top of page
Shah Kitab Ghar Punjabi Logo

“ਸਹਿਜੇ ਰਚਿਓ ਖ਼ਾਲਸਾ”ਕਿਤਾਬ ਨਾਲ ਜਾਣ-ਪਹਿਚਾਣ ਲੇਖਕ ਹਰਿੰਦਰ ਸਿੰਘ ਮਹਿਬੂਬ

ree

ਸਹਿਜੇ ਰਚਿਓ ਖ਼ਾਲਸਾ

ਹਰਿੰਦਰ ਸਿੰਘ ਮਹਿਬੂਬ ਨੇ ਲਿਖੀ ਇਹ ਕਿਤਾਬ ਵਿੱਚ ਅੱਠ ਕਿਤਾਬਾਂ ਹਨ ।ਇਸਦੇ 1212 ਪੰਨੇ ਹਨ ਇਹ ਕਿਤਾਬ “ਸਿੰਘ ਬ੍ਰਦਰ “ ਅੰਮਿ੍ਰਤਸਰ ਸਾਹਿਬ ਨੇ ਪ੍ਰਕਾਸ਼ਿਤ ਕੀਤੀ ਹੈ । ਜਾਣ- ਪਹਿਚਾਣ ਅੱਗੇ ਹੈ -

ਕ੍ਰਮ ਨੰ:

ਸਹਿਜੇ ਰਚਿਓ ਖ਼ਾਲਸਾ

ਦਾ ਸਫ਼ਰ ਅਤੇ ਮਨੋਰਥ

1.ਕਿਤਾਬ ਪਹਿਲੀ

ਜਿਉਂ ਕਰ ਸੂਰਜ ਨਿਕਲਿਆ

2.ਕਿਤਾਬ ਦੂਸਰੀ

ਅਕਾਲ ਫ਼ਤਹ

3.ਕਿਤਾਬ ਤੀਸਰੀ

ਸ਼ਬਦ ਅਸਗਾਹ

4.ਕਿਤਾਬ ਚੌਥੀ

ਪੰਥ ਦਾ ਵਾਲੀ—ਕਲਗੀਆਂ ਵਾਲਾ-ਨੀਲੇ ਵਾਲਾ

5.ਕਿਤਾਬ ਪੰਜਵੀਂ

ਜ਼ਫਰਨਾਮਾ

6.ਕਿਤਾਬ ਛੇਵੀਂ

ਬਿਪਰ-ਸੰਸਕਾਰ

7.ਕਿਤਾਬ ਸੱਤਵੀਂ

ਸਹਿਜੇ ਰਚਿਓ ਖ਼ਾਲਸਾ (ਮਜ਼ਬਾਂ ਦਾ ਸਫ਼ਰ)

8.ਕਿਤਾਬ ਅੱਠਵੀਂ

ਸ਼ਮਸ਼ੀਰਾਂ ਦਾ ਵਜਦ

ਅੰਤਿਕਾ

ਵਿਚਾਰ, ਟਿਪਣੀਆਂ ਤੇ ਹਵਾਲੇ



         ਸਹਿਜੇ ਰਚਿਓ ਖ਼ਾਲਸਾ

                    ਦਾ

          ਸਫ਼ਰ ਅਤੇ ਮਨੋਰਥ

                       1

ਸਚ ਕੀ ਬਾਣੀ ਨਾਨਕੁ ਆਖੈ ॥

ਸਚੁ ਸੁਣਾਇਸੀ ਸਚ ਕੀ ਬੇਲਾ ॥ (ਤਿਲੰਗ ਮਹਲਾ ੧)

ਇਸ ਮਹਾਂ ਵਾਕ ਨੇ ਜ਼ਿੰਦਗੀ ਵਿੱਚ ਵਾਰ ਵਾਰ ਮੈਨੂੰ ਕੋਈ ਅਕੱਥ ਪ੍ਰੇਰਣਾ ਦਿੱਤੀ, ਅਤੇ ਇਸ ਪ੍ਰੇਰਣਾ ਦੇ ਮੂੰਹ-ਜ਼ੋਰ ਹੋ ਜਾਣ ਉੱਤੇ ਆਖਿਰ 'ਸਹਿਜੇ ਰਚਿਓ ਖ਼ਾਲਸਾ" ਨੂੰ ਮੈਂ 3 ਨਵੰਬਰ 1972 ਨੂੰ ਲਿਖਣਾ ਸ਼ੁਰੂ ਕੀਤਾ । ਇਲਾਹੀ ਜਲਾਲ ਵਾਲੇ ਇਹਨਾਂ ਪਾਵਨ ਸ਼ਬਦਾਂ ਦੀ ਸਦਾ-ਸੱਜਰੀ ਧੂਹ ਕਿਤਾਬ ਲਿਖਦਿਆਂ ਮੈਨੂੰ ਲਗਾਤਾਰ ਪੈਂਦੀ ਰਹੀ । ਅੰਤ 8 ਮਾਰਚ 1979 ਨੂੰ ਇਸ ਲੰਮੀ ਪੁਸਤਕ ਦਾ ਪੈਂਡਾ ਮੁੱਕਿਆ । ਇਸਦੇ ਕੁਲ ਅੱਠ ਕਾਂਡ ਹਨ, ਜਿਹਨਾਂ ਨੂੰ ਮੈਂ ਅੱਠ ਕਿਤਾਬਾਂ ਕਹਿੰਦਾ ਹਾਂ, ਕਿਉਂਕਿ ਹਰ ਕਾਂਡ ਖਿਆਲ ਦੀ ਇਕ ਸੁਤੰਤਰ ਦੁਨੀਆਂ ਪੇਸ਼ ਕਰਦਾ ਹੈ । ਉਂਞ ਖਿਆਲ ਅਤੇ ਅਨੁਭਵ ਦੀ ਨਿਰੰਤਰਤਾ ਦੇ ਪੱਖੋਂ ਇਹਨਾਂ ਅੱਠਾਂ ਕਿਤਾਬਾਂ ਵਿੱਚ ਇਕ ਅਨਿੱਖੜ ਸਾਂਝ ਹੈ। ਇਹਨਾਂ ਅੱਠਾਂ ਵਰ੍ਹਿਆਂ ਵਿੱਚ ਮੈਂ ਸਹਿਜੇ ਰਚਿਓ... ਵਿੱਚ ਕੋਈ ਤਬਦੀਲੀ ਨਹੀਂ ਕੀਤੀ। ਸਿਰਫ ਅੱਠਵੀਂ ਕਿਤਾਬ “ਸ਼ਮਸ਼ੀਰਾਂ ਦਾ ਵਜਦ" ਦੇ ਭਾਗ ਪਹਿਲਾ ਦੇ ਛੇ ਸਫੇ ਵਧਾਏ ਹਨ । ਬਾਕੀ ਹਰ ਲਫਜ਼ ਪਹਿਲਾਂ ਵਾਂਗ ਹੀ ਹੈ। ਹਾਂ, ਇਸ ਦੇ ਖ਼ਿਆਲਾਂ ਦੀ ਪ੍ਰਮਾਣਿਕਤਾ ਵੇਖਣ ਲਈ ਬਹੁਤ ਸਾਰੀਆਂ ਨਵੀਆਂ ਪੁਸਤਕਾਂ ਪੜ੍ਹੀਆਂ ਹਨ, ਅਤੇ ਸਮੇਂ ਦੀਆਂ ਹਕੀਕਤਾਂ ਨੂੰ ਨੀਝ ਨਾਲ ਵਾਚਿਆ ਹੈ ।


                            2

“ਸਹਿਜੇ ਰਚਿਓ ਖ਼ਾਲਸਾ" ਨੂੰ ਲਿਖਣ ਦਾ ਇਹ ਮੰਤਵ ਸੀ ਪਈ ਮੈਂ ਸਿੱਖ ਪੰਥ ਨੂੰ ਉਸਦੀ ਪਹਿਲ-ਤਾਜ਼ਗੀ ਦਾ ਕੁਝ ਅਹਿਸਾਸ ਦੇਣਾ ਚਾਹੁੰਦਾ ਸਾਂ । ਮੈਂ ਉਸ ਪਵਿੱਤਰ ਅਤੇ ਬਲਵਾਨ ਜਜ਼ਬੇ ਨੂੰ ਸਿੱਖ ਕੌਮ ਦੇ ਅਨੁਭਵ ਨਾਲ ਜੋੜਣਾ ਚਾਹੁੰਦਾ ਸਾਂ, ਜਿਹੜਾ ਸਿੱਖ ਪੰਥ ਵਿੱਚ ਕਲਗੀਧਰ ਦੇ ਪੰਜ ਸੀਸ ਮੰਗਣ ਸਮੇਂ ਪੈਦਾ ਹੋਇਆ, ਅਤੇ ਆਪਣੀ ਸ਼ੁਧ ਅਵਸਥਾ ਵਿੱਚ ਸਾਮੂਹਿਕ ਤੌਰ ਉੱਤੇ ਘੱਟੋ ਘੱਟ ਉਹਨਾਂ ਦੇ ਜੋਤੀ-ਜੋਤ ਸਮਾਉਣ ਤਕ ਜ਼ਰੂਰ ਰਿਹਾ। ਭਾਵੇਂ ਇਤਿਹਾਸ, ਚਿੰਤਨ, ਪੋਰਾਣ ਅਤੇ ਵਿਸ਼ਲੇਸ਼ਣਮਈ ਵਿਆਖਿਆ ਵਿੱਚ ਕਿਸੇ ਮਜ਼ਹਬ ਦੀ ਪਹਿਲ-ਤਾਜ਼ਗੀ ਦੇਣ ਜੋਗਾ ਤਸੱਲੀਬਖਸ਼ ਤਾਣ ਨਹੀਂ ਹੁੰਦਾ, ਅਤੇ ਇਸਦੀ ਸਹੀ ਪੇਸ਼ਕਾਰੀ ਸ਼ਕਤੀਸ਼ਾਲੀ ਕਵਿਤਾ ਜਾਂ ਕਿਸੇ ਸਰਬੋਤਮ ਮਹਾਂ ਕਾਵਿ (Epic) ਦੇ ਹਿੱਸੇ ਆਉਂਦੀ ਹੈ, ਪਰ ਈਮਾਨਦਾਰ ਅਮਲ, ਇਕਾਗਰ ਗਿਆਨ ਅਤੇ ਸ਼ੁਧ ਅਰਦਾਸ ਦੀ ਲਗਾਤਾਰ ਆਪਸੀ ਸਾਂਝ ਕਈ ਵਾਰ ਦਲੀਲ-ਭਰਪੂਰ ਨਸਰ ਵਿੱਚ ਵੀ ਮਜ਼ਹਬਾਂ ਦੀ ਪਹਿਲ-ਤਾਜ਼ਗੀ ਦੇ ਕੁਝ ਰੰਗ ਸਾਹਮਣੇ ਲੈ ਆਉਂਦੀ ਹੈ । ਬੜੀ ਹਲੀਮੀ ਸਹਿਤ ਅਰਜ ਹੈ, ਪਈ “ਸਹਿਜੇ ਰਚਿਓ" ਲਿਖਦਿਆਂ ਮੈਂ ਇਸ ਪਾਸੇ ਕੁਝ ਸਾਲ ਸਿੱਖ ਧਰਮ ਦੀ ਦੇਵੀ ਅਸਲੀਅਤ ਨੂੰ ਸਾਹਮਣੇ ਲਿਆਉਣ ਲਈ ਸੱਚੀ ਕੋਸ਼ਿਸ਼ ਕੀਤੀ ਹੈ।

ਜਦੋਂ ਕੌਮਾਂ ਆਪਣੇ ਜਨਮਦਾਤਾ ਪੈਗੰਬਰਾਂ ਦੇ ਨੇੜੇ ਹੁੰਦੀਆਂ ਹਨ, ਤਾਂ ਉਹਨਾਂ ਦੀ ਫ਼ਿਤਰਤ ਵਿੱਚ ਆਪਣੇ ਮਜ੍ਹਬ ਦੀਆਂ ਬਹੁਤ ਤਾਜ਼ਾ ਅਤੇ ਮੌਲਿਕ ਰਮਜ਼ਾਂ ਹੁੰਦੀਆਂ ਹਨ । ਉਹਨਾਂ ਦੇ ਸੁਪਨਿਆਂ, ਆਸਾਂ ਅਤੇ ਚੜ੍ਹਦੀ ਕਲਾ ਦੀ ਚੇਤਨਾ ਵਿੱਚ ਉਹਨਾਂ ਦੇ ਜਨਮਦਾਤਿਆਂ ਦੇ ਇਸ਼ਾਰੇ ਭਰਪੂਰ ਮਾਤਰਾ ਵਿੱਚ ਹੁੰਦੇ ਹਨ । ਉਹਨਾਂ ਦੀ ਕਹਿਣੀ ਅਤੇ ਕਰਨੀ ਵਿੱਚ ਗੁਰੂ-ਪੈਗੰਬਰ ਦੀ ਅਤਿ ਨੇੜੇ ਦੀ ਛੋਹ ਹੁੰਦੀ ਹੈ। ਅਜਿਹੇ ਹਾਲਾਤ ਵਿੱਚ ਕੰਮਾਂ ਦੀ ਸਾਮੂਹਿਕ ਚੇਤਨਾ ਜ਼ਰਖੇਜ਼, ਚਮਤਕਾਰੀ ਅਤੇ ਬਾਰੀਕ ਹੁੰਦੀ ਹੈ। ਉਦੋਂ ਇਹ ਚੇਤਨਾ ਕਿਸੇ ਪਰਕਾਰ ਦੇ ਵਿਰੋਧ-ਵਿਕਾਸ ਦੇ ਅਸੂਲ ਦੀ ਸਰਦਾਰੀ ਕਬੂਲ ਨਹੀਂ ਕਰਦੀ, ਅਤੇ ਇਹ ਹਰ ਕਿਸਮ ਦੇ ਆਰਥਕ ਪ੍ਰਭਾਵ ਤੋਂ ਆਜ਼ਾਦ ਹੁੰਦੀ ਹੈ । ਉਦੋਂ ਇਸ ਦੀ ਗਤੀ ਆਮ ਇਤਿਹਾਸ ਨਾਲੋਂ ਤਾਕਤਵਰ ਅਤੇ ਤੀਬਰ ਹੁੰਦੀ ਹੈ, ਕਿਉਂਕਿ ਉਦੋਂ ਇਤਿਹਾਸ ਇਸ ਵਿੱਚੋਂ ਜਨਮ ਲੈਂਦੇ ਹਨ । ਇਸੇ ਸਮੇਂ ਨੂੰ ਮਜ਼ਬਾਂ ਦੀ ਪਹਿਲ-ਤਾਜ਼ਗੀ ਦੀ ਅਵਸਥਾ ਕਿਹਾ ਜਾਂਦਾ ਹੈ ।

ਸਮਾਂ ਬੀਤਣ ਨਾਲ ਬਹੁਤ ਸਾਰੇ ਕਾਰਨਾਂ ਅਧੀਨ ਮਜ਼ਬਾਂ ਦੀ ਉਪਰੋਕਤ ਪਹਿਲ-ਤਾਜ਼ਗੀ ਕੰਮਜ਼ੋਰ ਪੈਣੀ ਸ਼ੁਰੂ ਹੋ ਜਾਂਦੀ ਹੈ । ਜਦੋਂ ਇਸਦੀ ਤੀਬਰਤਾ ਘਟਦੀ ਹੈ, ਤਾਂ ਕੌਮਾਂ ਦੇ ਮਨ ਕੰਮਜ਼ੋਰ ਹੋ ਜਾਂਦੇ ਹਨ, ਅਤੇ ਸਿੱਟੇ ਵੱਜੋਂ ਇਹਨਾਂ ਦੀ ਕਹਿਣੀ ਅਤੇ ਕਰਨੀ ਬਾਹਰਲੇ ਹਾਲਾਤ (ਪੈਦਾਵਾਰੀ ਸ਼ਕਤੀਆਂ) ਦੇ ਅਧੀਨ ਹੋ ਜਾਂਦੀ ਹੈ । ਭਾਵੇਂ ਵਿਅਕਤੀਗਤ ਅਤੇ ਭਾਵੇਂ ਸਾਮੂਹਿਕ, ਕੇਵਲ ਕੰਮਜ਼ੋਰ ਮਨਾਂ ਉੱਤੇ ਹੀ ਮਾਰਕਸੀ ਵਿਸ਼ਲੇਸ਼ਣ ਦੀਆਂ ਮੱਦਾਂ ਲਾਗੂ ਹੁੰਦੀਆਂ ਹਨ ।

ਮਜ੍ਹਬਾਂ ਅਤੇ ਕੌਮਾਂ ਦੇ ਸ਼ਕਤੀਸ਼ਾਲੀ ਮਨ ਆਪਣੀ ਆਜ਼ਾਦ ਹਸਤੀ ਵਿੱਚ ਵਿਚਰਦੇ ਹਨ, ਅਤੇ ਇਹ ਪੈਦਾਵਾਰੀ ਸ਼ਕਤੀਆਂ ਦੇ ਪ੍ਰਭਾਵ ਦੀ ਅਗਵਾਈ ਅਤੇ ਵਿਰੋਧ-ਵਿਕਾਸ ਦੇ ਨਿਯਮ ਦੀ ਰਚਨਾ ਤੋਂ ਬਾਗੀ ਹੁੰਦੇ ਹਨ। ਸੋ ਜਦੋਂ ਮਜ੍ਹਬਾਂ ਦੀ ਪਹਿਲ-ਤਾਜ਼ਗੀ ਦਾ ਜੋਸ਼ ਮੱਠਾ ਪੈਂਦਾ ਹੈ, ਤਾਂ ਕੇਵਲ ਥੋੜੇ ਸਮੇਂ ਲਈ ਮਾਰਕਸਵਾਦੀ ਚਿੰਤਨ ਦੀ ਚੜ੍ਹਤਲ ਦਾ ਰਾਹ ਤਿਆਰ ਹੁੰਦਾ ਹੈ । ਮਿਸਾਲ ਲਈ ਈਸਾਈਅਤ ਦੇ ਕੰਮਜ਼ੋਰ ਪੈ ਚੁੱਕੇ ਮਨ ਦੇ ਵਿਰੋਧ ਵਿੱਚੋਂ ਹੀ ਮਾਰਕਸ ਦੀ ਫ਼ਿਲਾਸਫ਼ੀ ਦਾ ਸਿਰ ਉੱਚਾ ਹੋਇਆ ।

ਜੇ ਮੈਨੂੰ ਸਿੱਖ ਧਰਮ ਦੀ ਪਹਿਲ-ਤਾਜ਼ਗੀ ਦੇ ਘਟਣ ਦੀ ਸ਼ਕਾਇਤ ਹੈ, ਤਾਂ ਘੱਟੋ ਘੱਟ ਮੈਂ ਇਕੱਲਾ ਨਹੀਂ । ਅਨੇਕਾਂ ਖਾਮੋਸ਼ ਗ਼ਮਜ਼ਦਾ ਲੋਕ ਮੇਰੇ ਨਾਲ ਹਨ, ਜਿਹੜੇ ਰੂਹਾਨੀ ਤੀਬਰਤਾ ਦੇ ਘਟਣ ਸਮੇਂ ਆਪਣੇ ਧਰਮਾਂ ਉੱਤੇ ਇਕ ਭਿਅੰਕਰ ਸੋਕਾ ਵੇਖਦੇ ਹਨ । ਮਿਸਾਲ ਲਈ ਹਜ਼ਰਤ ਮੁਹੰਮਦ ਸਾਹਿਬ ਤੋਂ ਪੰਜ ਸੋ ਸਾਲ ਪਿੱਛੋਂ ਆਉਣ ਵਾਲੇ ਸ਼ੇਖ ਸ਼ਹਾਬ-ਉਦ-ਦੀਨ ਸੁਹਰਾਵਰਦੀ (1145 ਈ: ਤੋਂ 1234 ਈ:) ਨੇ ਇਸਲਾਮ ਦੀ ਪਹਿਲ-ਤਾਜ਼ਗੀ ਦੇ ਮੁਰਝਾ ਜਾਣ ਦੇ ਦੁਖਾਂਤ ਨੂੰ ਸੱਚ ਦੀ ਅਡੋਲ ਦਲੀਲ ਨਾਲ ਪੇਸ਼ ਕੀਤਾ ਹੈ :


(ix)

