
ਪੂਰਨ ਸਿੰਘ ਦੀਆਂ ਯਾਦਾਂ
- Shah Kitab Ghar
- 2 days ago
- 3 min read
ਨਿਹੰਗ ਸਿੰਘ
ਸ਼ਾਮ ਦੇ ਕੋਈ ਪੰਜ ਕੁ ਵਜੇ ਸਨ ਕਿ ਨਿਹੰਗ ਸਿੰਘ ਪੂਰਨ ਹੋਰਾਂ ਦੇ ਸਰੱਈਆ ਵਾਲੇ ਘਰ ਦੇ ਵਿਹੜੇ ਆਇਆ। ਛੇ ਫੁੱਟ ਲੰਮਾ, ਸਿਰ ਤੇ ਖੱਦਰ ਦੀ ਪੱਗ, ਪੀਲਾ ਪਟਕਾ ਤੇ ਦੁਆਲੇ ਲੋਹੇ ਦਾ ਚੱਕਰ ਪਹਿਲੀ, ਇਹ ਹਜੂਰ ਸਾਹਿਬ ਤੋਂ ਆਇਆ ਸੀ । ਉਸ ਨੇ ਘਰ ਦੇ ਕੱਤੇ ਕਪੜੇ ਦਾ ਨੀਲੋ ਰੰਗ ਦਾ ਚੋਗਾ ਪਹਿਨਿਆ ਹੋਇਆ ਸੀ, ਜੋ ਗੋਡਿਆਂ ਤਕ ਜਾਂਦਾ ਸੀ ਤੇ ਪੈਰੀਂ ਖੁੱਸਾ ਪਾਇਆ ਹੋਇਆ ਸੀ । ਉਸ ਦੇ ਲੱਕ ਦੁਆਲੇ ਗੇਰੂਏ ਰੰਗ ਦਾ ਕਮਰਬੰਦ ਬੰਨ੍ਹਿਆ ਹੋਇਆ ਸੀ, ਜਿਸ ਵਿਚ ਕਾਲੀ ਮਿਆਨ ਵਿਚ ਪਈ ਲੰਮੀ ਤਲਵਾਰ ਲਟਕ ਰਹੀ ਸੀ । ਉਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਾਜੇ ਸਿੰਘ ਦਾ ਸਹੀ ਪ੍ਰਤਿਨਿਧ ਲਗਦਾ ਸੀ । ਉਹ ਲੰਮਾ ਝੰਮਾ ਤੀਹਾਂ ਕੁ ਵਰ੍ਹਿਆਂ ਦਾ, ਸਾਂਵਲੇ ਰੰਗ ਦਾ, ਕੜੀ ਵਰਗਾ ਜੁਆਨ ਸੀ ।
ਪਰੰਪਰਕ ਨਿਹੰਗ ਆਪਣੇ ਫਿਰਕੇ ਦੀ ਸੱਚੀ-ਸੁੱਚੀ ਭਾਵਨਾ ਦੇ ਨਾਂ ਤੇ ਜਾਣੇ ਜਾਦੇ ਹਨ । ਹਰ ਘਰ ਉਨ੍ਹਾਂ ਦਾ ਘਰ ਹੁੰਦਾ ਹੈ ਤੇ ਉਨ੍ਹਾਂ ਦਾ ਘਰ ਹਰ ਆਉਣ ਜਾਣ ਵਾਲੇ ਲਈ। ਜਿਉਂ ਹੀ ਉਹਨੇ ਦੇਹਲੀ ਤੇ ਪੈਰ ਧਰਿਆ ਤੇ ਉਹਦੀ ਗੇਰੂਆ ਪੱਗ ਚੁਗਾਠ ਨਾਲ ਟਕਰਾਈ ਤਾਂ ਅਸੀਂ ਸਾਰੇ ਇਹ ਵੇਖ ਕੇ ਅਸਚਰਜ ਨਾਲ ਭਰ ਉੱਠੇ। ਪੂਰਨ ਰੋਰੀਂ ਗਏ ਤੇ ਮਾਣ ਸਤਿਕਾਰ ਨਾਲ ਉਨ੍ਹਾਂ ਨੂੰ ਵਿਹੜੇ ਵਿਚ ਲੈ ਆਏ । ਉਥੇ ਇੱਕ ਵੱਡੀ ਆਰਾਮ ਕੁਰਸੀ ਸੀ, ਜਿਸ ਤੇ ਉਨ੍ਹਾਂ ਨੂੰ ਬੈਠਣ ਲਈ ਕਿਹਾ ਗਿਆ । ਬਾਕੀ ਅਸੀਂ ਸਾਰੇ ਉਨ੍ਹਾਂ ਦੇ ਆਲੇ ਦੁਆਲੇ ਵਿਹੜੇ 'ਚ ਡੱਠੀ ਮੰਜੀ ਤੇ ਬਹਿ ਗਏ ।
ਪੂਰਨ ਹੋਰਾਂ ਨੇ ਨਿਹੰਗ ਸਿੰਘ ਨਾਲ ਗੱਲਾਂ ਕੀਤੀਆਂ, ਪਰ ਉਹ ਇਕ ਅੱਧ ਵਾਕ ਤੋਂ ਵੱਧ ਨਹੀਂ ਬੋਲਿਆ, ਬਸ ਆਪਣੀ ਧੁਨ ਵਿਚ ਆਪਣੀ ਗੂੰਜਵੀਂ ਤੇ ਦਿਲਖਿੱਚਵੀਂ ਆਵਾਜ਼ ਨਾਲ ਵਾਰਾਂ ਗਾਉਂਦਾ ਰਿਹਾ, ਜੋ ਲੜਾਈ ਤੇ ਬਹਾਦਰੀ ਦੀ ਯਾਦ ਦਿਵਾਉਂਦੀਆਂ ਸਨ । ਉਸ ਨੇ ਪੂਰਨ ਹੋਰਾਂ ਦੇ ਸਰੱਈਆ ਸ਼ੂਗਰ ਫ਼ੈਕਟਰੀ ਵਾਲੇ ਘਰ, ਜਿਥੇ ਉਹ ਉਨ੍ਹੀਂ ਦਿਨੀਂ ਕੰਮ ਕਰਦੇ ਸਨ, ਵਿਚ ਇੱਕ ਵਿਲੱਖਣ ਮਾਹੌਲ ਸਿਰਜ ਦਿਤਾ।
ਮੁੜ ਉਸਨੇ ਆਪਣੇ ਗਾਉਣ ਦਾ ਵਿਸ਼ਾ ਬਦਲਕੇ ਦਸਮ ਗ੍ਰੰਥ ਵਿਚਲੀ ਭਗਵਾਨ ਸ੍ਰੀ ਕ੍ਰਿਸ਼ਨ ਦੀ ਰਾਸ ਲੀਲ੍ਹਾ ਤੇ ਲੈ ਆਂਦਾ । ਮੈਨੂੰ ਹਾਲੇ ਵੀ ਉਹ ਗੀਤ ਯਾਦ ਹੈ—ਕ੍ਰਿਸ਼ਨ ਦਾ ਚੰਦਰਭਾਗਾ ਗੋਪੀ ਨਾਲ ਨੱਚਣਾ, ਜਿਹੜਾ ਉਨ੍ਹਾਂ ਦੀ ਪ੍ਰੇਮਿਕਾ ਰਾਧਾ ਦੇ ਮਨ ਵਿਚ ਈਰਾਖਾ ਪੈਦਾ ਕਰਦਾ ਹੈ । ਕ੍ਰਿਸ਼ਨ ਉਸਨੂੰ ਬੁਲਾਉਣ ਦਾ ਯਤਨ ਕਰਦੇ ਹਨ, ਪਰ ਉਹ ਨਹੀਂ ਆਉਂਦੀ। ਫੇਰ ਉਹ ਉਹਦੀ ਇਕ ਸਖੀ ਨੂੰ ਭੇਜਦੇ ਹਨ ਕਿ ਉਸ ਨੂੰ ਬੁਲਾਕੇ ਲਿਆਵੇ । ਪਰ ਉਹ ਆਪਣੇ ਹਠ ਦੀ ਪੱਕੀ ਵਾਪਸ ਨਹੀਂ ਆਉਂਦੀ, ਬਲਕਿ ਗੁੱਸੇ 'ਚ ਕਹਿੰਦੀ ਹੈ, “ਉਹ ਚੰਦਰਭਾਗਾ ਕੋਲ ਕਿਉਂ ਗਏ?" ਸਖੀ ਰਾਧਾ ਨੂੰ ਮੁੜ ਮਨਾਉਣ ਦਾ ਯਤਨ ਕਰਦੀ ਕਹਿੰਦੀ ਹੈ :
"ਬ੍ਰਿਜ ਨਾਥ ਬੁਲਾਵਤ ਹੈਂ ਚਲੀਯੇ; ਕਛੁ ਜਾਨਤ ਹੈਂ ਰਸ ਬਾਤ ਇਯਾਨੀ ? ਤੋਹੀ ਕੋ ਸਯਾਮ ਨਿਹਾਰਤ ਹੈਂ; ਤੁਮਰੈ ਬਿਨੁ ਰੀ ਨਹੀ ਪੀਵਤ ਪਾਨੀ। ਤੂੰ ਇਹ ਭਾਂਤਿ ਕਹੈਂ ਮੁਖ ਤੇ; ‘ਨਹੀਂ ਜਾਉਂਗੀ ਹਉ ਹਰਿ ਪੈ!" ਇਹੇ ਬਾਨੀ । ਤਾ ਹੀ ਤੇ ਜਾਨਤ ਹੋ ਸਜਨੀ, ਅਬ ਜੋਬਨ ਪਾਇ ਭਈ ਹੈਂ ਦੀਵਾਨੀ।
ਨਿਹੰਗ ਸਿੰਘ ਨੇ ਮੁੜ ਇੱਕ ਹੋਰ ਗੀਤ ਗਾਇਆ, ਜਿਸ ਵਿਚ ਕ੍ਰਿਸ਼ਨ 'ਲਲਿਹਾਰੀ' ਕੁੜੀ ਬਣ ਕੇ ਜਾਂਦੇ ਨੇ ਤੇ ਰਾਧਾ ਨੂੰ ਪੁੱਛਦੇ ਨੇ ਕਿ ਉਹ ਆਪਣੀ ਬਾਂਹ ਤੇ ਕੀ ਖੁਣਾਉਨਾ ਚਾਹੁੰਦੀ ਹੈ ।
ਇਸ ਸਮੇਂ ਰਾਧਾ ਫਿਰ ਨਾਰਾਜ਼ ਹੈ, ਕਿਉਂਕਿ ਕ੍ਰਿਸ਼ਨ ਦਾ ਧਿਆਨ ਇੱਕ ਹੋਰ ਗੋਪੀ ਵਲ ਵਧੇਰੇ ਹੈ ਪਰ ਉਹ ਉਸਦੀ ਇੱਕ ਝਲਕ ਵੇਖਣਾ ਲੋਚਦੀ ਹੈ ਤੇ ਇਕੱਲੀ ਉਦਾਸ ਬੈਠੀ ਹੈ। ਬਾਰ ਬਾਰ ਲਲਿਹਾਰੀ ਉਹਨੂੰ ਪੁੱਛਦੀ ਹੈ ਕਿ ਉਹ ਆਪਣੀ ਵੀਣੀ ਤੇ ਕੀ ਖੁਣਾਉਨਾ ਚਾਹੁੰਦੀ ਹੈ ।
