਹਨ ਅਤੇ ਨਾਲ ਹੀ ਉਸ ਵੱਲੋਂ ਕੀਤੇ ਕਾਰਜਾਂ ਤੇ ਉਸ ਦੀ ਸ਼ਹਾਦਤ ਨਾਲ ਸੰਬੰਧਿਤ ਬਹੁਤ ਸਾਰੀਆਂ ਅਖ਼ਬਾਰੀ ਰਿਪੋਰਟਾਂ ਤੇ ਕਾਤਰਾਂ ਹਨ । ਉਸ ਨੇ ਸਾਰੀ ਸਮੱਗਰੀ ਮੈਨੂੰ ਸੌਂਪ ਦਿੱਤੀ ਅਤੇ ਨਾਲ ਹੀ ਇਸ ਦੇ ਆਧਾਰ 'ਤੇ ਜਸਵੰਤ ਸਿੰਘ ਬਾਰੇ ਲਿਖਣ ਦੀ ਪੁਰਜ਼ੋਰ ਬੇਨਤੀ ਕੀਤੀ। ਮੈਂ ਉਸ ਵੇਲੇ ਆਪਣੇ ਕਿਸੇ ਹੋਰ ਲੇਖਣ ਕਾਰਜ ਵਿਚ ਰੁੱਝਿਆ ਹੋਇਆ ਸੀ ਅਤੇ ਉਸ ਕਾਰਜ ਨੂੰ ਵਿਚੇ ਛੱਡ ਕੇ ਉਸ ਵੇਲੇ ਜਸਵੰਤ ਸਿੰਘ ਬਾਰੇ ਲਿਖ ਸਕਣਾ ਮੇਰੇ ਲਈ ਸੰਭਵ ਨਹੀਂ ਸੀ।

ਮੈਂ ਅਮਰਜੀਤ ਸਿੰਘ ਨੂੰ ਆਪਣੀ ਇਹ ਮੁਸ਼ਕਲ ਦੱਸੀ ਅਤੇ ਉਸ ਨੂੰ ਇਹ ਸੁਝਾਅ ਦਿੱਤਾ ਕਿ ਜਸਵੰਤ ਸਿੰਘ ਬਾਰੇ ਲਿਖਣ ਦੀ ਸੇਵਾ ਕਿਸੇ ਹੋਰ ਵਿਅਕਤੀ ਤੋਂ ਲੈ ਲਈ ਜਾਵੇ । ਮੈਂ ਇਸ ਬਾਰੇ ਉਸ ਨੂੰ ਇਕ ਦੋ ਨਾਂ ਵੀ ਸੁਝਾਏ। ਪਰ ਉਹ ਇਸ ਦੇ ਲਈ ਸਹਿਮਤ ਨਾ ਹੋਇਆ ਅਤੇ ਮੇਰੇ ਕੋਲੋਂ ਲਿਖਾਉਣ ਬਾਰੇ ਹੀ ਜ਼ਿੱਦ ਕਰਦਾ ਰਿਹਾ। ਮੈਂ ਅਣਮੰਨੇ ਚਿੱਤ ਨਾਲ ਉਸ ਕੋਲੋਂ ਸਾਰੇ ਕਾਗ਼ਜ਼ ਪੱਤਰ ਫੜ ਲਏ ਅਤੇ ਉਸ ਨਾਲ, ਆਪਣਾ ਹਥਲਾ ਕੰਮ ਨਿਬੇੜਨ ਤੋਂ ਬਾਅਦ ਹੀ ਲਿਖਣ ਦਾ ਵਾਅਦਾ ਕਰ ਲਿਆ।

ਪਰ ਮੇਰਾ ਲਿਖਣ ਦਾ ਕਾਰਜ ਵੱਧਦਾ ਚਲਾ ਗਿਆ ਅਤੇ ਇਸ ਤਰ੍ਹਾਂ ਤਕਰੀਬਨ ਦੋ ਸਾਲ ਲੰਘ ਗਏ। ਪਰ ਅਮਰਜੀਤ ਸਿੰਘ ਨੇ ਸਾਰੇ ਸਮੇਂ ਦੌਰਾਨ ਮੇਰੇ ਉੱਤੇ ਲਗਾਤਾਰ ਇਖ਼ਲਾਕੀ ਦਬਾਅ ਪਾਈ ਰੱਖਿਆ। ਅਖ਼ੀਰ ਇਸ ਸਾਲ ਜਦੋਂ ਉਹ ਨੇਮ ਮੁਤਾਬਿਕ ਜਨਵਰੀ ਦੇ ਮਹੀਨੇ ਵਿਚ ਪੰਜਾਬ ਆਇਆ ਹੋਇਆ ਸੀ ਤਾਂ ਉਸ ਨੇ ਮੈਨੂੰ ਫਿਰ ਮੇਰਾ ਵਾਅਦਾ ਚੇਤੇ ਕਰਾਇਆ। ਉਸ ਵੇਲੇ ਮੇਰੀ ਸਿਹਤ ਭਾਵੇਂ ਬਹੁਤੀ ਠੀਕ ਨਹੀਂ ਚੱਲ ਰਹੀ ਸੀ ਪਰ ਫਿਰ ਵੀ ਇਸ ਵਾਰ ਮੈਂ ਉਸ ਨੂੰ ਨਾਂਹ ਕਹਿਣ ਦੀ ਹਿੰਮਤ ਨਾ ਕਰ ਸਕਿਆ। ਮੈਂ ਮਾਰਚ ਦੇ ਸ਼ੁਰੂ ਜਿਹੇ ਵਿਚ ਦ੍ਰਿੜ੍ਹ ਇਰਾਦਾ ਧਾਰ ਕੇ ਲਿਖਣਾ ਸ਼ੁਰੂ ਕਰ ਦਿੱਤਾ । ਜਦੋਂ ਮੈਂ ਅਮਰਜੀਤ ਵੱਲੋਂ ਦਿੱਤਾ ਝੋਲਾ ਫਰੋਲ ਕੇ ਦੇਖਿਆ ਤਾਂ ਮੈਨੂੰ ਇਹ ਦੇਖ ਕੇ ਹੈਰਾਨੀ ਤੇ ਨਾਲ ਹੀ ਖ਼ੁਸ਼ੀ ਹੋਈ ਕਿ ਉਸ ਨੇ ਜਸਵੰਤ ਸਿੰਘ ਦੀ ਹਰ ਲਿਖਤ ਤੇ ਵਸਤੂ ਨੂੰ 20 ਸਾਲਾਂ ਤੋਂ ਬਹੁਤ ਇਹਤਿਆਤ ਨਾਲ ਸੰਭਾਲ ਕੇ ਰੱਖਿਆ ਹੋਇਆ ਸੀ। ਇਸ ਨਾਲ ਮੇਰਾ ਲਿਖਣ ਦਾ ਕਾਰਜ ਕਾਫ਼ੀ ਆਸਾਨ ਹੋ ਗਿਆ ਸੀ।

ਪਰ ਜਸਵੰਤ ਸਿੰਘ ਦੀਆਂ ਲਿਖਤਾਂ ਤੇ ਉਸ ਨਾਲ ਸੰਬੰਧਿਤ ਅਖ਼ਬਾਰਾਂ ਦੀਆਂ ਰਿਪੋਰਟਾਂ ਤੇ ਕਾਤਰਾਂ ਤੋਂ ਹੀ ਉਸ ਦੀ ਸਮੁੱਚੀ ਸੋਚ ਤੇ ਸ਼ਖ਼ਸੀਅਤ ਦਾ ਸਹੀ ਅਨੁਮਾਨ ਲਾ ਸਕਣਾ ਸੰਭਵ ਨਹੀਂ ਸੀ। ਇਸ ਦੇ ਵਾਸਤੇ, ਉਸ ਨਾਲ ਲੰਮਾ ਸਮਾਂ ਕੰਮ ਕਰਦੇ ਰਹੇ ਉਸ ਦੇ ਸਾਥੀਆਂ ਨੂੰ ਮਿਲਣਾ ਤੇ ਉਨ੍ਹਾਂ ਤੋਂ ਜਸਵੰਤ ਸਿੰਘ ਦੀ ਸ਼ਖ਼ਸੀਅਤ ਤੇ ਉਸ ਦੇ ਕਾਰਜਾਂ ਬਾਰੇ ਭਰਵੀਂ ਜਾਣਕਾਰੀ ਲੈਣੀ ਜ਼ਰੂਰੀ ਸੀ । ਪਰ ਬਦਕਿਸਮਤੀ ਨਾਲ ਉਸੇ ਹੀ ਸਮੇਂ ਦੌਰਾਨ ਕਰੋਨਾ ਵਾਇਰਸ ਦਾ ਚੱਕਰ ਪੈ ਗਿਆ ਅਤੇ ਸਖ਼ਤੀ ਨਾਲ ਲਾਗੂ ਕੀਤੇ ਗਏ ਲੌਕ ਡਾਊਨ ਕਰਕੇ ਆਉਣਾ ਜਾਣਾ ਅਸੰਭਵ ਹੋ ਗਿਆ ਸੀ । ਇਸ ਵਜ੍ਹਾ ਕਰਕੇ ਜਸਵੰਤ ਸਿੰਘ ਦੇ ਸਾਥੀਆਂ ਨਾਲ ਜਿਸਮਾਨੀ ਮੁਲਾਕਾਤਾਂ ਦੀ ਥਾਂ ਫੋਨਾਂ ਤੇ ਬਿਜਲਈ ਸਾਧਨਾਂ (ਈਮੇਲ ਤੇ ਵਟਸਅੱਪ ਵਗ਼ੈਰਾ) ਦੇ ਜ਼ਰੀਏ ਹੀ ਰਾਬਤਾ ਬਣ ਸਕਿਆ। ਪਰ ਇਸ ਮਾਮਲੇ ਵਿਚ ਅਮਰਜੀਤ ਸਿੰਘ ਨੇ ਮੇਰੀ ਲਗਾਤਾਰ ਪੂਰੀ ਮੱਦਦ ਕੀਤੀ। ਉਸ ਨੇ ਮੈਨੂੰ ਸਾਰਿਆਂ ਦੇ ਫੋਨ ਨੰਬਰ ਦਿੱਤੇ ਅਤੇ ਸਾਰਿਆਂ ਨੂੰ ਆਪ ਸੁਨੇਹੇ ਭੇਜ ਕੇ ਮੇਰੇ ਨਾਲ ਸੰਪਰਕ ਕਰਨ ਲਈ ਪ੍ਰੇਰਿਆ। ਜਸਵੰਤ ਸਿੰਘ ਦੇ ਸਾਰੇ ਹੀ ਸਾਥੀਆਂ ਦਾ ਰਵੱਈਆ ਬੇਹੱਦ ਹਾਂ-ਪੱਖੀ ਰਿਹਾ। ਉਨ੍ਹਾਂ ਨੇ ਮੇਰੀ ਹਰ ਪੁੱਛ-ਗਿੱਛ ਦਾ ਤੁਰੰਤ ਜਵਾਬ ਦਿੱਤਾ ਅਤੇ ਜਿਸ ਕੋਲ ਜੋ ਵੀ ਲਿਖਤੀ ਸਮੱਗਰੀ ਪਈ ਸੀ, ਉਹ ਖੁੱਲ੍ਹ-ਦਿਲੀ ਨਾਲ ਮੇਰੇ ਨਾਲ ਸਾਂਝੀ ਕੀਤੀ। ਇਸ ਵਡਮੁੱਲੇ ਸਹਿਯੋਗ ਲਈ ਮੈਂ ਹੇਠ ਲਿਖੇ ਵਿਅਕਤੀਆਂ ਦਾ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ :

ਗੁਰਭੇਜ ਸਿੰਘ ਪਲਾਸੌਰ, ਰਾਜੀਵ ਸਿੰਘ ਰੰਧਾਵਾ, ਹਰਦਿਆਲ ਸਿੰਘ ਘਰਿਆਲਾ (ਸਾਬਕਾ ਡਿਪਟੀ ਡਾਇਰੈਕਟਰ, ਸਰਕਾਰੀ ਬਾਗ਼ਬਾਨੀ ਮਹਿਕਮਾ, ਪੰਜਾਬ), ਬਲਵਿੰਦਰ ਸਿੰਘ ਝਬਾਲ, ਸਤਨਾਮ ਸਿੰਘ ਅਮੀਸ਼ਾਹ, ਜਸਵੀਰ ਸਿੰਘ ਪੱਟੀ, ਕੁਲਵੰਤ ਸਿੰਘ ਪੱਧਰੀ ਅਤੇ ਬੀਬੀ ਸੁਖਜੀਤ ਕੌਰ ਬਰਾੜ (ਸੁਪਤਨੀ ਸ. ਹਰਭਜਨ ਸਿੰਘ ਬਰਾੜ)।