"ਜਦ ਪੰ ੰਬਰੀ ਦਾ ਸੂਰਜ ਗ੍ਰੰਬ ਦੇ ਪਰਦੇ ਓਹਲੇ ਹੋ ਗਿਆ, ਅਤੇ ਪਵਿੱਤਰਤਾ ਦੀ ਰੌਸ਼ਨੀ (ਮੁਹੰਮਦ ਸਾਹਿਬ ਦੀ ਪਾਕ ਜ਼ਾਤ) ਜਮਾਲ ਦੇ ਪਰਦੇ ਪਿੱਛੇ ਛਿਪ ਗਈ, ਤਾਂ ਲੋਕਾਂ ਦੇ ਨਫ਼ਸ ਦੀ ਦੁਨੀਆਂ ਦੇ ਹਨੇਰੇ ਨੇ ਚਾਨਣ (ਮਜ੍ਹਬ ਦੀ ਉੱਜਲ ਚੇਤਨਾ) ਨੂੰ ਧੁੰਧਲਾ ਪਾ ਦਿੱਤਾ—ਚਾਨਣ, ਜਿਹੜਾ ਕਿ ਲੋਕਾਂ ਨੂੰ ਪੈਗੰਬਰੀ ਰੋਸ਼ਨੀ ਤੋਂ ਮਿਲਿਆ ਸੀ...... ਦਿਲਾਂ ਨੇ ਸੰਤੁਲਿਤ ਸਾਬਤ ਕਦਮੀ ਤੋਂ ਗਲਤ ਪਾਸੇ ਮੋੜ ਲੈ ਲਿਆ; ਵਿਰੋਧ ਨੇ ਬਿਲਕੁਲ ਉਲਟ ਰੁੱਖ ਧਾਰਨ ਕਰ ਲਿਆ, ਅਤੇ (ਸਮੇਂ ਦ) ਪ੍ਰਭਾਵ ਦਾ ਰਾਹ ਸ਼ੈਤਾਨ ਵਲ ਖੁੱਲ੍ਹ ਗਿਆ ।" (ਬਰੈਕਟਾਂ ਦੇ ਲਫ਼ਜ਼ ਮੇਰੇ ਹਨ ।)

ਸ਼ੇਖ ਸਾਹਿਬ ਨੂੰ ਠੀਕ ਰੂਪ ਵਿੱਚ ਹਜ਼ਰਤ ਮੁਹੰਮਦ ਸਾਹਿਬ ਦਾ ਦੀਦਾਰ ਅਤੇ ਸੰਗਤ, ਅਤੇ ਉਹਨਾਂ ਦੇ ਪੈਗਾਮ ਦੇ ਜ਼ਿੰਦਾ ਪ੍ਰਭਾਵ ਵਿੱਚ ਇਸਲਾਮ ਦੀ ਪਹਿਲ-ਤਾਜ਼ਗੀ ਨਜ਼ਰ ਆਉਂਦੀ ਹੈ :

“ਮੁਹੰਮਦ ਸਾਹਿਬ ਦੀ ਸੰਗਤ ਦੇ ਸਮੇਂ ਵਿੱਚ ਵਹੀ (ਦੇਵੀ ਪ੍ਰਕਾਸ਼) ਦੇ ਨਾਜ਼ਲ ਹੋਣ ਦੇ ਪ੍ਰਭਾਵ ਦੀ ਨਿਅਮਤ ਅਤੇ ਪੈਗੰਬਰੀ ਨੂਰ ਦੀਆਂ ਰਿਸ਼ਮਾਂ ਨੇ ਲੋਕਾਂ ਦੇ ਨਫ਼ਸ ਵਿੱਚੋਂ (ਰੋਗੀ) ਰਸਮਾ ਦੇ ਹਨੇਰੇ ਨੂੰ ਹੂੰਝ ਦਿੱਤਾ ।”2

ਡਾਕਟਰ ਇਕਬਾਲ ਦੇ ਕਾਵਿ-ਆਵੇਸ਼ ਦਾ ਵੱਡਾ ਹਿੱਸਾ ਇਸਲਾਮ ਦੀ ਸਦੀਵੀ ਸਿਹਤਮੰਦ ਮੌਲਿਕਤਾ, ਜਿਹੜੀ ਕਿ ਹਜ਼ਰਤ ਮੁਹੰਮਦ ਸਾਹਿਬ ਦੀ ਪੈਗੰਬਰੀ ਸ਼ਖਸੀਅਤ ਵਿੱਚੋਂ ਉਪਜਦੀ ਹੈ,

ਦੀ ਤਲਾਸ਼ ਵਿੱਚੋਂ ਜਨਮ ਲੈਂਦਾ ਹੈ :

            ਕੋ ਆਂ ਨਿਗਾਹਿ ਨਾਜ਼ ਕਿ ਅੱਵਲ ਦਿਲਮ ਰਹੂਬ

           ਉਮਰਤ ਦਰਾਜ਼ ਬਾਦ ਹਮਾਂ ਤੀਰਮ ਆਰਜ਼ੁਸਤ ।



1. When the sun of prophecy became veiled in the veil of the hidden; and the light of purity, concealed in the veil of grandeur-, the darkness of land of nafs of the people (who, by the light of prophecy, had gained effulgence) became effaced in its light......... Hearts turned their face from the moderation of steadfastness to turning aside contrariety to the degree of turning wholly away, appeared; and opens to shaitan, became the path of sway.

(Page 234, 235)

2. In the time of the society of Muhummad, by the blessing of the effects of descent of Vahi (revelation), and of the ray of light of prophecy the nafs of the people had become eradicated from the darkness of customs (Page 234)

(हाला 1 भडे 2 लप्टी देखे The Awarif-ul-Ma'arif by Shaikh Shahab-ud-Din Suhrawardi; Tr. T. H. W. Clarke; Taj Company, 1984)


(ਉਹ ਨਾਜ਼-ਭਰੀ ਨਜ਼ਰ, ਜੋ ਪਹਿਲੀ ਵਾਰ ਮੇਰੇ ਦਿਲ ਨੂੰ ਲੁੱਟ ਕੇ ਲੈ ਗਈ ਸੀ, ਤੇਰੀ ਉਮਰ ਲੰਮੀ ਹੋਵੇ, ਮੈਨੂੰ ਉਸੇ (ਨਜ਼ਰ ਦੇ) ਤੀਰ ਦੀ ਆਰਜ ਹੈ ।)

ਏਸੇ ਡਾ: ਇਕਬਾਲ ਪੈਗ਼ੰਬਰ ਦੇ ਜ਼ਮਾਨਿਆਂ ਦੀ ਇਸਲਾਮੀ ਚੇਤਨਾ ਦੇ ਸਦੀਵੀ ਖੇੜੇ ਅਤੇ ਸਿਦਕ ਦੀ ਦਿਲਕਸ਼ ਚੜ੍ਹਤਲ ਦੇ ਮੁੜ ਹੋਂਦ ਵਿੱਚ ਆਉਣ ਦੀ ਤਮੰਨਾ ਕਰ ਰਹੇ ਹਨ, ਅਰਥਾਤ ਇਸਲਾਮ ਦੀ ਗੁਆਚੀ ਪਹਿਲ-ਤਾਜ਼ਗੀ ਨੂੰ ਢੂੰਡਣ ਲਈ ਤੜਪ ਰਹੇ ਹਨ ।



                              3

ਸਿੱਖ ਧਰਮ ਦੀ ਪਹਿਲ-ਤਾਜ਼ਗੀ ਉਦੋਂ ਕੁਮਲਾਉਣੀ ਸ਼ੁਰੂ ਹੋਈ, ਜਦੋਂ ਸਾਮੂਹਿਕ ਅਤੇ ਛਾਤੀ ਦੋਵਾਂ ਪੱਧਰਾਂ ਉੱਤੇ ਸਿੱਖ ਕੌਮ ਦੇ ਮਨ ਵਿਚੋਂ ਗੁਰੂ ਸਾਹਿਬਾਨ ਦਾ ਸੁਹਜ ਘਟਣ ਲੱਗਾ : ਉਹਨਾਂ ਦੇ ਜੀਵਨ ਦੀਆਂ ਅਸਲੀ ਤਸਵੀਰਾਂ ਕੰਮ ਦੀ ਚੇਤਨਾ ਵਿੱਚੋਂ ਧੁੰਧਲੀਆਂ ਪੈਣ ਲੱਗੀਆਂ, ਅਤੇ ਉਹਨਾਂ ਦੀ ਮੌਲਿਕ ਛੋਹ ਜੀਵਨ-ਰਿਸ਼ਤਿਆਂ ਵਿੱਚੋਂ ਅਕਸਰ ਗ਼ੈਰ-ਹਾਜ਼ਿਰ ਰਹਿਣ ਲੱਗੀ। ਇੱਕ ਪੰਥਕ ਚੇਤਨਾ ਦੇ ਬੌਧਿਕ ਅਤੇ ਆਤਮਕ ਪਹਿਲੂ ਕੰਮਜ਼ੋਰ ਪੈਣ ਲੱਗੇ, ਅਤੇ ਉਸ ਦੇ ਅਮਲ ਵਿੱਚ ਵੀ ਉਹ ਪਹਿਲੇ ਦਿਨਾਂ ਵਾਲੀ ਸਿਦਕ ਦਿਲੀ ਨਾਂਹ ਰਹੀ।

ਬਿਪਰ-ਸੰਸਕਾਰ ਨੇ ਗੁਰੂ-ਚੇਤਨਾ ਉੱਤੇ ਇਸ ਦੇ ਜਨਮ ਸਮੇਂ ਤੋਂ ਹੀ ਮਾਰੂ ਵਾਰ ਕਰਨੇ

ਸ਼ੁਰੂ ਕਰ ਦਿੱਤੇ । ਬਿਪਰ-ਸੰਸਕਾਰ ਦੀ ਮਾਰ ਬਹੁਤ ਦੂਰ ਤਕ ਸੀ। ਇਹ ਅਤਿ ਮਹੀਨ ਸ਼ਕਲਾਂ ਵਿੱਚ ਬਦਲ ਸਕਦਾ ਸੀ । ਕਈ ਵਾਰ ਇਹ ਪੰਥ ਦੀ ਗੁਰੂ-ਚੇਤਨਾ ਦੇ ਅੰਦਰੋਂ ਵਾਰ ਕਰਦਾ ਸੀ, ਅਤੇ ਉਦੋਂ ਇਸ ਦੀ ਹਰਕਤ ਸੂਖਮ ਅਤੇ ਅਦ੍ਰਿਸ਼ਟ ਹੁੰਦੀ ਸੀ । ਕਈ ਵਾਰ ਇਸ ਦਾ ਅਮਲ ਬਾਹਰਮੁਖੀ ਹੁੰਦਾ ਸੀ, ਅਤੇ ਉਦੋਂ ਇਸ ਦੀ ਹਰਕਤ ਵਿੱਚ ਚਾਲਾਕੀ, ਸਾਜ਼ਿਸ਼ ਅਤੇ ਜਾਸੂਸੀ ਦੇ ਅੰਸ਼ ਹੁੰਦੇ ਸਨ   


   ਬਿਪਰ-ਸੰਸਕਾਰ ਦਾ ਛਲੇਡਾ-ਰੂਪ ਪੰਥ ਦੀ ਗੁਰੂ-ਚੇਤਨਾ ਸਾਹਮਣੇ ਅਨੇਕਾਂ ਸ਼ਕਲਾਂ ਵਿਚ ਪ੍ਰਗਟ ਹੁੰਦਾ ਸੀ । ਕਈ ਵਾਰ ਦੂਜੇ ਧਰਮਾਂ ਦੇ ਰੂਪ ਵਿੱਚ, ਕਦੇ ਮਨ ਦਾ ਚੋਰ ਬਣਕੇ, ਕਦੇ ਪਖੰਡੀ ਅਮਲ ਦੀ ਰੂਪ-ਰੇਖਾ ਵਿਚ ਬਦਲ ਕੇ, ਕਦੇ ਚੇਤਨਾ ਦੀ ਮਹੀਨ ਤਰਜ਼ ਵਿਚ ਢਲ ਕੇ ਅਤੇ ਕਦੇ ਕਲਾ ਦੀ ਰੰਗੀਨ ਪੁਸ਼ਾਕ ਪਹਿਣ ਕੇ ਪੰਥ ਦੀ ਗੁਰੂ-ਚੇਤਨਾ ਨੂੰ ਭਰਮਾ ਕੇ ਉਸ ਨੂੰ ਕੰਮਜ਼ੋਰ ਕਰਦਾ ਰਿਹਾ ।

ਜਦੋਂ ਵੀ ਕੋਈ ਮਜ਼੍ਹਬ ਆਪਣੀ ਆਜ਼ਾਦ ਸ਼ਖਸੀਅਤ ਧਾਰਨ ਕਰ ਲੈਂਦਾ ਸੀ, ਅਤੇ ਅਬਿਨਾਸ਼ੀ ਹੋਂਦ ਦਾ ਮਾਲਕ ਹੋ ਨਿਬੜਦਾ ਸੀ, ਤਾਂ ਹਿੰਦੂ ਧਰਮ ਦਾ ਬ੍ਰਾਹਮਣੀ ਰੂਪ ਅਚੇਤ ਹੀ ਉਸ ਨਾਲ ਈਰਖਾ ਕਰਦਾ ਸੀ, ਅਤੇ ਮਨੋ-ਵਿਗਿਆਨਕ ਧਰਾਤਲ ਉੱਤੇ ਉਸ ਨੂੰ ਤਬਾਹ ਕਰਨ ਲਈ ਸਾਜ਼ਿਸ਼ਾਂ ਦੇ ਬਾਰੀਕ ਸਾਮਾਨ ਤਿਆਰ ਕਰਦਾ ਸੀ। ਬਸ, ਇਹੋ ਬਿਪਰ-ਸੰਸਕਾਰ ਸੀ ! ਸਿੱਖ ਧਰਮ ਤੋਂ ਪਹਿਲਾਂ ਬੁੱਧ ਧਰਮ ਅਤੇ ਇਸਲਾਮ ਦੋਵਾਂ ਨੂੰ ਬਿਪਰ-ਸੰਸਕਾਰ ਦੀ ਈਰਖਾ ਜਾਂ ਇਕ ਪਰਕਾਰ ਦੀ ਅਲਚਕ ਅਸਹਿਨਸ਼ੀਲਤਾ ਦਾ ਸ਼ਿਕਾਰ ਹੋਣਾ ਪਿਆ । ਸਿੱਟੇ ਵਜੋਂ ਭਾਰਤ ਦੀ ਧਰਤੀ ਉੱਤੇ ਬੁੱਧ ਧਰਮ ਨੂੰ ਬ੍ਰਾਹਮਣ ਦੀ ਭਿਅੰਕਰ ਅਸਹਿਨਸ਼ੀਲਤਾ ਅੱਗੇ ਹਾਰਨਾ ਪਿਆ, ਜਦੋਂ ਕਿ ਹਾਕਮ ਤਬਕੇ ਨਾਲ ਸੰਬੰਧਿਤ ਹੋਣ ਕਾਰਨ ਬਿਪਰ-ਸੰਸਕਾਰ ਹੱਥੋਂ ਇਸਲਾਮ ਨੂੰ ਖੁੱਲਮ-ਖੁੱਲਾ ਨੁਕਸਾਨ ਨਾਂਹ ਪੁੱਜਿਆ। ਪੰਜ ਸੌ ਸਾਲ ਪਹਿਲਾਂ ਜਿਉਂ ਹੀ ਸਿੱਖ ਧਰਮ ਦੀ ਸ਼ਖਸੀਅਤ ਅਤਿ ਮੌਲਿਕ ਅਤੇ ਅਤਿ ਸੁਤੰਤਰ ਰੂਪ ਵਿਚ ਨਿਖਰਣੀ ਸ਼ੁਰੂ ਹੋਈ, ਬਿਪਰ ਸੰਸਕਾਰ ਇਸ ਨਾਲ ਮਾਨਸਿਕਤਾ ਅਤੇ ਅਮਲ ਦੇ ਕਈ ਧਰਾਤਲਾਂ ਉੱਤੇ ਟੱਕਰ ਲੈਣ ਲੱਗਾ, ਅਤੇ ਇਹ ਅਨੇਕ-ਮੂੰਹਾਂ ਸੰਘਰਸ਼ ਵੀਹਵੀਂ ਸਦੀ ਦੇ ਅਖੀਰਲੇ ਸਾਲਾਂ ਵਿੱਚ ਕਈ ਖੂਨੀ ਰੰਗ ਅਖਤਿਆਰ ਕਰ ਗਿਆ ਹੈ ।

ਚੰਦੂ, ਗੰਗੂ, ਸੁੱਚਾ ਨੰਦ ਅਤੇ ਲਖਪਤ ਰਾਇ ਰਾਹੀਂ ਪਰਤੱਖ ਜ਼ਹਿਰੀਲੇ ਦੰਦ ਵਖਾਉਣ ਪਿੱਛੋਂ ਬਿਪਰ ਸੰਸਕਾਰ ਸਿੱਖ ਧਰਮ ਵਿਰੁਧ ਕਈ ਅਰੂਪ ਚਾਲਾਂ ਵਿੱਚ ਦਿਲਚਸਪੀ ਲੈਣ ਲੱਗਾ । ਖਾਲਸਾ ਜੀ ਵੱਲੋਂ 1740 ਈ: ਵਿੱਚ ਦਸਮ ਗ੍ਰੰਥ ਦੇ ਹਰ ਹਿੱਸੇ ਨੂੰ ਇਕ ਗ਼ਲਤ ਮਨੰਤ ਦੇ ਅਧਾਰ ਉੱਤੇ ਦਸਮ ਗੁਰੂ ਜੀ ਦੀ ਬਾਣੀ ਮੰਨਣ ਤੋਂ ਪਹਿਲਾਂ ਹੀ ਹਵਾ ਵਿੱਚ ਕੁਝ ਐਸੀਆਂ ਅਫ਼ਵਾਹਾਂ, ਭਰਮ ਅਤੇ ਬ੍ਰਾਹਮਣ ਦੇ ਚਾਲਾਕ ਪਰਚਾਰ ਦੀਆਂ ਕੁਝ ਐਸੀਆਂ ਚੀਜ਼ਾਂ ਜ਼ਰੂਰ ਸਨ, ਜਿਹਨਾਂ ਨੇ ਖਾਲਸੇ ਦੇ ਮਨ ਨੂੰ ਸਮੁੱਚੇ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਣ ਲਈ ਤਿਆਰ ਕਰ ਲਿਆ ਸੀ । ਸਮੁੱਚੇ ਦਸਮ ਗ੍ਰੰਥ ਨੂੰ ਖ਼ਾਲਸੇ ਵੱਲੋਂ ਗੁਰੂ ਜੀ ਦੀ ਬਾਣੀ ਦਾ ਦਰਜਾ ਮਿਲਣ ਦੀ ਦੇਰ ਸੀ, ਕਿ ਉਹਨਾਂ ਦੇ ਦੇਵੀ-ਪੂਜ ਹੋਣ ਦਾ ਖਤਰਨਾਕ ਵਾਦ-ਵਿਵਾਦ ਛਿੜ ਪਿਆ । ਇਸੇ ਸਮੇਂ ਵਿੱਚ ਕੋਇਰ ਸਿੰਘ ਨੇ "ਗੁਰ ਬਿਲਾਸ ਪਾਤਸ਼ਾਹੀ ੧੦" ਵਿੱਚ ਦੇਵੀ-ਪੂਜਾ ਦਾ ਲੰਮਾ ਪ੍ਰਸੰਗ ਗੁਰੂ ਜੀ ਦੇ ਜੀਵਨ ਨਾਲ ਜੋੜ ਦਿੱਤਾ । ਇਸ ਤੋਂ ਬਾਅਦ ਸੁੱਖਾ ਸਿੰਘ ਦੇ ਗੁਰ ਬਿਲਾਸ ਅਤੇ ਮਹਾਂ ਕਵੀ ਸੰਤੋਖ ਸਿੰਘ ਜੀ ਦੇ 'ਸੂਰਜ ਪ੍ਰਕਾਸ਼" ਵਿੱਚ ਵੀ ਦੇਵੀ-ਪੂਜਾ ਦੇ ਪ੍ਰਸੰਗ ਦੀ ਪੈਰਵੀ ਕੀਤੀ ਗਈ । ਅਸਲ ਵਿੱਚ ਦੇਵੀ-ਪੂਜਾ ਦੇ ਬੀਜ ਦਸਮ ਗ੍ਰੰਥ ਦੀਆਂ ਕੱਚੀਆਂ ਅਤੇ ਅਣਕਲਾਤਮਿਕ ਰਚਨਾਵਾਂ ਦੀਆਂ ਕਥਾਵਾਂ, ਸ਼ਬਦਾਵਲੀ ਅਤੇ ਸੰਕਲਪਾਂ ਵਿੱਚ ਅਤਿ ਢੀਠ ਅੰਦਾਜ਼ ਵਿੱਚ ਮੌਜੂਦ ਹਨ, ਜਿਹਨਾਂ ਨੂੰ ਰੱਦ ਕਰਨ ਵਿੱਚ ਜਾਂ ਜਿਹਨਾ ਦੇ ਮਨਚਾਹੇ ਅਰਥ ਘੜਣ ਵਿੱਚ ਪੰਥ ਦੀ ਬਹੁਤ ਸ਼ਕਤੀ ਖਰਚ ਆਈ । ਪੰਥ ਇਹਨਾਂ ਰਚਨਾਵਾਂ ਨੂੰ ਗੁਰੂ ਸਾਹਿਬ ਦੀਆਂ ਮੰਨ ਕੇ ਸਤਿਕਾਰ ਕਰਦਾ ਰਿਹਾ, ਪਰ ਉਸੇ ਸਮੇਂ ਇਹਨਾਂ ਦੇ ਅਰਥਾ ਤੋਂ ਇਨਕਾਰ ਵੀ ਕਰਦਾ ਰਿਹਾ । ਇਹ ਦੁਬਿਧਾ ਬਿਪਰ-ਸੰਸਕਾਰ ਦੀ ਦਗੇਬਾਜ਼ੀ ਦਾ ਕ੍ਰਿਸ਼ਮਾ ਸੀ ।

ਦਸਮ ਗ੍ਰੰਥ ਦੇ ਰਚਨਹਾਰ ਬਾਰੇ ਗ਼ਲਤ ਫੈਸਲਾ ਜਾ ਕਿਸੇ ਧਰਾਤਲ ਉੱਤੇ ਚਲ ਰਹੀ ਦੁਬਿਧਾ ਨੇ ਪੰਥ ਦੇ ਮਨ ਨੂੰ ਕੰਮਜ਼ੋਰ ਕੀਤਾ । ਸਿੱਟੇ ਵੱਜੋਂ ਬਹੁਤ ਸਾਰੇ ਸਿੱਖ ਗ੍ਰੰਥਾਂ ਵਿੱਚ ਮਿਲਾਵਟਾਂ ਜਾਂ ਨਕਲੀ ਚੀਜ਼ਾਂ ਦਾ ਜ਼ੋਰ ਹੋ ਗਿਆ । ਬਿਪਰ-ਸੰਸਕਾਰ ਦੀ ਅਰੂਪ ਅਤੇ ਨਿਰਾਕਾਰ ਗਤੀ ਨੇ ਮਹਾਂ ਕਵੀ ਸੰਤੋਖ ਸਿੰਘ ਤੱਕ ਦੀਆਂ ਰਚਨਾਵਾਂ ਵਿੱਚ ਚੋਰੀ ਚੋਰੀ ਜਾਂ ਅਛੋਪਲੇ ਹੀ ਪ੍ਰਵੇਸ਼ ਕਰ ਲਿਆ । ਬਿਪਰ-ਸੰਸਕਾਰ ਨੇ ਇਕ ਪਾਸੇ ਤਾਂ ਮਿਲਾਵਟਾਂ ਅਤੇ ਨਕਲੀ ਧਰਮ-ਇਸ਼ਟਾਂ ਨੂੰ ਜਨਮ ਦਿੱਤਾ, ਦੂਜੇ ਪਾਸੇ ਉਹਨਾਂ ਵਿੱਚ ਯਕੀਨ ਕਰਨ ਵਾਲੀ ਮਾਨਸਿਕਤਾ (ਅਕਲ ਜਾਂ ਚੇਤਨਾ) ਨੂੰ ਵੀ ਤਿਆਰ ਕਰ ਲਿਆ।

ਇਸ ਸਮੇਂ ਵਿੱਚ ਨਕਲੀ ਗੁਰੂ-ਲਿਖਤਾਂ (ਜਿਵੇਂ 'ਹੁਕਮਨਾਮੇ") ਤਿਆਰ ਹੋਈਆ । ਨਾਲ ਹੀ ਬਿਪਰ-ਸੰਸਕਾਰ ਦੀ ਮਿਹਰਬਾਨੀ ਸਦਕਾ ਇਹਨਾਂ ਲਿਖਤਾਂ ਨੂੰ ਅਸਲੀ ਸਾਬਤ ਕਰਨ ਵਾਲੀ ਬਣਾ-ਕੱਦ ਬੁੱਧੀ ਦਾ ਬੋਲ-ਬਾਲਾ ਹੁੰਦਾ ਗਿਆ । ਏਥੋਂ ਤੱਕ ਕਿ ਵੀਹਵੀਂ ਸਦੀ ਵਿੱਚ ਇਹ ਬਣਾ-ਕੱਦ ਬੁੱਧੀ ਨੇ ਯੂਨੀਵਰਸਿਟੀਆਂ ਵਿੱਚੋਂ ਨਿਕਲੇ ਆਧੁਨਿਕ ਵਿਦਵਾਨਾਂ ਦੀ ਮਦਦ ਨਾਲ ਵਿਗਿਆਨਕ

ਇਲਮ ਦਾ ਭੇਸ ਧਾਰਨ ਕਰ ਲਿਆ। ਸਿੱਟੇ ਵੱਜੋਂ ਹੁਕਮਨਾਮਿਆਂ ਵਰਗੀਆਂ ਬਣਾਵਟੀ ਚੀਜ਼ਾਂ ਨੂੰ ਅਸਲੀ ਮੰਨ ਕੇ ਹੁਸੀਨ ਜਿਲਦਾਂ ਵਿੱਚ ਸਾਂਭਿਆ ਗਿਆ ।

ਸਦੀਆਂ ਨੇ ਨਕਲੀ ਗੁਰੂ-ਲਿਖਤਾਂ ਵਲ ਜਨ-ਸਾਧਾਰਣ ਅੰਦਰ ਇਕ ਬੇ-ਮਤਲਬ ਵੈਰਾਗ ਵੀ ਪੈਦਾ ਕਰ ਦਿੱਤਾ, ਜਿਸਦੀਆਂ ਨੀਂਹਾਂ ਨੂੰ ਆਧੁਨਿਕ ਵਿਦਵਾਨਾਂ ਦੇ ਦ੍ਰਿਸ਼ਟੀਕੋਣ ਨੇ ਅੰਧ-ਵਿਸ਼ਵਾਸ਼ ਦੀ ਹੱਦ ਤੱਕ ਪੱਕਿਆਂ ਕਰ ਦਿੱਤਾ । ਬਿਪਰ-ਸੰਸਕਾਰ ਨੇ ਇਸ ਬੇਮਤਲਬ ਵੈਰਾਗ ਨੂੰ ਤਿੱਖਾ ਕੀਤਾ, ਅਤੇ ਸਰਬ ਵਿਆਪਕ ਬਣਾਇਆ । “ਬਿਪਰ-ਸੰਸਕਾਰ” ਵਾਲੀ ਕਿਤਾਬ ਵਿੱਚ ਇਸ ਤਰ੍ਹਾਂ ਦੀ ਮਾਰੂ-ਨਿਸ਼ੇਧ-ਗਤੀ ਦੇ ਇਕਾਗਰ ਖ਼ਿਆਲ ਅਤੇ ਇਸ ਦੇ ਵਿਸਥਾਰ ਨੂੰ ਪੇਸ਼ ਕੀਤਾ ਗਿਆ ਹੈ ।

ਆਧੁਨਿਕ ਯੁੱਗ ਵਿੱਚ ਨਕਲੀ ਗੁਰੂ-ਲਿਖਤਾਂ ਦੇ ਨਾਲ ਹੀ ਇਕ ਅਖੌਤੀ ਇਤਿਹਾਸਕ ਪ੍ਰਮਾਣਿਕਤਾ ਨੇ ਵੀ ਜਨਮ ਲਿਆ । ਇਸ ਨੂੰ ਸਾਹਮਣੇ ਲਿਆਉਣ ਵਾਲਾ ਇਕ ਬੌਧਿਕ ਰਵੱਈਆ ਹੈ, ਜਿਹੜਾ ‘ਬੋਧਿਕ” ਕੇਵਲ ਉਪਰੋਂ ਉਪਰੋਂ ਹੈ, ਪਰ ਅੰਦਰੋਂ ਇਸਦਾ ਕੁਲ ਵਜੂਦ ਖੋਖਲਾ ਹੈ । ਇਹ ਰਵੱਈਆ ਵਿਗਿਆਨਕ ਰਵੱਈਏ ਜਾਂ ਇਸ ਤਰ੍ਹਾਂ ਦੇ ਕਿਸੇ ਹੋਰ ਵਿਸ਼ੇਸ਼ਣ ਥੱਲੇ ਸਰਬ ਪਰਧਾਨ ਅਤੇ ਹਰਮਨ ਪਿਆਰਾ ਹੈ । ਤਰਕ ਅਤੇ ਵਿਸ਼ਲੇਸ਼ਣ ਦੋ ਸ਼ਕਤੀਆਂ ਇਸਦੀਆਂ ਮੁੱਖ ਸਹਾਇਕ ਹਨ, ਪਰ ਇਹਨਾਂ ਸ਼ਕਤੀਆਂ ਦਾ ਦੁਖਾਂਤ ਇਸ ਅਸਲੀਅਤ ਅੰਦਰ ਹੈ, ਕਿ ਇਹਨਾਂ ਦੇ ਪਿਛੋਕੜ ਵਿੱਚ ਡੂੰਘਾ ਧਿਆਨ ਨਹੀਂ ਹੁੰਦਾ, ਸਗੋਂ ਇਹ ਔਸਤਨ ਬੁੱਧੀ ਉੱਤੇ ਪਲਦੀਆਂ ਹਨ । ਤਰਕ ਅਤੇ ਵਿਸ਼ਲੇਸ਼ਣ ਉਹੀ ਮਹਾਨ ਹੁੰਦੇ ਹਨ, ਜਿਹੜੇ ਮਹਾਨ ਚੇਤਨਾ ਨਾਲ ਇਕਸੁਰ ਹੋਣ ; ਨਹੀਂ ਤਾਂ ਇਹ ਉਸ ਖੁਰਦਾ ਛਿੱਲੜ ਵਾਂਗ ਹੁੰਦੇ ਹਨ, ਜਿਹੜੀ ਦਰਖਤ ਦੇ ਜੀਵਨ-ਰਸ ਨੂੰ ਸਰਸਬਜ਼ ਪੱਤਿਆਂ ਤੱਕ ਨਹੀਂ ਭੇਜ ਸਕਦੀ । ਉਸ ਹਾਲਤ ਵਿੱਚ ਉਸ ਵਿੱਚੋਂ ਪੈਦਾ ਹੋਣ ਵਾਲੀ ਵਿਗਿਆਨਕਤਾ ਅਤੇ ਪ੍ਰਮਾਣਿਕਤਾ ਖੋਟੇ ਸਿੱਕੇ ਸਮਾਨ ਹੋਣਗੀਆਂ ।


                              4

ਸੋ ਆਧੁਨਿਕ ਯੁੱਗ ਵਿੱਚ ਇਕ ਖਾਸ ਕਿਸਮ ਦਾ ਰਵੱਈਆ, ਜਿਸਦੀ ਬਾਹਰੀ ਚਾਲ ਉਪਰੋਂ ਉਪਰੋਂ ਤਰਕ, ਵਿਸ਼ਲੇਸ਼ਣ, ਵਿਰੋਧ ਵਿਕਾਸੀ ਪਦਾਰਥਵਾਦ ਅਤੇ ਵਿਗਿਆਨਕਤਾ ਦਾ ਭੁਲੇਖਾ ਦੇ ਸਕਦੀ ਹੋਵੇ, ਦਾ ਸਤਿਕਾਰ ਕਰਨਾ ਇਕ ਰਵਾਜ, ਇਕ ਮਸਨੂਈ ਆਦਤ, ਜਾਂ ਅਖਬਾਰੀ ਸੁਭਾ ਅਤੇ ਇਕ ਫੈਸ਼ਨ ਬਣ ਗਿਆ ਹੈ । ਇਸ ਕਿਸਮ ਦੇ ਰਵੱਈਏ ਵਿੱਚੋਂ ਕੁਦਰਤੀ ਮੌਲਿਕਤਾ ਖਤਮ ਹੋ ਜਾਂਦੀ ਹੈ । ਜੀਵਨ ਦੇ ਜਿਉਂਦੇ-ਜਾਗਦੇ ਅਤੇ ਸੱਜਰੇ ਰਾਹ ਪੇਤਲੇ ਖਿਆਲੀ ਅੰਦਾਜ਼ ਵਿੱਚ ਬਦਲ ਜਾਂਦੇ ਹਨ । ਖਿਆਲ ਦੇ ਅਜਿਹੇ ਪੋਤਲੇਪਣ ਵਿੱਚੋਂ ਆਧੁਨਿਕ ਸਿੱਖ ਇਤਿਹਾਸ ਦਾ ਜਨਮ ਹੱਇਆ, ਜਿਸ ਨੇ ਗੁਰੂ-ਬਿੰਬ ਦਾ ਸਰਸਬਜ਼ ਚਿਹਰਾ ਵਲੂੰਧਰ ਕੇ ਰੱਖ ਦਿੱਤਾ ।

ਇਸ ਬੇਜਾਨ ਅਤੇ ਗੁਮਰਾਹਕੁਨ ਇਤਿਹਾਸ ਦਾ ਆਰੰਭ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ‘ਕੱਤਕ ਕਿ ਵਸਾਖ" ਨਾਲ ਹੁੰਦਾ ਹੈ। ਕਿਤਾਬ ਦੀ ਸੁਰ ਵਿੱਚ ਸਾਧਾਰਣ ਬੁੱਧੀ ਵਾਲੀ ਦਲੀਲ ਸੀ, ਪਰ ਸਮੇਂ ਦੇ ਵਿਦਵਾਨਾਂ ਨੂੰ ਇਹ ਸਮਝ ਨਹੀਂ ਲੱਗੀ ਪਈ ਇਸ ਕਿਸਮ ਦੀ ਦਲੀਲ ਸਿੱਖ ਇਤਿਹਾਸ ਦਾ ਉਤਮ ਨਮੂਨਾ ਬਣਨ ਦੇ ਕਾਬਿਲ ਨਹੀਂ, ਕਿਉਂਕਿ ਇਸ ਦੇ ਪਿਛੋਕੜ ਵਿੱਚ ਗੁਰੂ ਗ੍ਰੰਥ ਸਾਹਿਬ, ਗੁਰੂ-ਜੀਵਨ, ਇਤਿਹਾਸ ਦੇ ਸਮੁੱਚੇ ਪਹਿਲੂਆਂ ਨੂੰ ਕਲਾਵੇ ਵਿੱਚ ਲੈਣ ਵਾਲਾ ਗਿਆਨ, ਅਤੇ ਗੁਰੂ-ਕਾਲ ਦਾ ਕੋਈ ਜਿਉਂਦਾ-ਜਾਗਦਾ ਅਨੁਭਵ ਨਹੀਂ । ਕਿਤਾਬ ਨੂੰ ਕੇਵਲ ਇਕ ਖਾਸ ਸੁਰ ਦੇ ਪੱਖ ਤੋਂ ਪਰਵਾਨ ਕਰ ਲੈਣਾ ਸਚਮੁੱਚ ਇਕ ਨਵੀਂ ਕਿਸਮ ਦਾ ਅੰਧ ਵਿਸ਼ਵਾਸ ਜਾਂ ਬੁੱਤ-ਪ੍ਰਸਤੀ ਹੈ ।

ਉਪਰੋਕਤ ਕਿਸਮ ਦੀ ਬੇਜਾਨ ਦਲੀਲਬਾਜ਼ੀ ਦੀ ਅੰਨ੍ਹੀ ਪੋਰਵੀ ਦਾ ਹੀ ਨਤੀਜਾ ਹੈ, ਕਿ ਕੁਝ ਵਰ੍ਹੇ ਪਹਿਲਾਂ ਡਾ: ਮੈਕਲਿਊਡ (W. H. Mcleod) ਦੀ ਇਕ ਸਤਹੀ ਜਹੇ ਤਰਕ ਵਾਲੀ ਕਿਤਾਬ Guru Nanak And His Religion ਦੇ ਛਪਣ ਪਿਛੋਂ ਸਿੱਖ ਵਿਦਵਾਨਾਂ ਵਿੱਚ ਪ੍ਰਸੰਸਾਮਈ ਜੋਸ਼ ਦਾ ਕੋਈ ਹੜ੍ਹ ਹੀ ਆ ਗਿਆ, ਜਿਹਨਾਂ ਦੀ ਅਗਵਾਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵੀ. ਸੀ. ਜ. ਸ. ਗਰੇਵਾਲ ਨੇ ਸੱਜ ਧੱਜ ਨਾਲ ਕੀਤੀ। ਇਸ ਧਿੰਡੋਜ਼ਰੀ ਪੋਚੀਦਾ ਬਣਾਏ ਤੱਥ ਨੂੰ ਯੂਨੀਵਰਸਿਟੀ ਮੱਚਾਂ ਉੱਤੇ ਉਛਾਲਿਆ ਗਿਆ ਪਈ ਗੁਰੂ ਨਾਨਕ ਸਾਹਿਬ ਬਗਦਾਦ ਨਹੀਂ ਸਨ ਗਏ, ਜਦੋਂ ਕਿ ਭਾਈ ਗੁਰਦਾਸ ਉਹਨਾਂ ਦੇ ਬਗਦਾਦ ਜਾਣ ਬਾਰੇ ਸਾਫ ਲਫਜ਼ਾਂ ਵਿੱਚ ਲਿਖਦੇ ਹਨ । ਇਹ ਨਹੀਂ ਸਮਝਿਆ ਗਿਆ, ਕਿ ਭਾਈ ਗੁਰਦਾਸ ਵਲੋਂ ਗੁਰੂ ਨਾਨਕ ਸਾਹਿਬ ਬਾਰੇ ਪ੍ਰਗਟਾਇਆ ਕੋਈ ਇਤਿਹਾਸਕ ਤੱਥ ਬਾਬਾ ਬੁੱਢਾ ਜੀ, ਗੁਰੂ ਅਰਜਨ ਸਾਹਿਬ ਜਾਂ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਦਿੱਤੀ ਗਵਾਹੀ ਤੋਂ ਵੱਖਰਾ ਨਹੀਂ ਮੰਨਿਆ ਜਾ ਸਕਦਾ । ਬਾਬਾ ਬੁੱਢਾ ਜੀ, ਜਿਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਇਲਾਹੀ ਜੋਤ ਆਪਣੀਆਂ ਅੱਖਾਂ ਨਾਲ ਡਿੱਠੀ ਅਤੇ ਜਾਣੀ ਸੀ, ਦੇ ਹੁੰਦਿਆਂ ਗੁਰਮੱਤ ਦੇ ਮਾਰਤੰਡ ਭਾਈ ਗੁਰਦਾਸ ਦੀ ਉਹਨਾਂ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਬਾਰੇ ਕੋਈ ਗ਼ਲਤ ਬਿਆਨੀ ਕਰਨੀ ਅਸੰਭਵ ਸੀ ।

ਖੈਰ, ਪੰਥ ਦੀ ਸ਼ੁਧ ਦ੍ਰਿਸ਼ਟੀ ਨੇ, ਬੇਸ਼ਕ ਵਕਤੀ ਤੌਰ ਉੱਤੇ ਹੀ, ਡਾ: ਮੈਕਲਿਊਡ ਦੀਆਂ ਬਾਂਝ ਦਲੀਲਾਂ ਦਾ ਸੰਖਿਪਤ ਪਰ ਢੁੱਕਵਾਂ ਉੱਤਰ ਮਾਰਚ 1970 ਦੇ The Sikh Review ਅਤੇ ਕੁਝ ਹੋਰ ਲਿਖਤਾਂ ਵਿੱਚ ਦੇ ਦਿੱਤਾ ਸੀ, (ਅਤੇ ਸ਼ਰਾਰਤ ਦੇ ਨੁਕਤੇ ਤੋਂ ਲਿਖੀ ਅਜਿਹੀ ਸਤਹੀ ਪੁਸਤਕ ਬਾਰੇ ਇਸ ਤੋਂ ਜ਼ਿਆਦਾ ਗੰਭੀਰ ਹੋਣ ਦੀ ਲੋੜ ਵੀ ਨਹੀਂ), ਪਰ ਇਸ ਘਟਨਾ ਤੋਂ ਇਹ ਗੱਲ ਜ਼ਰੂਰ ਸਾਹਮਣੇ ਆਉਂਦੀ ਹੈ, ਪਈ ਸਿੱਖ ਵਿਦਵਾਨ (ਅਖੌਤੀ ਇਤਿਹਾਸਕਾਰ) ਗੁਰੂ ਨਾਨਕ-ਕਾਲ ਦੇ ਸਿਰਜਣਾਤਮਕ ਪਹਿਲੂ ਤੋਂ ਸੱਖਣੀਆਂ ਦਲੀਲਾਂ ਉੱਤੇ ਕਿਵੇਂ ਮਾਇਲ ਹੋ ਜਾਂਦੇ ਹਨ । ਉਹ ਅਸਲੀਅਤ ਅਤੇ ਗੁਰੂ-ਲਿਵ ਨਾਲੋਂ ਬੁੱਧੀ ਦੇ ਪ੍ਰਚੱਲਤ ਰਿਵਾਜਾਂ ਦੇ ਮਾਹੌਲ ਤੋਂ ਵਧੇਰੇ ਪ੍ਰਭਾਵਤ ਹੁੰਦੇ ਹਨ । ਮੈਨੂੰ ਅਤੇ ਮੇਰੇ ਦੋਸਤਾਂ ਨੂੰ 3-12-82 ਨੂੰ ਡਾ: ਮੰਕਲਿਉਡ ਨੂੰ ਪੰਜਾ ਸਾਹਿਬ (ਪਾਕਿਸਤਾਨ) ਵਿਖੇ ਮਿਲਣ ਦਾ ਮੌਕਾ ਮਿਲਿਆ ਸੀ । ਉਥੇ ਅਸੀਂ ਸਹੀ ਕੀਤਾ ਸੀ ਪਈ ਇਸ ਅਖੌਤੀ ਇਤਿਹਾਸਕਾਰ ਦਾ ਮੰਤਵ ਈਮਾਨਦਾਰੀ ਨਾਲ ਸਮੇਂ ਦੇ ਸੱਚ ਤਕ ਪਹੁੰਚਣਾ ਨਹੀਂ, ਸਗੋਂ ਉਸਦੀ ਭਾਵਨਾ ਗੈਰ-ਜਿੰਮੇਦਾਰ ਅਤੇ ਫੋਕੀ ਹਉਮੈ ਉਤੇ ਪਲਣ ਵਾਲੇ ਵਿਦਵਾਨਾਂ ਨੂੰ ਉਹਨਾਂ ਦੇ ਸ਼ੁਗਲ ਦਾ ਸਾਮਾਨ ਮੁਹੱਈਆ ਕਰਕੇ ਵੱਡੀ ਪੱਧਰ ਉੱਤੇ ਇਕ ਤਮਾਸ਼ਾ ਵਖਾਉਣਾ ਅਤੇ ਨੀਵੀਂ ਪੱਧਰ ਦਾ ਨਿੰਦਾ-ਭਾਵੀ ਸੁਆਦ ਲੈਣਾ ਸੀ । ਨਕਲੀ ਵਿਗਿਆਨਕ ਰਵੱਈਏ ਦੇ ਪੁਜਾਰੀਆਂ ਵਲੋਂ ਮਿਲੀ ਹੱਲਾ-ਸੇਰੀ ਕਾਰਨ ਮੈਕਲਿਊਡ ਦਾ ਹੁਣੇ ਕਥਿਤ ਘਟੀਆ ਸੁਆਦ ਉਸ ਦੀਆਂ ਆਖਰੀ ਲਿਖਤਾਂ ਵਿੱਚ ਬਦੀ ਦਾ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ। ਗੁਰਮੱਤ-ਸੱਚ ਦੇ ਰਸਿਕਾਂ ਨੂੰ ਸਮੇਂ ਦੇ ਮੈਕਲਿਉਡਾਂ ਦੀ ਇਸ ਵਿਸ਼ੈਲੀ ਕਿਰਤੀ ਪ੍ਰਤੀ ਖਬਰਦਾਰ ਹੋਣ ਦੀ ਜ਼ਰੂਰਤ ਹੈ ।