ਸ. ਜਸਪਾਲ ਸਿੰਘ ਢਿੱਲੋਂ ਤੇ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਵੱਲੋਂ ਦਿੱਤੀ ਬਹੁਮੁੱਲੀ ਜਾਣਕਾਰੀ ਤੋਂ ਬਿਨਾਂ ਇਹ ਲਿਖਤ ਮੁਕੰਮਲ ਨਹੀਂ ਹੋ ਸਕਣੀ ਸੀ। ਇਸ ਕਰਕੇ ਮੈਂ ਇਨ੍ਹਾਂ ਦਾ ਉਚੇਚਾ ਧੰਨਵਾਦੀ ਹਾਂ।

ਵਰਿਆਮ ਸਿੰਘ ਸੰਧੂ ਵੱਲੋਂ ਜਸਵੰਤ ਸਿੰਘ ਨਾਲ ਮੇਰੀ ਜਾਣ-ਪਛਾਣ ਕਰਾਉਣ ਦੀ ਕੋਈ ਵੀ ਕੀਮਤ ਅਦਾ ਨਹੀਂ ਕੀਤੀ ਜਾ ਸਕਦੀ। ਇਸ ਤੋਂ ਇਲਾਵਾ ਵੀ ਉਸ ਵੱਲੋਂ ਹਥਲੀ ਲਿਖਤ ਲਈ ਮੈਨੂੰ ਲੁੜੀਂਦੀ ਜਾਣਕਾਰੀ ਦੇਣ ਲਈ ਉਸ ਦਾ ਹਾਰਦਿਕ ਸ਼ੁਕਰੀਆ ਅਦਾ ਕਰਦਾ ਹਾਂ।

ਅਖ਼ੀਰ ਵਿਚ ਭਾਈ ਜਸਵੰਤ ਸਿੰਘ ਖਾਲੜਾ ਦੀਆਂ ਕੈਨੇਡਾ ਦੀਆਂ ਦੋ ਫੇਰੀਆਂ ਬਾਰੇ ਵਿਸਥਾਰਤ ਜਾਣਕਾਰੀ ਦੇਣ ਲਈ ਟੋਰਾਂਟੋ ਨਿਵਾਸੀ ਸ. ਅਜੀਤ ਸਿੰਘ ਸਹੋਤਾ ਦਾ ਜਿੰਨਾ ਵੀ ਧੰਨਵਾਦ ਕੀਤਾ ਜਾਵੇ, ਥੋੜ੍ਹਾ ਹੋਵੇਗਾ। ਉਨ੍ਹਾਂ ਦੇ ਮਨ ਅੰਦਰ ਜਸਵੰਤ ਸਿੰਘ ਖਾਲੜਾ ਪ੍ਰਤਿ ਅਥਾਹ ਸਨੇਹ ਤੇ ਸ਼ਰਧਾ ਭਾਵਨਾ ਹੈ। ਜਿਸ ਕਰਕੇ ਉਨ੍ਹਾਂ ਨੇ ਆਪਣੇ ਜ਼ਰੂਰੀ ਕੰਮ ਵਿਚੇ ਛੱਡ ਕੇ ਮੈਨੂੰ ਲੁੜੀਂਦੀ ਜਾਣਕਾਰੀ ਮੁਹੱਈਆ ਕਰਨ ਵਿਚ ਕਦੇ ਵੀ ਢਿੱਲ ਨਹੀਂ ਵਰਤੀ।

ਮੰਡੀ ਕਲਾਂ (ਜ਼ਿਲ੍ਹਾ ਬਠਿੰਡਾ)

ਅਜਮੇਰ ਸਿੰਘ

6 ਸਤੰਬਰ 2020

 
 
 

Comments


Sri Darbar Sahib AmritsarLive
00:00 / 01:04

SHAH KITAB GHAR
Online Book Store

Shop

Socials

Shah Kitab Ghar Punjabi Logo

Kahlon Complex, Shop no.3  Mehta sweet wali Gali opp.Punjabi University, Patiala. 147002

9779352237

7696352237

Change Currency 

Website & Digital Promotion by

Digi By Nature

© Copyright Shah Kitab Ghar
bottom of page