ਡਾ: ਗੰਡਾ ਸਿੰਘ ਈਮਾਨਦਾਰ ਤਾਂ ਹਨ, ਪਰ ਉਹਨਾਂ ਕੋਲ ਸਿੱਖ ਇਤਿਹਾਸ ਨੂੰ ਪੈਦਾ ਕਰਨ ਵਾਲੀ ਸਾਮਿਗ੍ਰੀ ਦਾ ਲੇਖਾ-ਜੋਖਾ ਕਰਨ ਵਾਲੀ ਦਿਬ-ਦ੍ਰਿਸ਼ਟੀ ਨਹੀਂ। ਉਹਨਾਂ ਕੋਲ ਕਿਸੇ ਸਮੇਂ ਦੀ ਸਾਮੂਹਿਕ ਮਨੁੱਖੀ ਫਿਤਰਤ ਅਤੇ ਵਿਅਕਤੀਗਤ ਮਨੋਵਿਗਿਆਨ ਨੂੰ ਸਮਝਣ ਵਾਲੀ ਲਤੀਫ ਵਿਧੀ ਨਹੀਂ । ਇਹੋ ਕਾਰਨ ਹੈ, ਕਿ ਉਹ ਗੁਰੂ-ਇਤਿਹਾਸ ਦੇ ਤੱਥਾਂ ਨੂੰ ਠੀਕ ਤਰੀਕੇ ਨਾਲ ਵਰਤਣ ਦੀ ਯੋਗਤਾ ਨਹੀਂ ਰਖਦੇ । ਉਹ ਇਤਿਹਾਸਕ ਸੱਚ ਨਾਲੋਂ ਝੂਠੇ ਜਾਂ ਸੱਚੇ ਤੱਥ ਨੂੰ ਲੱਭਣ ਜਾਂ ਦੱਸਣ ਵਿੱਚ ਜ਼ਿਆਦਾ ਸੁਆਦ ਲੰਦੇ ਹਨ । ਗੁਰੂ ਸਾਹਿਬਾਨ ਦੀ ਇਲਾਹੀ ਰਮਜ਼ਾਂ ਨਾਲ ਸਰਸ਼ਾਰ ਚੇਤਨਾ ਨੂੰ ਨਾਂਹ ਸਮਝਣ ਦਾ ਹੀ ਇਹ ਨਤੀਜਾ ਹੈ ਕਿ ਉਹਨਾਂ ਨੇ ਗੁਰੂ ਸਾਹਿਬਾਨ ਦੇ ਨਾਂਅ ਨਾਲ ਜੋੜੇ ਜਾਂਦੇ ਸਰਾਸਰ ਨਕਲੀ ਹੁਕਮਨਾਮਿਆਂ ਨੂੰ ਇਤਿਹਾਸਕ ਤੱਥ ਮੰਨ ਕੇ ਸੰਪਾਦਿਤ ਕਰਨ ਦੀ ਭਾਰੀ ਗਲਤੀ ਕੀਤੀ । ਇਤਿਹਾਸਕਾਰ ਦੀ ਮਨੁੱਖੀ ਮਨ ਦੀ ਸੂਝ ਨੂੰ ਹੀ ਇਹ ਪਤਾ ਹੋਣਾ ਚਾਹੀਦਾ ਸੀ ਪਈ ਕੀ ਗੁਰੂ ਦੇ ਮਨੋਜਗਤ ਵਿੱਚ ਹੁਕਮਨਾਮਿਆਂ ਵਰਗੀ ਕੋਈ ਚੀਜ਼ ਜਨਮ ਲੈ ਸਕਦੀ ਹੈ। ਹੁਕਮਨਾਮਿਆਂ ਦੇ ਸੰਪਾਦਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਨੁੱਖੀ ਮਨ ਦੇ ਕਾਇਦੇ-ਕਾਨੂੰਨ ਅਤੇ ਕੁਦਰਤੀ ਚਾਲ ਜਾਣੇ ਬਿਨਾਂ ਇਤਿਹਾਸਕਾਰ ਬਾਹਰਲੇ ਸਬੂਤਾਂ ਦੀ ਠੀਕ ਵਰਤੋਂ ਨਹੀਂ ਕਰ ਸਕਦੇ, ਕਿਉਂਕਿ ਮਨੋਜਗਤ ਦੇ ਸ਼ੁਧ ਦਰਸ਼ਨਾਂ ਬਿਨਾਂ ਕਿਸੇ ਵਿਅਕਤੀ ਦਾ ਇਤਿਹਾਸਕ ਅਮਲ ਸਹੀ ਚਾਨਣ ਵਿੱਚ ਦਿਸਣਾ ਅਸੰਭਵ ਹੈ । ਸੋ ਮਨੋਜਗਤ ਦੀ ਸੂਝ ਵੀ ਇਤਿਹਾਸਕਾਰ ਲਈ ਇਕ ਤੱਥ, ਬਲਕਿ ਇਕ ਸੂਖਮ ਤੱਥ, ਹੀ ਹੋਣਾ ਚਾਹੀਦਾ ਹੈ ।

ਇਤਿਹਾਸਕ ਘਟਨਾਵਾਂ ਦਾ ਟਕਸਾਲੀ ਰੂਪ ਧਾਰਨ ਕਰਨ ਦਾ ਅਮਲ (Process) ਅਤੇ ਚਾਲ, ਮਨੁੱਖੀ ਫਿਤਰਤ, ਅਤੇ ਇਸਦੇ ਸਾਮੂਹਿਕ ਸੋਚਣੀ ਨਾਲ ਰਿਸ਼ਤੇ ਪ੍ਰਤੀ ਲੋੜੀਂਦਾ ਅਨੁਭਵ ਨਾਂਹ ਹੋਣ ਕਾਰਨ ਹੀ ਡਾ: ਗੰਡਾ ਸਿੰਘ ਨੇ ਜੂਨ, 1974 ਦੇ The Sikh Review ਵਿੱਚ ਛਪੇ Guru Arjan's Martyrdom ਵਾਲੇ ਆਪਣੇ ਲੇਖ ਵਿੱਚ ਗੁਰ-ਦੋਖੀ ਚੰਦ ਨੂੰ ਗੁਰੂ ਅਰਜਨ ਸਾਹਿਬ ਨੂੰ ਬਚਾਉਣ ਲਈ ਧਨ ਇਕੱਠਾ ਕਰਨ ਵਾਲੇ ਤਰਸਵਾਨ ਟੋਲੇ ਦਾ ਮੋਹਰੀ ਬਣਾ ਦਿੱਤਾ ।

ਗੁਰੂ ਚੇਤਨਾ ਦੇ ਮਾਹੌਲ ਨਾਲੋਂ ਟੁੱਟੇ ਅਜਿਹੇ ਤੱਥ-ਪਰਧਾਨ ਇਤਿਹਾਸ ਦੇ ਦੁਖਾਂਤ ਬਾਰੇ ਅੱਜ ਤੋਂ 60 ਸਾਲ ਪਹਿਲਾਂ ਪ੍ਰੋ: ਪੂਰਨ ਸਿੰਘ ਨੇ ਸਿੱਖ ਦੀ ਰੂਹ (Spirit of the Sikh-Part II-Vol I, 1930) से मढा 9ठीव लिधिभा मी :

ਇਤਿਹਾਸਕ ਆਲੋਚਨਾ, ਜਿਸਦਾ ਨਿਸ਼ਾਨਾ ਸੁਧਤਾ ਅਤੇ ਨਿਸਚਿਤਤਾ (ਤੱਥਾਂ ਦਾ ਇੰਨ ਬਿੰਨ ਵੇਜਵਾ) ਹੁੰਦਾ ਹੈ, ਅਜਿਹੇ ਝੱਖੜ ਉੱਤੇ ਸੁਆਰੀ ਕਰਦੀ ਹੈ, ਜਿਹੜਾ ਉਸਨੂੰ ਨਿਰਾਸ਼ਾਜਨਕ ਅਨਿਸਚਿਤਤਾ ਦੇ ਕੁਹਜੇ-ਕੁਢਬੇ ਤੇ ਪੁਰਾਣੇ ਮੋੜ ਉੱਤੇ ਲੈ ਆਉਂਦਾ ਹੈ ।”3

(ਮਤਲਬ ਕਿ ਤੱਥਾਂ ਦੇ ਇੰਨ ਬਿੰਨ ਵੇਰਵੇ ਦੇਣ ਦਾ ਜਨੂੰਨ ਇਤਿਹਾਸ ਨੂੰ ਇਕ ਝੂਠੀ ਸ਼ਕਲ ਦੇ ਦਿੰਦਾ ਹੈ ।)

3. Historical criticism, aiming at literal accuracy and exactness, comes riding on a tempest to a clumsy old end of hopeless inaccuracy. (Spirit of The Sikh-Part II-Vol)


ਅੱਜ ਜਦੋਂ ਅਸੀਂ ਪ੍ਰਸਿੱਧ ਅਖਬਾਰ ਨਵੀਸ ਸ ਖੁਸ਼ਵੰਤ ਸਿੰਘ, ਹਰੀ ਰਾਮ ਗੁਪਤਾ ਅਤੇ ਇੰਦਰ ਭੂਸ਼ਨ ਬੰਨਰਜੀ ਵਰਗਿਆਂ ਦੇ ਸਿੱਖ ਇਤਿਹਾਸ ਪੜ੍ਹਦੇ ਹਾਂ, ਤਾਂ ਪ੍ਰੋ: ਪੂਰਨ ਸਿੰਘ ਦੇ ਉਪਰੋਕਤ ਲਫਜ਼ ਭਵਿੱਖ ਬਾਣੀ ਦਾ ਦਰਜਾ ਅਖਤਿਆਰ ਕਰਦੇ ਲਗਦੇ ਹਨ।

ਤੱਥ-ਪੂਜ ਇਤਿਹਾਸਕਾਰਾਂ ਨੇ ਵੱਡੀਆਂ ਗਲਤੀਆਂ ਉਦੋਂ ਕੀਤੀਆਂ, ਜਦੋਂ ਉਹਨਾਂ ਤੱਥ ਦੇ ਲਿਖਤੀ ਰੂਪ ਉੱਤੇ ਵਧੇਰੇ ਨਿਰਭਰਤਾ ਵਖਾਈ । ਮਿਸਾਲ ਲਈ ਕਈ ਵਿਦਵਾਨਾਂ ਦਾ ਇਹ ਕਹਿਣਾ ਪਈ ਸਾਈਂ ਮੀਆਂ ਮੀਰ ਨੇ ਹਰਿਮੰਦਰ ਸਾਹਿਬ ਦੀ ਨੀਂਹ ਨਹੀਂ ਰੱਖੀ, ਕਿਉਂਕਿ ਕੋਈ ਲਿਖਤੀ ਤੱਥ ਇਸਦੀ ਗਵਾਹੀ ਨਹੀਂ ਦਿੰਦਾ । ਪਰ ਉਹ ਇਹ ਨਹੀਂ ਜਾਣਦੇ ਕਿ ਪਿਛਲੀਆਂ ਤਿੰਨ ਸਦੀਆਂ ਦੇ ਸਿੱਖ-ਫਿਤਰਤ ਦੇ ਸਮੁੱਚੇ ਮੁਸਲਮਾਨ ਵਿਰੋਧੀ ਝੁਕਾਵਾਂ ਦੇ ਹੁੰਦਿਆਂ ਹੋਇਆਂ ਸੱਚ ਹੋਣ ਤੋਂ ਬਿਨਾਂ ਕਿਸੇ ਮੁਸਲਮਾਨ ਦੇ ਹੱਕ ਵਿੱਚ ਐਡੀ ਬਲਵਾਨ ਮਿੱਥ ਨਹੀਂ ਸੀ ਉਭਰ ਸਕਦੀ । ਕਈ ਵਾਰ ਲਿਖਤੀ ਤੱਥਾਂ ਨਾਲੋਂ ਅਣਲਿਖਤੀ ਤੱਥ ਵਧੇਰੇ ਖਰੇ ਹੁੰਦੇ ਹਨ। ਇਤਿਹਾਸਕ ਤਾਰੀਖਾਂ ਤੋਂ ਬਿਨਾਂ ਸਾਮੂਹਿਕ ਚੇਤਨਾ ਦੇ ਤਖਲੀਕੀ ਪਹਿਲੂ, ਇਤਿਹਾਸ ਦੇ ਸਮੁੱਚੇ ਵਹਿਣ ਦੀ ਦਲੀਲ, ਵਿਸ਼ੇਸ਼ ਧਰਮ ਦਾ ਪ੍ਰਮੁੱਖ ਤਰਕ, ਮਨੁੱਖੀ ਸੁਭਾ ਦੇ ਸਦੀਵੀ ਤੱਤ ਅਤੇ ਜੀਵਨ ਦੀ ਸਰਬ ਵਿਆਪਕਤਾ ਦਾ ਵਿਸ਼ੇਸ਼ ਦਾਰਸ਼ਨਿਕ ਅਨੁਭਵ-ਇਹ ਪੰਜ ਪੱਖ ਇਤਿਹਾਸਕ ਅਸਲੀਅਤ ਨੂੰ ਸਹੀ ਢੰਗ ਨਾਲ ਪੇਸ਼ ਕਰਨ ਵਿੱਚ ਸਹਾਇਕ ਹੁੰਦੇ ਹਨ । ਬਹੁਤੇ ਸਿੱਖ ਇਤਿਹਾਸਕਾਰਾਂ ਨੂੰ ਇਸ ਗੱਲ ਦਾ ਮਾਮੂਲੀ ਅਨੁਭਵ ਵੀ ਨਹੀਂ, ਕਿ ਟਾਲਸਟਾਏ ਦਾ 'ਜੰਗ ਅਤੇ ਅਮਨ" (War & Peace) ਇਤਿਹਾਸ ਨੂੰ ਕਿਹੋ ਜਹੇ ਤਖਲੀਕੀ (Creative) ਅਮਲ ਰਾਹੀਂ ਪੈਦਾ ਕਰਦਾ ਹੈ । ਲਿਖਤੀ ਜਾਂ ਅਣਲਿਖਤੀ ਤੱਥ ਨੂੰ ਇਨਸਾਨੀ ਫਿਤਰਤ ਧਿਆਨ ਦੀ ਗੰਭੀਰਤਾ ਜਾਂ ਦੇਵੀ ਸੱਚ ਦੇ ਚੇਤਨਾ-ਪ੍ਰਵਾਹ ਦੇ ਕਿਸੇ ਨ ਕਿਸੇ ਸਿਰਜਣਾਤਮਕ ਮਾਹੌਲ ਦੀ ਓਟ ਹੋਣੀ ਜ਼ਰੂਰੀ ਹੈ, ਜਿਵੇਂ "ਬਚਿੱਤ੍ਰ ਨਾਟਕ' ਵਿੱਚ ਜ਼ਿਕਰ ਨਾਂਹ ਹੋਣ ਦੇ ਬਾਵਜੂਦ ਪੀਰ ਬੁੱਧੂ ਸ਼ਾਹ ਦਾ ਭੰਗਾਣੀ ਦੇ ਯੁੱਧ ਵਿੱਚ ਹਿੱਸਾ ਲੈਣਾ ਸੋਲਾਂ ਆਨੇ ਸੱਚ ਹੈ । ਇਹੋ ਅੰਤਰ-ਦ੍ਰਿਸ਼ਟੀ ਸਾਈਂ ਮੀਆਂ ਮੀਰ ਦੇ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਲੇ ਸੱਚ ਉੱਤੇ ਢੁਕਾਈ ਜਾ ਸਕਦੀ ਹੈ ।

ਸਿੱਖ ਇਤਿਹਾਸਕਾਰਾਂ ਨੂੰ ਉਹਨਾਂ ਕਾਰਨਾਂ ਦਾ ਬਾਰੀਕ ਗਿਆਨ ਹੋਣਾ ਚਾਹੀਦਾ ਹੈ, ਜਿਹੜੇ ਕਿਸੇ ਤੱਥ ਦੀ ਸ਼ੁਧ ਅਸਲੀਅਤ ਨੂੰ ਸਮੇਂ ਦੇ ਦਿਸਹੱਦੇ ਉੱਤੇ ਮੁਸਤਕਿਲ ਰੂਪ ਵਿੱਚ ਖੜਾ ਕਰ ਦਿੰਦੇ ਹਨ, ਜਾਂ ਜਿਹਨਾਂ ਕਰਕੇ ਕੋਈ ਤੱਥ ਵਿਗੜਕੇ ਹਜ਼ਾਰਾਂ ਸ਼ਕਲਾਂ ਵਿੱਚ ਬਦਲ ਜਾਂਦਾ ਹੈ, ਅਤੇ ਸਿੱਟੇ ਵਜੋਂ ਉਸਦਾ ਇਕੋ ਇਕ ਮੌਲਿਕ ਰੂਪ ਲੱਭਣਾ ਮੁਸ਼ਕਿਲ ਹੋ ਜਾਂਦਾ ਹੈ । ਇਆਗੋ (lago)-ਫਿਤਰਤ ਅੱਖਾਂ ਦੇ ਸਹਾਮਣੇ ਹੀ ਤੱਥ ਦੀ ਸ਼ਕਲ ਨੂੰ ਹੋਰ ਦਾ ਹੋਰ ਬਣਾ ਦਿੰਦੀ ਹੈ। ਇਸ ਕੰਪਿਊਟਰ, ਟੈਲੀਵਿਜ਼ਨ ਅਤੇ ਦਮਤਕਾਰੀ ਸੰਚਾਰ-ਸਾਧਨਾਂ ਦੇ ਯੁੱਗ ਵਿੱਚ ਵੀ ਮਨੁੱਖ ਦੇ ਅੰਦਰਲੇ ਸੁਆਰਥ, ਈਰਖਾਵਾਂ, ਝੂਠ (ਕਪਟ`, ਵਹਿਮ, ਅਤੇ ਨੰਗੀ ਧੜੇ ਬਾਜੀ ਕੌਮੀ ਅਤੇ ਕੌਮਾਂ ਪੱਧਰ ਉੱਤੇ ਕਲ ਨੂੰ ਇਤਿਹਾਸ ਬਨਣ ਵਾਲੇ ਤੱਥਾਂ (Facts) ਦੇ ਕੀਟਾਣੂਆਂ ਦੇ ਵਧਣ ਵਾਂਗ

ਹਜ਼ਾਰਾਂ ਰੂਪ ਪੈਦਾ ਕਰਕੇ ਵਖਾ ਦਿੰਦੇ ਹਨ, ਅਤੇ ਅਕ ਦਲੀਲਾਂ ਸਥਾਪਤ ਕਰ ਦਿੰਦੇ ਹਨ । ਇਕ ਸਾਧਾਰਣ ਈਮਾਨਦਾਰ ਆਦਮੀ ਅਖਬਾਰੀ ਜਗਤ ਦੀ ਸਮਕਾਲੀ ਸਥਿਤੀ ਵਿਚੋਂ ਇਸ ਪ੍ਰਕਾਰ ਦੀਆਂ ਅਨੇਕਾਂ ਮਿਸਾਲਾਂ ਲਭ ਸਕਦਾ ਹੈ । ਡਾ: ਗੰਡਾ ਸਿੰਘ ਦਾ ਇਹ ਸ਼ੱਕ ਕਿੰਨਾ ਹਾਸੋਹੀਣਾ ਅਤੇ ਹਉਮੈ-ਭਰਿਆ ਹੈ, ਕਿ ਸ਼ਾਇਦ ਚੰਦ ਨਾਂਹ ਹੀ ਹੋਇਆ ਹੋਵੇ, ਕਿਉਂਕਿ ਉਸ ਸਮੇਂ ਦੀਆਂ ਦਫ਼ਤਰੀ ਲਿਖਤਾਂ ਵਿੱਚੋਂ ਉਹਨਾਂ ਨੂੰ ਚੰਦੂ ਦਾ ਨਾਂਅ ਨਹੀਂ ਮਿਲਿਆ। ਹੈਰਾਨੀ ਦੀ ਗੱਲ ਹੈ, ਕਿ ਵਿਚਾਰੇ ਇਤਿਹਾਸਕਾਰ ਨੂੰ ਐਨਾ ਅਨੁਭਵ ਵੀ ਨਹੀਂ, ਕਿ ਸਮੇਂ ਦੀ ਜ਼ਬਰਦਸਤ ਲਹਿਰ ਨਾਵਾਂ-ਥਾਵਾਂ ਅਤੇ ਘਟਨਾਵਾਂ ਵਿੱਚੋਂ ਕੇਵਲ ਕੁਝ ਨੂੰ ਹੀ ਅੱਖਰੀ ਰੂਪ ਵਿੱਚ ਸਲਾਮਤ ਰਹਿਣ ਦਿੰਦੀ ਹੈ, ਅਤੇ ਇਹਨਾਂ ਦੇ ਅਤਿ ਵੱਡੇ ਹਿੱਸੇ ਨੂੰ ਬੜੀ ਬੇਰਹਿਮੀ ਨਾਲ ਆਪਣੀ ਲਪੇਟ ਵਿੱਚ ਲੈ ਕੇ ਗੁਮਨਾਮੀ ਦੇ ਹਨੇਰੇ ਵਿੱਚ ਸੁੱਟ ਪਾਉਂਦੀ ਹੈ। ਕੰਪਿਊਟਰ, ਟੈਲੀਵਿਜ਼ਨ ਅਤੇ ਸੈਟਿਲਾਈਟ ਦੀ ਚੁੰਧਿਆਉਂਦੀ ਪਕੜ ਵਾਲੀ ਹਾਜ਼ਰੀ ਵਿੱਚ ਵੀ ਇਹ ਸਚਾਈ ਕਾਇਮ ਹੈ ।... ਤੱਥ-ਪੂਜ ਇਤਿਹਾਸਕਾਰਾਂ ਨੂੰ ਅਮਰੀਕਾ ਦੇ ਮਹਾਨ ਰਾਜਸੀ ਦ੍ਰਿਸ਼ਟਾ ਹੈਨਰੀ ਕੈਸਿੰਜਰ ਦੇ ਇਸ ਕਬਨ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ, ਕਿ ਸਾਡੇ ਯੁੱਗ ਦੀਆਂ ਵਿਕਰਾਲ ਘਟਨਾਵਾਂ ਦੀ ਲੜੀ ਦੇ ਸਾਹਮਣੇ ਵੀਟਨਾਮ ਦੀ ਜੰਗ ਇਕ ਨਿਗੂਣਾ ਫੁੱਟ ਨੋਟ ਬਣ ਕੇ ਰਹਿ ਜਾਵੇਗੀ ।

ਉਪਰੋਕਤ ਦਾ ਇਹ ਮਤਲਬ ਨਹੀਂ ਕਿ ਮੈਨੂੰ ਇਤਿਹਾਸਕ ਤੱਥਾਂ ਦੀ ਮਹਾਨਤਾ ਤੋਂ ਇਨਕਾਰ ਹੈ । ਮੈਂ ਸਿਰਫ ਇਹੋ ਕਹਿੰਦਾ ਹਾਂ ਕਿ ਸੱਚ ਦੇ ਮਾਹੌਲ ਵਿੱਚ ਤੱਥ ਉਤੇ ਯਕੀਨ ਵੀ ਕਰੋ, ਪਰ ਲੋੜੀਂਦੀਆਂ ਹਾਲਤਾਂ ਵਿੱਚ ਤੱਥਾਂ ਦੀ ਬੇਵਫ਼ਾਈ ਤੋਂ ਖਬਰਦਾਰ ਵੀ ਰਹੋ ।

ਤਰਕ ਨੂੰ ਦਿੱਬ-ਦ੍ਰਿਸ਼ਟੀ ਵਿੱਚ ਰੱਖ ਕੇ ਗੁਰੂ-ਇਤਿਹਾਸ ਲਿਖਿਆ ਜਾਣਾ ਚਾਹੀਦਾ ਹੈ। ਹੋ ਸਕਦਾ ਹੈ, ਉਸ ਸਮੇਂ ਤਰਕ ਸ਼ਰਧਾ ਲੱਗੇ, ਜਿਵੇਂ ਕਿ ਪ੍ਰੋ: ਪੂਰਨ ਸਿੰਘ ਦੀ "ਸਿੱਖ ਦੀ ਰੂਹ" (Spirit of The Sikh) ਦੀ ਸ਼ੈਲੀ ਲਗ ਸਕਦੀ ਹੈ, ਪਰ ਇਸ ਵਿਸ਼ਾਲ ਸ਼ਰਧਾ-ਚਿਤਰਪਟ ਦੇ ਪਿਛੋਕੜ ਵਿੱਚ ਮਹਾਨ ਤਰਕ ਹੈ, ਜਿਸ ਵਿੱਚੋਂ ਅਨੇਕਾਂ ਸਥਾਨਕ ਤਰਕ ਜਨਮ ਲੈ ਸਕਦੇ ਹਨ । ਉਹਨਾਂ ਛੋਟੇ ਸਥਾਨਕ ਤਰਕਾਂ ਦਾ ਮਹਾਨ ਤਰਕ ਨਾਲ ਤਾਲ-ਮੇਲ ਸੁਧ ਤੱਥਾਂ ਦੀ ਲੜੀ ਵਿੱਚ ਵੱਖ-ਵੱਖ ਨਮੂਨਿਆਂ ਦਾ ਸੁਧ ਸਿੱਖ ਇਤਿਹਾਸ ਸਿਰਜ ਸਕਦਾ ਹੈ ।

ਦਾਸ ਨੇ ਸਿੱਖ ਇਤਿਹਾਸ ਸੰਬੰਧੀ ਬਹੁਤ ਸਾਰੇ ਨਵੇਂ ਅਤੇ ਪੁਰਾਣੇ ਮਸ਼ਹੂਰ ਗ੍ਰੰਥ ਪੜ੍ਹੇ ਹਨ, ਪਰ ਉਸਨੂੰ ਪੁਰਾਣੇ ਗ੍ਰੰਥਾਂ ਵਿੱਚੋਂ ਜ਼ਿਆਦਾ ਖਰੀ ਇਤਿਹਾਸਕ ਸੂਝ ਪ੍ਰਾਪਤ ਹੋਈ ਹੈ, ਕਿਉਂਕਿ ਪੁਰਾਣੇ ਗ੍ਰੰਥਾਂ ਵਿੱਚ ਤੱਥਾਂ ਦੀਆਂ ਕਈ ਗਲਤੀਆਂ ਦੇ ਬਾਵਜੂਦ ਗੁਰੂ-ਚੇਤਨਾ ਦੇ ਮਾਹੌਲ ਨੂੰ, ਯਾਅਨੀ ਪ੍ਰਤਿਨਿਧ ਚੇਤਨਾ ਦੇ ਸੂਖਮ ਤੱਥ ਨੂੰ, ਵਧੇਰੇ ਜੁਗਤੀ ਨਾਲ ਸਾਂਭਿਆ ਗਿਆ ਹੈ। ਮਿਸਾਲ ਲਈ ਡਾ: ਗੰਡਾ ਸਿੰਘ ਨਾਲੋਂ ਗਿਆਨੀ ਗਿਆਨ ਸਿੰਘ, ਮੈਕਾਲਿਫ ਅਤੇ ਗਿਆਨੀ ਕਰਤਾਰ ਸਿੰਘ ਕਲਾਸਵਾਲੀਆ ਗੁਰੂ-ਚੇਤਨਾ ਦੇ ਮਾਹੌਲ ਨੂੰ ਸਿਰਜਣ ਸਮੇਂ ਵਡੇਰੀ ਤਰਕ-ਸੁਘੜਤਾ ਦਾ ਸਬੂਤ ਦਿੰਦੇ ਹਨ । ਨਵੇਂ ਸਿੱਖ ਇਤਿਹਾਸਕਾਰਾਂ ਦੇ ਇਤਿਹਾਸਾਂ ਵਿੱਚ ਪ੍ਰਤਿਭਾ ਦੇ ਲਿਸ਼ਕਾਰੇ ਤਾਂ ਹਨ, ਪਰ ਗੁਰੂ-ਚੇਤਨਾ ਦੀ ਅਸਲੀਅਤ ਦਾ ਅਖੰਡ ਚਾਨਣ ਉਹਨਾਂ ਦੀਆਂ ਲਿਖਤਾਂ ਵਿੱਚ ਦੁਰਲੱਭ ਹੈ ।

ਜਿੰਨਾ ਚਿਰ ਕੋਈ ਸਰਬਪੱਖੀ ਪ੍ਰਤਿਭਾ ਵਾਲਾ ਸਿੱਖ ਇਤਿਹਾਸਕਾਰ ਪੈਦਾ ਨਹੀਂ ਹੁੰਦਾ, ਓਨਾ ਚਿਰ ਪੰਥ ਨੂੰ ਪੁਰਾਣੇ ਇਤਿਹਾਸਕਾਰਾਂ ਉੱਤੇ ਹੀ ਓਟ ਰਖਣੀ ਚਾਹੀਦੀ ਹੈ, ਕਿਉਂਕਿ ਨੁਕਸਾਂ ਦੇ ਬਾਵਜੂਦ ਉਹਨਾਂ ਦੀ ਗੁਰੂ-ਰੂਪ ਨੂੰ ਬਿਆਨ ਕਰਨ ਵਾਲੀ ਰਮਜ਼ ਆਧੁਨਿਕ ਇਤਿਹਾਸਕਾਰਾਂ ਨਾਲੋਂ ਵਧੇਰੇ ਠੀਕ ਹੈ । ਨਵੇਂ ਇਤਿਹਾਸਕਾਰਾਂ ਤੋਂ ਸੰਭਲ ਸੰਭਲ ਕੇ ਫਾਇਦਾ ਉਠਾਉਣਾ ਚਾਹੀਦਾ ਹੈ ।


''ਸਹਿਜੇ ਰਚਿਓ ਖਾਲਸਾ' ਵਿੱਚ ਮੈਂ ਸਿੱਖ ਇਤਿਹਾਸ ਨੂੰ ਸਿਲਸਿਲੇ ਵਾਰ ਤਾਂ ਨਹੀਂ ਲਿਖਿਆ, ਪਰ ਇਸਦੇ ਮੂਲ ਸਭਾ ਦੀਆਂ ਸੇਧਾਂ ਨਿਸਚਿਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਜੇ ਗੁਰੂ-ਬਿੰਬ ਦਾ ਸੱਜਰਾਪਣ ਸਲਾਮਤ ਰਹਿ ਸਕੇ, ਕਿਉਂਕਿ ਗੁਰੂ-ਬਿੰਬ ਹੀ ਪੰਥਕ ਚੇਤਨਾ ਦੇ ਸੁਹਜ, ਦਰਸ਼ਨ, ਜੀਵਨ-ਜਾਚ, ਅਤੇ ਰੂਹਾਨੀਅਤ ਜਾਂ ਗੁਰੂ ਗ੍ਰੰਥ ਸਾਹਿਬ ਦੀ ਸੂਖਮ ਸਭ ਦਾ ਸਦੀਵੀ ਰਹਿਬਰ ਹੈ ।


                                5

''ਸਹਿਜੇ ਰਚਿਓ ਖਾਲਸਾ" ਵਿੱਚ ਮੈਂ ਬਿਪਰ-ਬਿਸੰਸਕਾਰ ਨੂੰ ਦੈਵੀ ਸ਼ਕਲਾਂ ਨੂੰ ਢਾਹ ਲਾਉਣ ਵਾਲੀ ਨਿਰਾਕਾਰ ਵਿਰੋਧੀ ਸ਼ਕਤੀ ਦੇ ਤੌਰ ਉੱਤੇ ਪੇਸ਼ ਕੀਤਾ ਹੈ, ਪਰ ਖ਼ਾਲਸਾ-ਇਤਿਹਾਸ ਅਤੇ ਚਿੰਤਨ ਦੇ ਪ੍ਰਸੰਗ ਵਿੱਚ ਇਸ ਦਾ ਨਾਂਹ-ਵਾਚਕ ਕਾਰਜ-ਖੇਤਰ ਨਿਸਚਿਤ ਕਰਨ ਸਮੇਂ ਮੈਂ ਠੋਸ ਮਿਸਾਲਾਂ ਵੀ ਪੇਸ਼ ਕੀਤੀਆਂ ਹਨ । ਇਸ ਵਿੱਚ ਕੋਈ ਸਕ ਨਹੀਂ ਕਿ ਬਿਪਰ-ਸੰਸਕਾਰ ਨੇ ਸਿੱਖ ਇਤਿਹਾਸ ਦੀ ਸਿਹਤਮੰਦ ਚਾਲ ਨੂੰ ਵਿਗਾੜਿਆ । ਏਥੇ ਮੈਂ ਬਿਪਰ-ਸੰਸਕਾਰ ਦੇ ਨਿਸ਼ੇਧਮਈ ਅਮਲ ਦੀਆਂ ਕੁਝ ਠੋਸ ਮਿਸਾਲਾਂ ਪ੍ਰੋ: ਪੂਰਨ ਸਿੰਘ ਦੀਆਂ ਲਿਖਤਾ ਵਿੱਚੋਂ ਬਤੋਰ ਗਵਾਹੀ ਪੇਸ਼ ਕਰਦਾ ਹਾਂ । ਇਹ ਸਭ ਖਿਆਲ 'ਸਹਿਜੇ ਰਚਿਓ. " से बैल वेट (8-3-79) पिंड ਪ੍ਰਕਾਸਤ ਹੋਏ । ਸੋ ਮੇਰੇ ਖਿਆਲਾਂ ਦੀ ਇਹਨਾਂ ਵਲੋਂ ਪੁਸ਼ਟੀ ਉਹਨਾਂ ਨੂੰ ਵਧੇਰੇ ਪ੍ਰਮਾਣਿਕ ਬਣਾਉਂਦੀ ਹੈ

(ੳ) ਹਿੰਦੂ ਧਰਮ ਦੇ ਇਕੱਠ ਵਿੱਚੋਂ ਆਪਣੇ ਆਪ ਨੂੰ ਅਲਹਿਦਾ ਕਰਨ ਦੀਆਂ ਕੋਸ਼ਿਸ਼ਾਂ ਕਾਰਨ ਹਿੰਦੂਆਂ ਦਾ ਸਿੱਖਾਂ ਨੂੰ ਬੁਰਾ ਭਲਾ ਕਹਿਣਾ ਸ਼ੋਭਾ ਨਹੀਂ ਦਿੰਦਾ । ਉਹਨਾਂ ਨੇ ਇਸ ਗੱਲ ਨੂੰ ਰੰਜਸ ਵਿੱਚ ਬਦਲ ਲਿਆ ਪਈ ਸਿੱਖ ਆਪਣੇ ਧਰਮ ਅਸਥਾਨਾਂ ਨੂੰ ਉਹਨਾਂ ਨਾਲੋਂ ਵੱਖਰਾ ਚਾਹੁੰਦੇ ਹਨ ।4

(ਅ) ਪਰ ਬ੍ਰਾਹਮਣਵਾਦ ਇਸ ਨੂੰ (ਸਿੱਖ ਧਰਮ) ਅੰਦਰਲੇ ਪਾਸਿਉਂ ਢਾਹ ਲਾਉਣ ਲਈ ਉਥੇ ਮੌਜੂਦ ਸੀ ।5

(ੲ) ਮੈਂ ਦਾਵਾ ਕਰਦਾ ਹਾਂ ਪਈ ਸਿੱਖ ਚਿੰਤਨ, ਜ਼ਿੰਦਗੀ ਅਤੇ ਇਸਦੇ ਸਰੋਦੀ ਰੰਗ ਵਿਚ ਕਿੰਨੇ ਸਾਰੇ ਇਨਕਲਾਬੀ ਝੁਕਾ ਹਨ । ਇਸ (ਹਕੀਕਤ) ਨੂੰ ਪਰਵਾਨ ਨਾਂਹ ਕਰਨਾ, ਅਤੇ ਸਿਰਫ ਨਸਲੀ ਮਾਹੌਲ ਦੀ ਦੁਸ਼ਮਨੀ ਦੇ ਮੁੱਖ ਮੁਹਾਂਦਰੇ, ਜਿਸ ਵਿੱਚੋਂ ਕਿ ਸਿੱਖ

4. It is unfair of the Hindus to condemn Sikhs for their attempts to cut themselves away from the mass of Hindudom. They make it a grievance that the Sikhs wish their church to stand spart.

5. But Brahminism was there to engulf it from within.


ਧਰਮ ਨੇ ਜਨਮ ਲਿਆ, ਨੂੰ ਸਾਹਮਣੇ ਰੱਖ ਕੇ ਸਿੱਖ ਧਰਮ ਨੂੰ ਅਣਡਿੱਠ ਕਰਨਾ ਘੋਰ ਜ਼ੁਲਮ ਸੀ ।"

(ਸ) ਮਹਾਤਮਾ ਗਾਂਧੀ ਕੇਸ ਰੱਖਣ ਦੇ ਖਿਲਾਫ ਪਰਚਾਰ ਕਰ ਰਹੇ ਹਨ । ਉਹ ਸਿੰਘਾਂ ਦੀ ਫਤਹ ਦੇ ਜੈਕਾਰਿਆਂ, ਜਿਹਨਾਂ ਦੀ ਸ਼ਕਤੀ ਨਾਲ ਉਹਨਾਂ ਨੇ ਮੁਗਲ-ਜ਼ੁਲਮ ਨੂੰ ਕੁਚਲਿਆ ਅਤੇ ਇਕ ਆਜ਼ਾਦ ਕੰਮ ਬਣ ਗਏ, ਨੂੰ ਰਾਸ਼ਟਰੀ ਭਾਵਨਾ ਦੇ ਵਿਰੁਧ ਫਿਰਕਾ ਪ੍ਰਸਤੀ ਗਰਦਾਨਦੇ ਹਨ । ਸਿੱਖ ਮਰ ਜਾਵੇਗਾ, ਜੇ ਉਹ ਕੇਸ ਕਟਾ ਦੇਵੇ, ਤੇ ਹਿੰਦੂ-ਸ਼ਕਲ ਧਾਰਨ ਕਰ ਲਵੇ । ਸਿੱਖਾਂ ਵਲ ਸਰਪ੍ਰਸਤੀ ਦਾ ਵਤੀਰਾ, ਜਿਹੜਾ ਕਿ ਨਹਿਰੂ-ਵਿਧਾਨ ਨੇ ਧਾਰਨ ਕੀਤਾ ਹੈ, ਹਿੰਦੂ-ਰੂਪ ਕਾਂਗਰਸ ਦੀ ਸਿੱਖਾਂ ਨੂੰ ਹਿੰਦੂਆਂ ਵਿੱਚ ਸ਼ਾਮਿਲ ਕਰਨ ਦੀ ਇਕ ਨੀਤੀ ਹੈ ।

ਪ੍ਰੋ: ਪੂਰਨ ਸਿੰਘ ਦੀ ਇਤਿਹਾਸ ਨੂੰ ਵੇਖਣ ਵਾਲੀ ਕਰਾਮਾਤ ਵਰਗੀ ਦਿੱਬ-ਦ੍ਰਿਸ਼ਟੀ ਸਦਕਾ ਉਹਨਾਂ ਵਲੋਂ ਲਿਖੀਆਂ ਉਪਰੋਕਤ ਸਤਰਾਂ (ਨਿਸਚਿਤ ਤੌਰ ਉੱਤੇ ਭਾਗ-ਸ ਦੀਆਂ ਸਤਰਾਂ) ਸੱਚਮੁੱਚ ਇਲਹਾਮ ਹੀ ਸਾਬਤ ਹੋਈਆਂ ਹਨ । ਭਾਰਤੀ ਸੰਵਿਧਾਨ ਦੀ ਧਾਰਾ-25 ਦੀ ਮਿਸਾਲ ਦੇਣੀ ਹੀ ਕਾਫੀ ਹੈ, ਜਿਸ ਵਿੱਚ ਸਿੱਖ ਪੰਥ ਨੂੰ ਠੰਢੀ ਬੇਕਿਰਕ ਸਾਜਿਸ਼ ਰਾਹੀਂ ਹਿੰਦੂ ਧਰਮ ਦਾ ਅੰਗ ਵਖਾਇਆ ਗਿਆ ਹੈ, ਤੇ ਇਸ ਬੇਇਨਸਾਫੀ ਵਿਰੁੱਧ ਭਾਰਤ ਦੇ ਕਿਸੇ ਤਬਕੇ ਨੇ ਵੀ ਆਵਾਜ਼ ਨਹੀਂ ਉਠਾਈ ।

ਬਿਪਰ-ਸੰਸਕਾਰ ਦੀ ਨਿਸ਼ੇਧ ਗਤੀ ਦਾ ਇਕ ਹੋਰ ਰੂਪ ਗੁਰੂ ਗੋਬਿੰਦ ਸਿੰਘ ਦੇ ਬਿੰਬ ਨੂੰ ਧਾਰਮਿਕ ਸੁੰਦਰਤਾ ਦੇ ਪਖੋਂ ਨਿਆਰਾ ਨਾਂਹ ਰਹਿਣ ਦੇਣਾ ਹੈ। ਉਹਨਾਂ ਸੰਬੰਧੀ ਰਾਬਿੰਦਰ ਨਾਥ

6. 1 assert that many revolutionary tendencies are found in the Sikh Thought, song and life. It was atrocious not to have seen this, and to have ignored Sikh History, from the main features of the hostility of the racial environment in which Sikhism took its birth.

(ਵੇਖੋ 4, 5 ਤੇ 6 ਕ੍ਰਮਵਾਰ Spirit of the Sikh, Part II-Vol two,ਸਫ਼ਾ 327, Part II-Vol two ਸਫ਼ਾ 322, Part II-Vol oneਸਫ਼ਾ 39)

7. Mahatma Gandhi preaches against keeping. of hair. He denounces those Sikh shouts of conquests as communal as against national, with which they battered the Mughal tyranny and became a free nation. The Sikh will die if he cuts his hair and assumes the Hindu shape. The patronising attitude which the Nehru Constitution adopts towards the Sikhs is the policy of the Hindu Congress to include the Sikhs in the Hindus. (See: Puran Singh Studies-Jan-April 1982-Pbi. University-From: An Open Letter To Sir John Simon; Page 40)


ਟੈਗੋਰ ਵਲੋਂ ਆਪਣੇ "ਸ਼ਿਵਾ ਜੀ ਅਤੇ ਗੁਰੂ ਗੋਬਿੰਦ ਸਿੰਘ" ਲੇਖ ਵਿੱਚ ਪ੍ਰਗਟਾਏ ਵਿਚਾਰ ਅਤੇ ਮਹਾਤਮਾ ਗਾਂਧੀ ਦੀ ‘ਗੁਮਰਾਹ ਦੇਸ਼ ਭਗਤ" ਵਾਲੀ ਟਿਪਣੀ ਕਦੇ ਨਾਂਹ ਭੁੱਲਣ ਵਾਲੇ ਅਪਮਾਨ ਹਨ । ਮੈਂ “ਸਹਿਜੇ ਰਚਿਓ.." ਵਿੱਚ ਕਲਗੀਆਂ ਵਾਲੇ ਦੇ ਸਦੀਵੀ ਤੌਰ ਉੱਤੇ ਹੁਸੀਨ ਬਿੰਬ ਨੂੰ ਸਾਂਭਣ ਲਈ ਈਮਾਨਦਾਰ ਯਤਨ ਕੀਤੇ ਹਨ, ਕਿਉਂਕਿ ਉਥੋਂ ਹੀ ਮਾਨਵਤਾ ਨੂੰ, ਅਤੇ ਖਾਸ ਤੌਰ ਉੱਤੇ ਖਾਲਸਾ ਪੰਥ ਨੂੰ ਅਮਰ ਰੂਹਾਨੀ ਤਾਕਤ ਹਾਸਿਲ ਹੋਣੀ ਹੈ। ਦੂਜੇ ਪਾਸੇ ''ਬਿਪਰ-ਸੰਸਕਾਰ" ਵਾਲੀ ਕਿਤਾਬ ਵਿੱਚ ਪੰਥ (ਬਲਕਿ ਹਰ ਮਜ਼ਬ) ਦੇ ਨਿਆਰੇ ਰੂਪ ਨੂੰ ਮਲੀਨ ਕਰਨ ਵਾਲੀ ਸਾਜ਼ਿਸ਼ੀ ਗਤੀ ਦੇ ਨਿਸ਼ੇਧ ਰੂਪ ਦਾ ਹਰ ਇਕ ਪਰਦਾ ਫਾਸ਼ ਕੀਤਾ ਗਿਆ ਹੈ ।

ਦਾਸ ਨੇ ਇਸ ਲੰਮੀ ਪੁਸਤਕ ਵਿੱਚ ਇਤਿਹਾਸ ਦੇ ਰਾਜਸੀ ਅਤੇ ਸਾਮਾਜਿਕ ਰੰਗਮੰਚ ਉੱਤੇ ਵਿਚਰਦੇ ਇਸਲਾਮ ਦੇ ਰੂਹਾਨੀ ਯੋਗਦਾਨ ਦਾ ਵੀ ਮੁੱਲ ਪਾਉਣ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ, ਕਿਉਂਕਿ ਇਸ ਤਰ੍ਹਾਂ ਦੀ ਸੂਝ ਬਿਨਾਂ ਖਾਲਸਾ-ਇਤਿਹਾਸ ਦਾ ਨਿਰਮਲ ਨਜ਼ਾਰਾ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਉਂਦਾ । ਅਜਿਹਾ ਕਰਦਿਆਂ, ਖਾਸ ਕਰਕੇ 'ਜ਼ਫਰਨਾਮਾ' ਵਾਲੀ ਕਿਤਾਬ ਵਿੱਚ, ਮੈਂ ਇਤਿਹਾਸ ਦੀ ਅਦ੍ਰਿਸ਼ਟ ਰਵਾਨੀ ਦੇ ਸੋਮਿਆਂ ਵਲ ਵੀ ਧਿਆਨ ਦੁਆਇਆ ਹੈ । ਬ੍ਰਾਹਮਣਵਾਦ ਦੇ ਬਾਹਰਮੁਖੀ ਜ਼ੋਰ ਅਤੇ ਖਾਲਸੇ ਦੀ ਸਿਮ੍ਰਤੀ ਵਿੱਚ ਛੁਪੇ ਬਿਪਰ-ਸੰਸਕਾਰ ਦੇ ਚੋਰ ਨੇ ਇਸਲਾਮ ਦੇ ਸਹੀ ਰੂਹਾਨੀ ਯੋਗਦਾਨ ਨੂੰ ਧੁੰਧਲਾ ਕਰਨ ਵਿੱਚ ਪਿਛਲੇ ਤਿੰਨ ਸੋ ਸਾਲ ਤੋਂ ਤਗੜਾ ਹਿੱਸਾ ਪਾਇਆ ਹੈ । ਸਾਈਂ ਮੀਆਂ ਮੀਰ ਦੇ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਦੀ ਸਚਾਈ ਤੋਂ ਇਨਕਾਰ ਕਰਨ ਪਿੱਛੇ ਨਿਰੀ ਲਿਖਤੀ ਤੱਥਾਂ ਦੀ ਘਾਟ ਦਾ ਕਾਰਨ ਹੀ ਨਹੀਂ, ਸਗੋਂ ਸਮਕਾਲੀ ਅਤੇ ਅਤੀਤ ਦੇ ਰਾਜਸੀ ਪਿਛੋਕੜ ਅਤੇ ਬਿਪਰ-ਸੰਸਕਾਰ ਦੇ ਮਾਰੂ ਪ੍ਰਭਾਵ ਦੇ ਸਿੱਟੇ ਵੱਜੋਂ ਪੰਥ ਵਿੱਚ ਪੈਦਾ ਹੋਇਆ ਇਸਲਾਮ-ਵਿਰੋਧੀ ਵਤੀਰਾ ਵੀ ਇਸ ਇਨਕਾਰ ਦੇ ਪਿੱਛੇ ਕੰਮ ਕਰਦੇ ਹਨ ।

ਮੈਂ ਇਹ ਦਾਅਵਾ ਤਾਂ ਨਹੀਂ ਕਰਦਾ ਪਈ ਮੈਂ "ਸਹਿਜੇ ਰਚਿਓ ਖਾਲਸਾ'' ਵਿੱਚ ਗੁਰਮੱਤ ਦੀ ਵਿਆਖਿਆ ਦੇ ਆਦਰਸ਼ਕ ਨਮੂਨੇ ਪੇਸ਼ ਕੀਤੇ ਹਨ, ਪਰ ਮੈਂ ਅਤਿ ਹਲੀਮੀ ਵਿੱਚ ਇਹ ਬੇਨਤੀ ਜ਼ਰੂਰ ਕਰਾਂਗਾ, ਪਈ ਮੈਂ ਇਸ ਪੁਸਤਕ ਵਿੱਚ ਗੁਰਮੱਤ ਦੀ ਵਿਆਖਿਆ ਦੀਆਂ ਕੁਝ ਅਜਿਹੀਆਂ ਸੋਧਾਂ ਮੁਹੱਈਆ ਕੀਤੀਆਂ ਹਨ, ਜਿਹੜੀਆਂ ਸਿੱਖ ਰੂਹਾਨੀਅਤ ਦੇ ਧਿਆਨ ਸਮੇਂ ਪੰਥਕ ਪ੍ਰਤਿਭਾ ਨੂੰ ਬਿਪਰ-ਸੰਸਕਾਰ ਦੇ ਗੁਮਰਾਹਕੁਨ ਰੋਲ ਤੋਂ ਚੇਤੰਨ ਕਰਨਗੀਆ । ਗੁਰੂ ਗੋਬਿੰਦ ਸਿੰਘ ਦੇ ਖ਼ਾਲਸਾ ਸਾਜਣ ਦੀ ਭਾਵਨਾ ਨੂੰ ਪ੍ਰਗਟਾਉਂਦਿਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਤਮਾ ਨੂੰ ਬਿਆਨ ਕਰਦਿਆਂ ਸਿੱਖ-ਪ੍ਰਤਿਭਾ ਦੇ ਇਕ ਵੱਡੇ ਭਾਗ ਨੇ ਹਿੰਦੂ ਇਤਿਹਾਸ, ਧਰਮ ਪੁਸਤਕਾਂ ਅਤੇ ਮਿਥਿਹਾਸ ਦੇ ਸਮਾਨਾਂਤਰਾਂ ਤੱਕ ਹੀ ਪੰਥ ਦੀ ਅੰਤਰ-ਦ੍ਰਿਸ਼ਟੀ ਨੂੰ ਸੀਮਤ ਕਰ ਦਿੱਤਾ । ਯੂਨੀਵਰਸਿਟੀ ਵਿਦਵਾਨਾਂ ਵੱਲੋਂ ਲਿਖੇ ਬਹੁਤ ਸਾਰੇ ਸ਼ੋਧ-ਪੱਤ੍ਰਾਂ, ਗੁਰੂ ਗ੍ਰੰਥ ਸਾਹਿਬ ਦਾ ਫਰੀਦਕੋਟੀ ਟੀਕਾ ਅਤੇ ਸ: ਕਪੂਰ ਸਿੰਘ ਆਈ. ਸੀ. ਐਸ. ਦੀ ਪੁਸਤਕ The Baisakhi of Guru Gobind Singh ਨੂੰ ਮਿਸਾਲ ਦੇ ਤੌਰ ਉੱਤੇ ਪੇਸ਼ ਕੀਤਾ ਜਾ ਸਕਦਾ ਹੈ । ਪ੍ਰੋ: ਪੂਰਨ ਸਿੰਘ ਨੇ ਆਪਣੀ "ਸਿੱਖ ਦੀ ਰੂਹ" ਵਿੱਚ ਸਿੱਖ ਪ੍ਰਤਿਭਾ ਦੀ ਇਸ ਕੰਮਜ਼ੋਰੀ ਵਲ ਥਾਂ-ਪਰ-ਥਾਂ ਇਸ਼ਾਰੇ ਕੀਤੇ ਹਨ ; ਜਿਵੇਂ :-

(ੳ) ਬ੍ਰਹਮ ਅਤੇ ਪਾਰਬ੍ਰਹਮ ਲਫਜ਼ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦੇ ਹਨ, ਪਰ ਜਿਵੇਂ ਕਿ ਕਨਿੰਘਮ ਨੇ ਕਿਹਾ ਹੈ, “ਸਿਰਫ ਦ੍ਰਿਸ਼ਟਾਂਤ ਦੇ ਤੌਰ ਉੱਤੇ ।” ਇਹੋ ਮਿਸਾਲ ਬ੍ਰਾਹਣਵਾਦ


(*)

ਦੀ ਸਮੁੱਚੀ ਦੇਵ ਮਾਲਾ ਦੇ ਕੁੱਲ ਦੇਵਤਿਆਂ ਅਤੇ ਦੇਵੀਆਂ ਦੇ ਨਾਂਵਾਂ ਉੱਤੇ ਢੁਕਦੀ ਹੈ ।

(ਅ) ਸ਼ੱਕ ਦੀ ਗੱਲ ਹੈ ਪਈ ਸਿੱਖ ਅਤੇ ਹਿੰਦੂ ਵਿਦਵਾਨ ਗੁਰੂ ਨਾਨਕ ਸਾਹਿਬ ਦੇ ਵਰਤੇ ਰੰਗਾਂ ਅਤੇ ਬੁਰਸ਼ ਨੂੰ ਫਜੂਲ ਵਾਕੰਸਾਂ (ਇਸਤਲਾਹਾਂ) ਵਿੱਚ ਢਾਲ ਕੇ ਉਹਨਾਂ ਦੀ ਬਾਣੀ ਦੀ ਵਿਆਖਿਆ ਕਰਦੇ ਹਨ । ਉਹਨਾਂ ਦੇ ਲਫਜ਼ਾਂ ਦੇ ਬਾਹਰੀ ਰੂਪ ਦੇ ਨਿਖੇੜ ਅਤੇ (ਪੁਰਾਣੇ) ਗ੍ਰੰਥਾਂ ਦੀ ਚੀਰ-ਫਾੜ ਰਾਹੀਂ ਉਹ ਗੁਰਬਾਣੀ ਦੇ ਅਰਥਾਂ ਨੂੰ ਵੇਦਾਂ ਅਤੇ ਉਪਨਿਸ਼ਦਾਂ ਦੇ ਰੂਪਾਂਤ੍ਰ ਹੀ ਦਰਸਾਉਂਦੇ ਹਨ । ਗੁਰੂ ਸਾਹਿਬ ਦੀ ਰੂਹ ਦੀ ਅਗਨੀ ਨੂੰ ਪ੍ਰਕਾਸ਼ਮਾਨ ਕਰਨ ਲਈ ਬੇਜਾਨ ਸ਼ਬਦਾਂ ਦੀ ਵਰਤੋਂ ਕੀਤੀ ਹੈ ।

ਅਫਸੋਸ ! ਸਾਡੇ ਵਿਦਵਾਨਾਂ ਨੇ 60 ਸਾਲ ਪਹਿਲਾਂ ਪ੍ਰਗਟਾਈ ਇਸ ਰਮਜ਼ ਨੂੰ ਨਹੀਂ ਸਮਝਿਆ ।



                               6


ਕੁਲ ਮਾਨਵ ਵਾਦੀਆਂ ਅੱਗੇ ਮੇਰੀ ਇਹ ਅਰਜ ਹੈ ਪਈ ਮੈਂ “ਸਹਿਜੇ ਰਚਿਓ ਖਾਲਸਾ" ਨੂੰ ਦੁਨੀਆਂ ਦੇ ਪ੍ਰਸਿੱਧ ਧਰਮਾਂ ਦੀ ਕੇਂਦਰੀ ਲਿਵ, ਉਹਨਾਂ ਦੇ ਪੈਗੰਬਰੀ ਰਹੱਸਾਂ, ਮੌਲਕ ਸੋਮਿਆਂ, ਜਨਮਾਂ ਅਤੇ ਇਤਿਹਾਸਕ ਤਸਵੀਰਾਂ ਨੂੰ ਆਪਣੀ ਅੰਤਰ-ਦ੍ਰਿਸ਼ਟੀ ਵਿੱਚ ਥੋੜ੍ਹਾ ਬਹੁਤਾ ਜਜ਼ਬ ਕਰਕੇ ਸਿਰਜਿਆ ਹੈ । ਸੱਤਵੀਂ ਕਿਤਾਬ (ਕਾਂਡ) ਵਿੱਚ ਮੈਂ ਚੀਨ ਤੋਂ ਭਾਰਤ ਤਕ ਅਤੇ ਮੱਧ ਏਸ਼ੀਆ ਤੋਂ ਯੁਨਾਨ ਤੱਕ, ਵੱਖ-ਵੱਖ ਧਰਮਾਂ ਦੀਆਂ ਛੇ ਹਜ਼ਾਰ ਸਾਲ ਦੀਆਂ ਲਹਿਰਾਂ ਨੂੰ ਝਲਕ ਮਾਤਰ ਅਨੁਭਵ ਦੇ ਇੱਕ ਸਾਗਰ ਵਿੱਚ ਚੜ੍ਹਦਿਆਂ ਅਤੇ ਉਤਰਦਿਆਂ ਵਖਾਇਆ ਹੈ । ਭਾਵੇਂ ਜ਼ਿਆਦਾ ਕਰਕੇ ਮੈਂ "ਸਹਿਜੇ ਰਚਿਓ ਖ਼ਾਲਸਾ” ਵਿੱਚ ਸਿੱਖ ਧਰਮ ਦੀ ਗੱਲ ਕੀਤੀ ਹੈ, ਪਰ ਇਸ ਵਿੱਚ ਕੀਤੀ ਖਿਆਲ-ਉਸਾਰੀ ਰਾਹੀਂ ਮੈਂ ਹਰ ਧਰਮ ਦੀ ਹਰੀ-ਕਚੂਰ ਅਵਸਥਾ ਅਤੇ ਉਸਦੀ ਪੱਤਝੜ ਦੇ ਕੁਦਰਤੀ ਨਿਯਮਾਂ ਦੀ ਅਨੁਭਵੀ ਇਸ਼ਾਰਿਆਂ ਰਾਹੀਂ ਕੁਝ ਨ ਕੁਝ ਦੱਸ ਪਾਈ ਹੈ ।

8. The words Brhman (Brahm) and Para-Brahm also come in Guru Granth, but as Cunningham says "by way of illustration only" Similarly the names of all gods and goddesses of Brahminical Pantheon.

(Spirit of the Sikh-Part II, Vol two; Page 75)

9. It is to be regretted that Sikh and Hindu scholars are interpreting Guru Nanak in the futile terms of the colour he used, the brush he took; are analysing the skin and flesh of his words and dissecting texts to find the Guru's meaning to be same as of the Veds and Upanishads! Dead words are used to interpret the fire of the Master's soul!

(Spirit of the sikh-Part II-Volume two-271)



“ਸਹਿਜੇ ਰਚਿਓ..."ਵਿੱਚ ਖਾਲਸ ਕੁਦਰਤ, ਅਕਾਲ ਫ਼ਤਰ, ਅੰਤਮ-ਹਾਂ, ਅੰਤਮ ਨਾਂਹ ਅਤੇ ਸਿੱਖ-ਯਾਦ ਦਾ ਬਹੁਤ ਵਾਰ ਜ਼ਿਕਰ ਆਉਂਦਾ ਹੈ। ਅਸਲ ਵਿੱਚ ਇਹ ਮੌਲਕ ਦਾਰਸ਼ਨਿਕ ਸੰਕਲਪ ਹਨ, ਜਿਹੜੇ ਸਰਬ ਵਿਆਪਕ ਚੇਤਨਾ ਦੀ ਰੂਪ-ਰੇਖਾ ਸਮਝਾਉਣ ਲਈ ਤਿਆਰ ਕੀਤੇ ਗਏ ਹਨ । ਇਹਨਾਂ ਵਿੱਚੋਂ ਪਹਿਲੇ ਚਾਰ ਸੰਕਲਪ ਵਿਅਕਤੀਗਤ ਅਨੁਭਵ ਦਾ ਹਿੱਸਾ ਹਨ, ਪਰ ਉਸੇ ਸਮੇਂ ਨਿੱਜ ਤੋਂ ਬਾਹਰਲੇ ਇਲਾਹੀ ਜਗਤ ਨਾਲ ਵੀ ਇਹਨਾਂ ਦਾ ਲਗਾਉ ਹੈ। ਸਿੱਖ-ਯਾਦ ਕੰਮ ਦੇ ਉਸ ਸ਼ੁੱਧ ਅਨੁਭਵ ਦਾ ਨਾਮ ਹੈ, ਜਿਹੜੀ ਬੀਤੇ ਕਾਲ ਵਿੱਚ ਅਲੋਪ ਹੋਈਆਂ ਅਨੇਕਾਂ ਘਟਨਾਵਾਂ ਦੇ ਸਹੀ ਨਕਸ਼ ਪਛਾਣ ਸਕਦੀ ਹੈ । ਇਸ ਸੱਚ ਦੇ ਸਨਮੁੱਖ ਹੋਣ ਦਾ ਮੈਨੂੰ ਕਿੰਨੇ ਵਾਰੀ ਸੁਭਾਗ ਪ੍ਰਾਪਤ ਹੋਇਆ ਹੈ, ਪਈ ਕਿਸੇ ਸਮੇਂ ਸਿੱਖ-ਯਾਦ ਦੀ ਸ਼ਕਤੀ ਸਦਕਾ ਸਿੱਖ ਇਤਿਹਾਸ ਦੀ ਘਟਨਾ-ਲੜੀ ਦੀ ਅਸਲੀਅਤ ਨੂੰ ਦੱਸਣ ਵਿੱਚ ਅਨਪੜ੍ਹ ਮਾਵਾਂ ਮੰਨੇ-ਪ੍ਰਮੰਨੇ ਇਤਿਹਾਸਕਾਰਾਂ ਦੀ ਸੱਚ-ਝੂਠ ਦਾ ਨਿਖੇੜਾ ਕਰਨ ਵਾਲੀ ਦ੍ਰਿਸ਼ਟੀ ਨੂੰ ਮਾਤ ਪਾ ਦਿੰਦੀਆਂ ਹਨ । ਇਸ ਦਾ ਕਾਰਨ ਇਹ ਹੈ ਕਿ ਜਿਸ ਸਮੇਂ ਵਿਦਵਾਨ ਇਤਿਹਾਸਕਾਰ ਦੀ ਦ੍ਰਿਸ਼ਟੀ ਨੂੰ ਬੱਝਵੇਂ ਕਾਇਦੇ-ਕਾਨੂੰਨਾਂ ਨੇ ਸੀਮਤ ਕੀਤਾ ਹੁੰਦਾ ਹੈ, ਉਸ ਸਮੇਂ ਸਾਦਾ-ਚਿੱਤ ਅਨਪੜ੍ਹ ਲੋਕ ਚੇਤਨਾ ਦੀਆਂ ਆਜ਼ਾਦ ਨਜ਼ਰਾਂ ਰਾਹੀਂ ਅਤੀਤ ਦੇ ਸੱਚ ਦਾ ਖੁੱਲ੍ਹਾ ਨਜ਼ਾਰਾ ਕਰਦੇ ਹਨ ।

ਅਕਾਲ ਫ਼ਤਹ ਦੇ ਸੰਕਲਪ ਦੀ ਪਹਿਲੀ ਅਤੇ ਸੱਤਵੀਂ ਕਿਤਾਬ ਵਿੱਚ ਸਿਧਾਂਤਕ ਸ਼ਕਲ ਪੇਸ਼ ਕੀਤੀ ਗਈ ਹੈ, ਜਦੋਂ ਕਿ ਇਸੇ ਨਾਂਅ ਦੀ ਦੂਸਰੀ ਕਿਤਾਬ ਵਿੱਚ 'ਅਕਾਲ ਛਤਹ' ਨੂੰ ਫੈਲਵੇਂ ਪਰ ਵਿਕੋਲਿਤ੍ਰ ਰੂਪ ਵਿੱਚ ਗੁਰੂ-ਜੀਵਨੀਆਂ ਵਿੱਚ ਵਰਤੀਂਦਾ ਵਿਖਾਇਆ ਗਿਆ ਹੈ । ਗੁਰੂ-ਜੀਵਨੀਆਂ ਦੇ ਬਾਹਰਮੁਖੀ ਕਾਲ-ਵਹਿਣ ਵਿੱਚ ਉੱਪਰ-ਪ੍ਰਕ੍ਰਿਤਕ ਘਟਨਾਵਾਂ ਦੀ ਲੜੀ ਨੂੰ ਗੁੰਦਦਿਆ ਮੈਂ ਇਹਨਾਂ ਦੇ ਪ੍ਰਤੀਕਮਈ ਅਰਥਾਂ ਦੇ ਸੁਹਜ ਅਤੇ ਇਹਨਾਂ ਦੇ ਅਪਕੜ ਪਰ ਕੁਦਰਤੀ ਤਰਕ ਨੂੰ ਸਾਹਮਣੇ ਲਿਆਂਦਾ ਹੈ । ਪਾਠਕਾਂ ਨੂੰ ਗੁਰੂ-ਜੀਵਨੀਆਂ ਦੀਆਂ ਸਾਧਾਰਣ ਘਟਨਾਵਾਂ ਦੀ ਲੜੀ ਨੂੰ ਹੋਰਨਾਂ ਲੇਖਕਾਂ ਦੀਆਂ ਲਿਖਤਾਂ ਵਿੱਚੋਂ ਪੜ੍ਹਣ ਦਾ ਨਿਮਰ ਸੁਝਾ ਦੇਣਾ ਕੁਥਾਂ ਨਹੀਂ ਹੋਵੇਗਾ । ਪਰ ਗੁਰੂ-ਜੀਵਨੀਆਂ ਦੀਆਂ ਅਗੋਚਰ ਅਤੇ ਦੇਵੀ ਦਿਸ਼ਾਵਾਂ ਪ੍ਰਗਟ ਕਰਨ ਲਈ ਮੇਰੇ ਲਈ ਉੱਪਰ-ਪ੍ਰਕ੍ਰਿਤਕ ਘਟਨਾਵਾਂ ਦੀ ਚੋਣ ਕਰਨੀ ਲਾਜ਼ਮੀ ਸੀ । ਉਂਞ ਵੀ ਇਹਨਾਂ ਦਾ ਵਾਪਰਣਾ ਮੇਰੇ ਲਈ ਹਕੀਕਤ ਦਾ ਦਰਜਾ ਰਖਦਾ ਹੈ ।

ਪਾਤਸ਼ਾਹੀ ੨ ਤੋਂ ਪਾਤਸ਼ਾਹੀ ੯ ਤੱਕ ਦੀਆਂ ਗੁਰੂ-ਜੀਵਨੀਆਂ ਵਾਲੀ ਕਿਤਾਬ "ਅਕਾਲ ਫਤਹ' ਵਿੱਚ ਦਾਸ ਨੇ ਗੁਰੂ-ਜੀਵਨ ਦੀ ਅਸਲੀਅਤ ਦੀਆਂ ਆਮ ਜੀਵਨ ਦੀ ਪਕੜ ਵਿੱਚ ਨਾਂਹ ਆ ਸਕਣ ਵਾਲੀਆਂ ਦਿਸ਼ਾਵਾਂ ਦਾ ਜੋ ਤਰਤੀਬਵਾਰ ਵੇਰਵਾ ਦਿੱਤਾ ਹੈ, ਉਸ ਦੀ ਅਪਕੜਤਾ ਨੂੰ ਦਰਸਾਉਣ ਸਮੇਂ ਪ੍ਰਤੀਕਮਈ, ਦਾਰਸ਼ਨਿਕ ਅਤੇ ਕਾਵਿਮਈ ਤਿੰਨੇ ਵਿਧੀਆਂ ਦੀ ਵਰਤੋਂ ਕੀਤੀ ਗਈ ਹੈ । ਗੁਰੂ ਦੇ ਅਪਕੜ ਬਿੰਬ ਦੀ ਯਥਾਰਥਕ ਦਿਸ਼ਾ ਬਿਆਨ ਕੀਤੇ ਬਿਨਾਂ ਲੋਕ-ਯਾਦ ਜਾਂ ਇਤਿਹਾਸਕ ਚੇਤਨਾ ਵਿੱਚ ਗੁਰੂ-ਤਸਵੀਰ ਦਾ ਉਹ ਸੱਜਰਾਪਨ ਨਹੀਂ ਰਹਿ ਸਕਦਾ, ਜਿਹੜਾ ਪੰਥ ਦੇ ਜ਼ਿੰਦਾ ਰਹਿਣ ਲਈ ਜ਼ਰੂਰੀ ਹੈ । ਗੁਰੂ ਸਾਹਿਬਾਨ ਦੇ ਅਪਕੜ ਰੂਪ ਉਹਨਾਂ ਦੇ ਜੀਵਨ ਵਿੱਚ ਸ਼ਾਮਿਲ ਹੋਣ ਤੋਂ ਬਿਨਾਂ ਪੰਥ ਉਹਨਾਂ ਦੇ ਗੁਰੂ-ਰੂਪ ਦੀ ਦੈਵੀ ਪ੍ਰੇਰਣਾ ਨਹੀਂ ਲੈ ਸਕਦਾ, ਤੇ ਕਿਸੇ ਸਮਾਚਾਰ ਜਾਂ ਘਟਨਾ ਦੀ ਗਵਾਹੀ ਬਿਨਾਂ ਅਪਕੜ ਰੂਪ ਦਾ ਸੱਚ ਨਹੀਂ ਦ੍ਰਿੜਾਇਆ ਜਾ ਸਕਦਾ । ਮਿਸਾਲ ਲਈ ਕਲਗੀਧਰ ਪਾਤਸ਼ਾਹ ਨੂੰ ਕ੍ਰਾਂਤੀਕਾਰੀ, ਉੱਤਮ ਕਵੀ, ਮਹਾਨ ਸਿਪਾਹੀ ਅਤੇ ਸੱਚਾ ਦੇਸ਼ ਭਗਤ ਮੰਨਣ ਨਾਲ ਵੀ ਉਹਨਾਂ ਦੀ ਸ਼ਖਸੀਅਤ ਉਹਨਾਂ ਦੇ ਮੁਰੀਦਾਂ ਵਿੱਚ ਉਹ ਪ੍ਰੇਰਣਾ ਪੈਦਾ। ਨਹੀਂ ਕਰੇਗੀ, ਜਿਹੜੀ ਉਹਨਾਂ ਦੇ ਅਪਕੜ ਗੁਰੂ-ਰੂਪ ਨੇ ਪੈਦਾ ਕਰਨੀ ਹੈ । ਸੋ ਜਦੋਂ ਕਵੀ ਟੰਗੋਰ ਉਹਨਾਂ ਦਾ ਮੁਕਾਬਲਾ ਸ਼ਿਵਾ ਜੀ ਨਾਲ ਕਰਦੇ ਹਨ, ਤਾਂ ਉਹਨਾਂ ਦੇ ਅਪਕੜ ਗੁਰੂ-ਰੂਪ ਨੂੰ ਅਗਿਆਨ ਵੱਸ ਜਾਂ ਨਿੰਦਿਆ ਵੱਸ ਅਣਡਿੱਠ ਕਰਕੇ ਉਹਨਾਂ ਦਾ ਅਪਮਾਨ ਕਰਦੇ ਹਨ।


ਗੁਰੂ-ਜੀਵਨ ਦੀ ਲਤੀਫ ਅਸਲੀਅਤ ਬਿਆਨ ਕਰਨ ਸਮੇਂ ਅਖੌਤੀ ਯਥਾਰਥਵਾਦੀਆਂ ਅਤੇ ਧਾਰਮਿਕ ਸੱਚ ਦੇ ਮਸੀਹਾ-ਰੂਪ ਤੋਂ ਅਣਜਾਣ ਸਮਾਜਵਾਦੀਆਂ ਨੂੰ ਇਹ ਸੰਕੇਤ ਦੇਣਾ ਚਾਹਾਂਗਾ ਪਈ ਕਿਸੇ ਧਾਰਮਿਕ ਮਿੱਥ ਨੂੰ ਤੋੜਣ, ਉਲਟਾਉਣ ਜਾਂ ਬਦਲਣ ਦਾ ਓਨਾ ਚਿਰ ਕਿਸੇ ਵੀ ਇਤਿਹਾਸਕਾਰ, ਤਰਕਵਾਦੀ ਅਤੇ ਸਾਹਿਤਕਾਰ ਨੂੰ ਕੋਈ ਇਖ਼ਲਾਕੀ ਹੱਕ ਨਹੀਂ, ਜਿੰਨਾ ਚਿਰ ਉਹਨਾਂ ਕੋਲ ਜ਼ਿੰਦਗੀ ਦੀ ਤਾਜ਼ਗੀ ਨੂੰ ਚਿਰੰਜੀਵ ਕਰਨ ਵਾਲਾ ਕੋਈ ਵਡੇਰਾ ਬਦਲ ਨਾਂਹ ਹੋਵੇ। ਸੱਚ ਅਤੇ ਝੂਠ ਦੇ ਸਹੀ ਤੌਰ ਉੱਤੇ ਹੋਣ ਜਾਂ ਨਾਂਹ ਹੋਣ ਦਾ ਫੈਸਲਾ ਕੇਵਲ ਪ੍ਰਾਪਤ ਬਿਰਤਾਂਤਾਂ ਨੂੰ ਉਲਟਾ ਦੇਣ ਨਾਲ ਹੀ ਨਹੀਂ ਹੋ ਜਾਂਦਾ, ਬਲਕਿ ਅਜਿਹਾ ਕੁਝ ਲੇਖਕ ਰਾਹੀਂ ਜ਼ਿੰਦਗੀ ਦੇ ਅਰਥਾਂ ਦੇ ਡੂੰਘੇਰੇ ਅਤੇ ਵਡੇਰੀ ਕੁਦਰਤੀ ਰਵਾਨੀ ਧਾਰਨ ਕਰਨ ਨਾਲ ਹੀ ਸੰਭਵ ਹੁੰਦਾ ਹੈ ।


ਅੰਤਮ-ਹਾਂ ਅਤੇ ਅੰਤਮ-ਨਾਂਹ ਜਿੰਨੇ ਦਾਰਸ਼ਨਿਕ ਸੰਕਲਪ ਹਨ, ਓਨੇ ਹੀ ਇਹ ਕਾਵਿ-

ਅਨੁਭਵ ਦੇ ਰਿਣੀ ਹਨ । ‘ਅੰਤਮ-ਹਾਂ' ਇਕ ਬਖਸ਼ਿਸ਼ ਹੈ, ਜਿਸਦਾ ਘਰ ਕੁਲ ਸਮੇਂ ਅਤੇ ਬ੍ਰਹਿਮੰਡ ਜਿੱਡਾ ਹੈ, ਪਰ ਮਨੁੱਖੀ ਮਨ ਵੀ ਇਸਦਾ ਇਕ ਹਿੱਸਾ ਹੈ । ਇਸੇ ਤਰ੍ਹਾਂ ‘ਅੰਤਮ-ਨਾਂਹ' ਇਕ ਡਰਾਉਣਾ ਖ਼ਾਬ ਹੈ, ਜਿਸਦਾ ਡਰ ਬ੍ਰਹਿਮੰਡ ਅਤੇ ਸਮੇਂ ਦੇ ਕਣ ਕਣ ਵਿੱਚ ਹੈ, ਅਤੇ ਮੌਤ ਇਸ ਦੇ ਖਲਾ ਨੂੰ ਸਾਜਦੀ ਹੈ, ਪਰ ਮਨੁੱਖੀ ਮਨ ਵੀ ਅੰਤਮ-ਨਾਂਹ ਦੀ ਪਕੜ ਵਿੱਚ ਹੈ । ਸੋ ਅੰਤਮ-ਹਾਂ ਅਤੇ ਅੰਤਮ-ਨਾਂਹ ਦਾ ਪ੍ਰਭਾਵ-ਖੇਤਰ ਸਰਬ ਕਾਲ, ਬ੍ਰਹਿਮੰਡ ਅਤੇ ਮਨੁੱਖੀ ਮਨ ਵਿੱਚ ਇੱਕ ਛਿਣ ਵਿੱਚ ਚਲਦਾ ਹੈ । ਇੰਞ ਮਨੁੱਖੀ ਤਕਦੀਰ ਨਾਲ ਇਹਨਾਂ ਦਾ ਰਿਸ਼ਤਾ ਅਨਿੱਖੜ ਹੈ।


ਵਲੀ-ਹਉਮੈ ਦਾ ਜ਼ਿਕਰ ਵੀ ਪੁਸਤਕ ਵਿੱਚ ਬਹੁਤ ਥਾਵਾਂ ਉੱਤੇ ਆਇਆ ਹੈ । ਇਸ ਦਾਰਸ਼ਨਿਕ-ਕਾਵਿਮਈ ਸੰਕਲਪ ਨੂੰ ਪੈਦਾ ਕਰਨ ਪਿੱਛੇ ਦਾਸ ਦੀ ਸਮੁੱਚੀ ਕਾਵਿ-ਪ੍ਰੇਰਣਾ ਦਾ ਜ਼ੋਰ ਹੈ, ਜਿਸ ਦੇ ਪਿਛੋਕੜ ਵਿੱਚ ਦੈਵੀ ਸੁਭਾ ਵਾਲਾ ਯਥਾਰਥ ਹੈ। ਵਲੀ-ਹਉਮੈ ਦਾ ਸੰਕਲਪ ਪੰਜਾ ਸਾਹਿਬ ਵਾਲੀ ਸਾਖੀ ਵਿੱਚੋਂ ਉਭਰਦਾ ਹੈ। ਇਸ ਦੇ ਤਿੰਨ ਪੜਾਅ ਹਨ : ਹੰਕਾਰ, ਪਛਾਣ ਤੇ ਰਹਿਮਤ ।

ਪਾਠਕਾਂ ਅੱਗੇ ਮੇਰੀ ਇਹ ਬੇਨਤੀ ਹੈ, ਕਿ ਭਾਵੇਂ “ਸਹਿਜੇ ਰਚਿਓ ਖਾਲਸਾ" ਦਲੀਲ ਦਾ ਸਹਾਰਾ ਲੈ ਕੇ ਪੰਜਾਬ ਵਿੱਚ ਪ੍ਰਗਟੇ ਸੰਪੂਰਣ ਗੁਰੂ-ਪੈਗੰਬਰਾਂ ਦੇ ਖਿਆਲ, ਪ੍ਰਤੀਤੀ ਅਤੇ ਅਮਲ ਦੇ ਯਥਾਰਥ ਨੂੰ ਨਿਰੂਪਤ ਕਰਦੀ ਹੈ, ਪਰ ਇਹ ਪੁਸਤਕ ਮੇਰੀ ਉਸ ਸੋਚਣੀ ਦਾ ਵੀ ਪ੍ਰਤਿਬਿੰਬ ਹੈ, ਜਿਹੜੀ ਰੋਜ਼-ਦਿਹਾੜੀ ਦੇ ਆਮ ਕਾਰ-ਵਿਹਾਰ ਵਿੱਚ ਅਚੇਤ ਅਤੇ ਸੁਚੇਤ ਤੌਰ ਉੱਤੇ ਮੇਰੇ ਨਾਲ ਰਹਿੰਦੀ ਹੈ । ਕਵਿਤਾ ਦਾ ਜਗਤ ਨਿੱਤ ਦੇ ਕੰਮਾਂ ਦੀ ਸੋਚਣੀ ਨਾਲੋਂ ਵਖਰੀ ਹਕੀਕਤ ਹੁੰਦਾ ਹੈ, ਕਿਉਂਕਿ ਉਥੇ ਬਾਹਰਲੀ ਹਕੀਕਤ ਦੇ ਚਿਹਨ-ਚੱਕਰ ਧੁੰਧਲੇ ਪੈ ਕੇ ਕਿਸੇ ਡੂੰਘੀ ਹਕੀਕਤ ਵਲ ਇਸ਼ਾਰਾ ਕਰਨਾ ਸ਼ੁਰੂ ਕਰ ਦਿੰਦੇ ਹਨ । ਦੂਜੇ ਪਾਸੇ ਨਸਰ ਵਿੱਚ ਪ੍ਰਗਟਾਈ ਰੋਜ਼-ਦਿਹਾੜੀ ਦੀ ਸੋਚਣੀ ਡੂੰਘੀ ਹਕੀਕਤ ਦੀ ਪ੍ਰਮਾਣਿਕਤਾ ਦੀ ਗਵਾਹੀ ਹੋ ਨਿਬੜਦੀ ਹੈ । ਸੋ ਮੈਂ ਕਾਵਿ ਵਿੱਚ ਗੱਲ ਕਰਨ ਤੋਂ ਪਹਿਲਾਂ ਗੁਰੂ ਸਾਹਿਬਾਨ ਅਤੇ ਉਹਨਾਂ ਦੇ ਪੰਥ ਬਾਰੇ ਤਾਰਕਿਕ ਪੱਧਰ ਉੱਤੇ ਆਪਣੇ ਵਿਸ਼ਵਾਸ਼ ਪ੍ਰਗਟਾਉਣੇ ਜ਼ਰੂਰੀ ਸਮਝੇ । ਸ਼ਾਇਦ ‘'ਸਹਿਜੇ ਰਚਿਓ" ਲਿਖਣ ਪਿੱਛੋਂ ਮੇਰੀ ਇਕ ਭਾਵਨਾ ਇਹ ਵੀ ਹੋਵੇ ।


‘‘ਸਹਿਜੇ ਰਚਿਓ......’ ਵਿੱਚ ਕਈ ਥਾਈਂ ਮੈਂ ਕਰਾਮਾਤ ਨੂੰ ਕੁਦਰਤੀ ਨਿਯਮਾਂ ਅਨੁਸਾਰ ਜਹੀ ਪੇਸ਼ ਕਰਨ ਦੀ ਜੁਰਅਤ ਕੀਤੀ ਹੈ । ਖ਼ਾਲਸਾ ਇਹਨਾਂ ਦੀ ਹੋਂਦ ਨੂੰ ਮੰਨਦਾ ਹੈ, ਇਹਨਾਂ ਸਹਿ-ਆਵੇਸ਼ ਨੂੰ ਪਰਵਾਨਗੀ ਦਿੰਦਾ ਹੈ, ਪਰ ਇਹਨਾਂ ਦੀ ਗਲਤ ਵਰਤੋਂ ਦੇ ਖਿਲਾਫ ਹੈ । ਇਸਦੇ ਦ੍ਰਿਸ਼ਟੀਕੋਣ ਦਾ ਵਿਸਥਾਰ ਇਸ ਪੁਸਤਕ ਵਿੱਚ ਕਈ ਥਾਵਾਂ ਉੱਤੇ ਮਿਲਦਾ ਹੈ ।

ਪਾਠਕਾਂ ਦੀ ਦਿਲਚਸਪੀ ਲਈ ਅਰਜ਼ ਹੈ ਪਈ "ਸਹਿਜੇ ਰਚਿਉ ਖ਼ਾਲਸਾ'' ਵਿੱਚ ਜਿੰਨੀਆਂ ਵੀ ਪੁਸਤਕਾਂ ਦੇ ਨਾਂਅ ਆਏ ਹਨ, ਉਹਨਾਂ ਦੇ ਮੌਲਕ ਮਤਨ ਜਾਂ ਅਨੁਵਾਦਾਂ ਦਾ ਅਧਿਐਨ ਦਾਸ ਨੇ ਮੁਕੰਮਲ ਰੂਪ ਵਿੱਚ ਕੀਤਾ ਹੈ। ਕਿਸੇ ਵੀ ਹੋਰ ਪੁਸਤਕ ਦੇ ਹਵਾਲੇ ਨੂੰ ਹਵਾਲਾ ਬਣਾ ਕੇ ਨਹੀਂ ਵਰਤਿਆ । ਇਕ ਨਿੱਕਾ ਜਿੰਨਾ ਹਵਾਲਾ ਦੇਣ ਲਈ ਵੀ ਮੈਂ ਸਮੁੱਚੀ ਪੁਸਤਕ ਨੂੰ ਪੜ੍ਹ ਲੈਣ ਵਿੱਚ ਬਿਹਤਰੀ ਸਮਝੀ ਹੈ । ਜਦੋਂ ਮੈਂ “ਸਹਿਜੇ ਰਚਿਓ ਖ਼ਾਲਸਾ" ਨੂੰ ਸੰਪੂਰਣ ਕਰ ਲਿਆ ਉਸ ਤੋਂ ਤਕਰੀਬਨ ਤਿੰਨ ਸਾਲ ਪਿੱਛੋਂ ਪ੍ਰੋ: ਪੂਰਨ ਸਿੰਘ ਦੀ ਮਹਾਨ ਰਚਨਾ Spirit of the Sikh ਦੇ ਦੋ ਵੱਡੇ ਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪ੍ਰਕਾਸ਼ਤ ਕੀਤੇ । ਸੋ ਮੈਂ ਇਸ ਪੁਸਤਕ ਨੂੰ ਲਿਖਦਿਆਂ ਉਹਨਾਂ ਦਾ ਫਾਇਦਾ ਨਹੀਂ ਉਠਾ ਸਕਿਆ। ਕੇਵਲ ਇਸ ਮੁਖ ਬੰਦ ਵਿੱਚ ਉਸ ਅਦੁੱਤੀ ਰਚਨਾ ਦੀਆਂ ਕੁਝ ਸਤਰਾਂ ਦਾ ਸਹਾਰਾ ਲਿਆ ਹੈ । ਹਾਂ, Spirit of The Sikh ਦਾ ਛੋਟਾ ਸਰੋਦੀ ਹਿੱਸਾ (ਸਫੇ 120), ਜਿਹੜਾ ਕਿ ਸਿੱਖ ਧਰਮ ਦੇ ਸਿਧਾਂਤਕ ਤਰਕ ਨੂੰ ਨਹੀਂ ਛੋਂਹਦਾ, ਉਦੋਂ ਪ੍ਰਕਾਸ਼ਤ ਹੋ ਗਿਆ ਸੀ, ਜਦੋਂ ਕਿ ਦਾਸ ''ਸਹਿਜੇ ਰਚਿਓ" ਦੀ ਸੱਤਵੀਂ ਕਿਤਾਬ ਨੂੰ ਅੰਤਮ ਛੋਹਾਂ ਦੇ ਰਿਹਾ ਸੀ । ਸੋ ਇਸ ਵਿੱਚੋਂ ਸੱਤਵੀਂ ਕਿਤਾਬ ਦੇ ਅੰਤਲੇ ਹਿੱਸੇ ਵਿੱਚ ਇਕ ਹਵਾਲਾ ਵਰਤ ਲਿਆ ਹੈ। ਜੋ ਪ੍ਰੋ: ਪੂਰਨ ਸਿੰਘ ਦੇ ਇਹਨਾਂ ਸੁਘੜ ਗ੍ਰੰਥਾਂ ਦਾ ਪਾਠ ਦਾਸ ਨੂੰ "ਸਹਿਜੇ ਰਚਿਓ” ਲਿਖਦੇ ਸਮੇਂ ਨਸੀਬ ਹੋ ਜਾਂਦਾ, ਤਾਂ ਇਸ ਪੁਸਤਕ ਦੀ ਝੋਲ ਗੁਣਾਂ ਨਾਲ ਭਰ ਜਾਦੀ, ਅਤੇ ਇਸ ਦੇ ਐਬਾਂ ਦੀ ਗਿਣਤੀ ਕੁਝ ਘਟ ਜਾਂਦੀ ।

ਅੱਜ ਤੋਂ 26 ਸਾਲ ਪਹਿਲਾਂ ਪ੍ਰੋ: ਪ੍ਰੀਤਮ ਸਿੰਘ ਜੀ, ਪਟਿਆਲਾ, ਜਮਾਤ ਵਿੱਚ ਬਹੁਤ ਵਾਰ ਸਾਨੂੰ ਘਰ ਲਿਖਣ ਲਈ ਕੋਈ ਸੁਆਲ ਦਿਆ ਕਰਦੇ ਸਨ, ਜਿਸ ਦਾ ਜੁਆਬ ਮੈਂ ਤਿੰਨ ਜਾਂ ਚਾਰ ਪੰਨਿਆਂ ਵਿੱਚ ਦਿਆ ਕਰਦਾ ਸਾਂ । ਮੇਰਾ ਯਕੀਨ ਹੈ, ਅੱਜ ਵੀ ਮੈਂ ਉਹਨਾਂ ਦੇ ਕਿਸੇ ਅਖੇ ਪ੍ਰਸ਼ਨ ਦਾ ਉੱਤਰ ‘ਸਹਿਜੇ ਰਚਿਓ ਖ਼ਾਲਸਾ" ਦੇ ਸਿਰਲੇਖ ਹੇਠ ਦੇ ਰਿਹਾ ਹਾਂ, ਭਾਵੇਂ ਅੱਜ ਉੱਤਰ ਤਿੰਨ ਜਾਂ ਚਾਰ ਸਫ਼ਿਆਂ ਤੋਂ ਫੈਲ ਕੇ 1212 ਸਫੇ ਤਕ ਚਲਿਆ ਗਿਆ ਹੈ। ਉਹਨਾਂ ਸੁਆਲ ਔਖਾ ਪਾਇਆ ਹੋਣਾ ਹੈ— ਸੋ ਉੱਤਰ ਵੀ ਲੰਮਾ ਹੋ ਗਿਆ ਹੈ । ਵੇਖੀਏ ! ਇਸ ਉੱਤਰ ਨੂੰ ਉਸਤਾਦ ਮਨਜ਼ੂਰ ਕਰਦਾ ਹੈ ਜਾਂ ਨਹੀਂ ।।

ਖ਼ਾਲਸਾ ਜੀਓ ! ਕਿਤਾਬ ਬਾਰੇ ਬਹੁਤ ਗੱਲ ਕਰਨੀ ਸ਼ੋਭਦੀ ਨਹੀਂ । ਇਸ ਦੇ ਗੁਣਾ-ਅੰਗਣਾਂ ਦੀ ਸਾਰ ਲੈਣ ਵਾਲੇ ਸਿਰਫ ਤੁਸੀਂ ਹੀ ਹੋ। ਕਿਤਾਬ ਦੀ ਸਮਾਪਤੀ ਪਿੱਛੋਂ ਦੇ ਪਿਛਲੇ ਅੱਠ ਸਾਲਾਂ ਦੇ ਇਤਿਹਾਸ ਨੂੰ ਧਿਆਨ ਵਿੱਚ ਰਖਦਿਆਂ ਹੋਇਆਂ ਤੁਸੀਂ ਇਸ ਦੇ ਸੱਚ ਬਾਰੇ ਅਨੁਮਾਨ ਲਾਉਣ ਦੀ ਕਿਰਪਾਲਤਾ ਕਰਨੀ । ਕੀ 1973 ਵਿੱਚ "ਅਕਾਲ ਫਤਹ ਦੀ ਕਿਤਾਬ ਵਿੱਚ ਹਰਿਮੰਦਰ ਸਾਹਿਬ ਬਾਰੇ ਦਾਸ ਨੇ ਜੋ ਕੁਛ ਕਿਹਾ ਸੀ, ਆਉਣ ਵਾਲੇ ਸਾਲਾ ਦੇ ਪੰਨਿਆਂ ਉੱਤੇ ਉਹ ਸੱਚ ਬਣ ਕੇ ਨਹੀਂ ਲਿਸ਼ਕਿਆ ?

ਖਾਲਸਾ ਜੀਓ ! ਆਪਦੇ ਪਵਿੱਤਰ ਚਰਨਾਂ ਵਿੱਚ "ਸਹਿਜੇ ਰਚਿਓ ਖਾਲਸਾ" ਨੂੰ ਪੇਸ਼ ਕਰਦਿਆਂ ਮੈਂ ਇਕ ਆਖਰੀ ਬੇਨਤੀ ਕਰਦਾ ਹਾਂ । ਉਹ ਇਹ ਪਈ ਤੁਸੀਂ ਆਪਣੀ ਰਹਿਤ, ਇਖਲਾਕੀ ਸੁਚਤਾ, ਸੂਰਮਗਤੀ ਅਤੇ ਰੂਹਾਨੀਅਤ ਦਾ ਨਿਆਰਾ ਰੂਪ ਦੁਨੀਆਂ ਦੇ ਸਭਨਾਂ ਸੁਆਰਥਾਂ ਤੋਂ ਅਛੁਹ ਅਤੇ ਉਚੇਰਾ ਰਖਣਾ। ਚੈਖਵ ਦੀ ਮਹਾਨ ਕਹਾਣੀ "ਟਿੱਡਾ" (Grasshopper) ਵਿੱਚ ਪੇਸ਼ ਕੀਤੇ ਨੀਮ ਸਾਹਿੱਤਕਾਰਾਂ ਅਤੇ ਨਿਗੂਣੇ ਇਖ਼ਲਾਕ ਵਾਲੇ ਕਲਾਕਾਰਾਂ ਵਰਗੇ ਨੀਵੀਂ ਪੱਧਰ ਦੇ ਲੇਖਕਾਂ ਅਤੇ ਡਾਇਰੈਕਟਰਾਂ ਨੇ ਸਿੱਖ-ਜੀਵਨ ਦੀ ਪਵਿੱਤਰਤਾ ਨੂੰ ਨਾਟਕ ਅਤੇ ਫ਼ਿਲਮਾਂ ਦੇ ਰੋਗੀ ਸਰੀਰਾਂ ਵਿੱਚ ਪਲਟ ਦਿੱਤਾ ਹੈ, ਜਿਹਨਾਂ ਦਾ ਤਿਆਗ ਕਰਨਾ ਤੁਹਾਡੇ ਉੱਚੇ ਅਤੇ ਅਟੱਲ ਆਦਰਸ਼ ਦਾ ਹੀ ਇਕ ਭਾਗ ਹੈ। ਰੰਗ ਮੰਚ ਉੱਤੇ ਖੇਡਣ ਦੇ ਨੁਕਤੇ ਤੋਂ ਲਿਖੇ ਨਾਟਕਾਂ ਅਤੇ ਫਿਲਮਾਂ ਵਿੱਚ ਗੁਰੂ-ਜੀਵਨਾਂ, ਗੁਰਬਾਣੀ ਅਤੇ ਅਭੀਨੈ ਦਾ ਸੰਜੋਗ, ਅਤੇ ਗੁਰਮੁਖਾਂ ਦੇ ਰੂਪ ਪੇਸ਼ ਕਰਨੇ ਖ਼ਾਲਸਾ ਪੰਥ ਲਈ ਰੂਹਾਨੀ ਖੁਦਕੁਸ਼ੀ ਸਾਬਤ ਹੋਣਗੇ ।

ਖ਼ਾਲਸਾ ਜੀਓ ! ਪੰਥਕ ਅਪਮਾਨ ਕਦੇ ਨਾਹ ਭੁਲਣਾ, ਕਿਉਂਕਿ ਅਣਖ ਨੂੰ ਪ੍ਰਚੰਡ ਕੀਤੇ ਬਿਨਾਂ ਅਜਿਹਾ ਨਹੀਂ ਹੋ ਸਕਦਾ । ਦੂਜੇ ਪਾਸੇ ਸਹੀ ਅਮਲ, ਤੇਜ਼ ਬੁੱਧੀ ਅਤੇ ਜਿਹਨੀ ਗੁਲਾਮੀ ਤੋਂ ਆਜ਼ਾਦ ਚੇਤਨਾ ਨੂੰ ਕੇਵਲ ਅਣਖ ਦੇ ਪ੍ਰਚੰਡ ਰੂਪ ਹੀ ਜਨਮ ਦਿੰਦੇ ਹਨ। ਦੋਖੀਆਂ ਨੂੰ ਮੁਆਫ ਕਰਨਾ ਸਾਡਾ ਧਰਮ ਹੈ, ਪਰ ਕੇਵਲ ਉਦੋਂ ਜਦੋਂ ਉਹ ਕਿਸੇ ਕਮਾਈ ਰਾਹੀਂ ਇਸ ਦੇ ਹੱਕਦਾਰ ਹੋ ਜਾਣ । ਬੇ ਮਤਲਬ ਖਿਮਾ ਹਉਮੈ ਦੇ ਅਨੇਕਾਂ ਰੋਗ ਫੈਲਾਉਂਦੀ ਹੈ ।

ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ, ਜਿਵੇਂ ਉਹਨਾਂ ਦੀ ਛੋਹ ਨਾਲ ਪਾਵਨ ਹੋਏ ਥਾਂ ਅਤੇ ਮਕਾਨ ਅਤੇ ਉਹਨਾਂ ਨਾਲ ਕਿਸੇ ਤਰ੍ਹਾਂ ਵੀ ਕੋਈ ਰਿਸ਼ਤਾ ਜੋੜ ਚੁੱਕੇ ਬ੍ਰਿਛ ਆਦਿ, ਬਰਬਾਦ ਨਾਹ ਕਰੋ, ਕਿਉਂਕਿ ਇਹਨਾਂ ਦੀ ਕੀਮਤ ਦੁਨੀਆਂ ਦੇ ਪਦਾਰਥਾਂ ਅਤੇ ਗਿਆਨਮਈ ਕਿਤਾਬਾਂ ਨਾਲੋਂ ਕਿਤੇ ਜ਼ਿਆਦਾ ਹੈ। ਇਹ ਤੁਹਾਡੇ ਗੁਰੂ-ਪਿਆਰ, ਹੌਸਲੇ ਦੀ ਬਲੰਦੀ ਅਤੇ ਤੁਹਾਡੀਆਂ ਰੂਹਾਂ ਦੀ ਤਾਜ਼ਗੀ ਦਾ ਸੋਮਾ ਹਨ ।

ਮਹਾਨ ਖ਼ਾਲਸਾ ਜੀਓ ! ਇਸ ਸੇਵਕ ਨੇ ਖ਼ਾਲਸਾ-ਜ਼ਿੰਦਗੀ ਕੀਤਾ ਹੈ, ਉਹਨਾਂ ਦਾ ਇਕਾਗਰ "ਸਹਿਜੇ ਰਚਿਓ ਖ਼ਾਲਸਾ" ਦੀ ਅੱਠਵੀਂ ਕਿਤਾਬ ਵਿੱਚ ਤੁਹਾਡੇ ਦੀਆਂ ਜਿਹਨਾਂ ਆਤਮਕ ਅਤੇ ਆਚਰਣਕ ਸੋਧਾਂ ਨੂੰ ਨਿਰੂਪਤ ਅਧਿਐਨ ਅਤੇ ਉਹਨਾਂ ਉੱਤੇ ਸਿਦਕ ਨਾਲ ਕੀਤਾ ਦ੍ਰਿੜ ਅਮਲ ਆਪ ਲਈ ਇਤਿਹਾਸ ਵਿੱਚ ਸੁਰੱਖਿਅਤ ਥਾਂ ਬਣਾ ਸਕਦੇ ਹਨ ।


ਜੇ ਕਿਸੇ ਅਣਵੇਖੇ ਸੱਜਣ ਦੇ ਧਾਰਮਿਕ ਜਜ਼ਬਾਤ ਨੂੰ ਇਸ ਪੁਸਤਕ ਦਾ ਕੋਈ ਭਾਗ ਠੇਸ ਪਹੁੰਚਾਵੇ, ਤਾਂ ਉਸ ਕੋਲੋਂ ਖਿਮਾ ਮੰਗਦਾ ਹਾਂ । ਅਜਿਹੇ ਅਣਵੇਖੋ ਸੱਜਨਾਂ ਨੂੰ ਮੈਂ ਵਿਸ਼ਵਾਸ਼ ਦਿਲਵਾਉਂਦਾ ਹਾਂ, ਪਈ ਇਹ ਪੁਸਤਕ ਲਿਖਦਿਆਂ ਮੇਰੇ ਇਰਾਦੇ ਸੰਪੂਰਣ ਰੂਪ ਵਿੱਚ ਮਾਨਵੀ ਸਨ । ਮੇਰੇ ਗੁਨਾਹਾਂ ਦਾ ਲੇਖਾ-ਜੋਖਾ ਕਰਦਿਆਂ ਇਹ ਨ ਭੁੱਲਣਾ ਪਈ ਆਦਮੀ ਭੁੱਲਣਹਾਰ ਹੈ :


ਵਾਰਿਸ ਸ਼ਾਹ ਨਾਂਹ ਅਮਲ ਦੀ ਰਾਸ ਮੈਥੇ,

ਕਰਾਂ ਮਾਣ ਨਿਮਾਨੜਾ ਕਾਸ ਤੇ ਮੈਂ ।


          ਅੰਤ ਵਿੱਚ ਮੈਂ ਪ੍ਰਿੰਸੀਪਲ ਰਾਜਾ ਹਰਨਰਿੰਦਰ ਸਿੰਘ, ਜਿਹੜੇ ਕਿ ਇਹ ਪੁਸਤਕ ਲਿਖਦੇ ਸਮੇਂ ਖਾਲਸਾ ਕਾਲਜ, ਗੜ੍ਹਦੀਵਾਲਾ, ਦੇ ਪ੍ਰਿੰਸੀਪਲ ਸਨ, ਦਾ ਧੰਨਵਾਦ ਕਰਨਾ ਆਪਣਾ ਮਾਨਵੀ ਫਰਜ਼ ਸਮਝਦਾ ਹਾਂ । ਉਹਨਾਂ ਨੇ ਇਸ ਪੁਸਤਕ ਦੇ ਲਿਖਣ-ਕਾਲ ਵਿੱਚ ਮੈਨੂੰ ਸੁਹਿਰਦ ਪਿਆਰ ਬਖਸ਼ਿਆ, ਅਤੇ ਮੇਰੀ ਬੇਨਤੀ ਉੱਤੇ ਲਾਇਬ੍ਰੇਰੀ ਰਾਹੀਂ ਵੱਡੀ ਗਿਣਤੀ ਵਿੱਚ ਮੈਨੂੰ ਲੋੜੀਂਦੀਆਂ ਪੁਸਤਕਾਂ ਮੁਹੱਈਆ ਕੀਤੀਆਂ । ਮੈਂ ਆਪਣੇ ਬਚਪਨ ਦੇ ਦੋਸਤ ਡਾ:ਗੁਰਤਰਨ ਸਿੰਘ ਐਮ-ਏ ਪੀ. ਐਚ. ਡੀ ਦਾ ਵੀ ਸ਼ੁਕਰ ਗੁਜ਼ਾਰ ਹਾਂ, ਜਿਹੜੇ ਜ਼ਿੰਦਗੀ ਦੇ ਬਹੁਤੇ ਮੌੜਾਂ ਉੱਤੇ ਮੇਰੇ ਰਾਜਦਾਨ ਰਹੇ ਹਨ । ਆਪਣੇ ਉਸਤਾਦ ਪ੍ਰੋ: ਪ੍ਰੀਤਮ ਸਿੰਘ ਜੀ, ਪਟਿਆਲਾ ਅਤੇ ਉਹਨਾਂ ਪਿਆਰੇ ਦੋਸਤਾਂ ਦਾ ਵੀ ਅਹਿਸਾਨਮੰਦ ਹਾਂ, ਜਿਹਨਾਂ ਨੇ ਆਪਣੇ ਬੇਗ਼ਰਜ਼ ਪਿਆਰ ਰਾਹੀਂ ਇਹਨਾਂ ਬੇ-ਰਹਿਮ ਤੇ ਉਦਾਸ ਸਮਿਆਂ ਵਿੱਚ ਮੇਰੇ ਬੇਚੈਨ ਦਿਲ ਨੂੰ ਅਥਾਹ ਧਰਵਾਸ ਬਖਸ਼ਿਆ।

                                      ਹਰਿੰਦਰ ਸਿੰਘ ਮਹਿਬੂਬ

                                           22-4-87

Comments


Sri Darbar Sahib AmritsarLive
00:00 / 01:04

SHAH KITAB GHAR
Online Book Store

Shop

Socials

Shah Kitab Ghar Punjabi Logo

Kahlon Complex, Shop no.3  Mehta sweet wali Gali opp.Punjabi University, Patiala. 147002

9779352237

7696352237

Change Currency 

Website & Digital Promotion by

Digi By Nature

© Copyright Shah Kitab Ghar
bottom of page