ਅਚਾਨਕ ਸੋਚਾਂ ਵਿਚ ਡੁੱਬੀ ਰਾਧਾ ਤ੍ਰਭਕ ਉੱਠਦੀ ਹੈ ਤੇ ਬਹਿਬਲ ਹੋ ਕੇ ਲਲਿਹਾਰੀ ਨੂੰ ਕਹਿੰਦੀ ਹੈ ਕਿ ਉਸਦੇ ਸਾਰੇ ਸਰੀਰ ਤੇ ਵੱਖ ਵੱਖ ਨਾਵਾਂ ਨਾਲ ਅਤੀਤ ਦੇ ਕੁੱਝ ਚਿਹਰੇ ਸ੍ਰੀ ਕ੍ਰਿਸ਼ਨ ਦਾ ਨਾਂ ਖੁਣ ਦੇਵੇ : ਮੱਥੇ ਤੇ ਕ੍ਰਿਸ਼ਨ ਮੁਰਾਰੀ, ਮੋਦਿਆਂ ਤੇ ਮੁਰਲੀਧਰ, ਬੁਲ੍ਹਾ ਤੇ ਦਮੋਦਰ ਤੇ ਹਿੱਕ ਤੇ ਬਨਵਾਰੀ।
ਲਲਿਹਾਰੀ ਜਦੋਂ ਖੁਣਨਾ ਸ਼ੁਰੂ ਕਰਦੀ ਹੈ ਤਾਂ ਉਹਦੀ ਛੁਹ ਨਾਲ ਹੀ ਰਾਧਾ ਸਮਝ ਜਾਂਦੀ ਹੈ ਕਿ ਇਹ ਤਾਂ ਲਲਿਹਾਰੀ ਦੇ ਰੂਪ ਵਿਚ ਸ੍ਰੀ ਕ੍ਰਿਸ਼ਨ ਆਪ ਹਨ :
ਮੇਰੇ ਦਾਤ ਪੇ ਲਿਖਿਯੋ ਦਮੋਦਰ, ਮੇਰੇ ਜੋਬਨ ਬੀਚ ਲਿਖੋ ਬਨਵਾਰੀ ।"
......ਮੇਰੇ ਭਾਵਨ ਪੋ ਲਿਖਯੋ ਕ੍ਰਿਸ਼ਨ ਮੁਰਾਰੀ ਅਸੀਂ ਸਾਰੇ ਮੰਤਰ ਮੁਗਧ ਹੋਕੇ ਸੁਣ ਰਹੇ ਸਾਂ ਤੇ ਨਿਹੰਗ ਸਿੰਘ ਨੇ ਆਪਣਾ ਪ੍ਰਭਾਵ ਸਾਡੇ ਚਿਹਰਿਆਂ ਤੇ ਤੱਕਿਆ। ਪੂਰਨ ਹੋਰਾਂ ਉਸ ਨਾਲ ਗੱਲਬਾਤ ਕਰਨੀ ਚਾਹੀ, ਪਰ ਉਹ ਸਿਰਫ ਮੁਸਕਰਾਇਆ, ਹੱਥ ਜੋੜੇ ਤੇ ਚਲਾ ਗਿਆ।
ਉਸ ਤੋਂ ਬਾਅਦ ਉਹ ਪੂਰਨ ਹੋਰਾਂ ਦੇ ਘਰ ਅਕਸਰ ਉਸੇ ਸਮੇਂ ਆਉਂਦਾ । ਕਦੇ ਹੁੰਦੇ ਸ਼ਾਮ ਨੂੰ ਆਉਂਦਾ ਤੇ ਜੋ ਮਨ ਆਉਂਦਾ ਉਹ ਸੁਣਾਉਂਦਾ। ਪਰ ਉਸ ਦਾ ਮਨਪਸੰਦ ਗਾਇਣ ਰਾਸ ਲੀਲ੍ਹਾ ਦੇ ਬੰਦ ਹੀ ਸਨ । ਅਸੀਂ ਸਾਰੇ ਉਸਦੀ ਸੁਰੀਲੀ ਆਵਾਜ਼ ਨੂੰ ਸੁਣਨ ਲਈ ਤਾਂਘਦੇ ਰਹਿੰਦੇ । ਕਦੇ ਕਦੇ ਉਹ ਦੂਰੋਂ ਹੀ ਗਾਉਣਾ ਸ਼ੁਰੂ ਕਰ ਦਿੰਦਾ ਤੇ ਅਸੀਂ ਜਾਣ ਜਾਂਦੇ ਕਿ ਉਹ ਆ ਰਿਹਾ ਹੈ-ਥੋੜ੍ਹੇ ਬੋਲਾਂ ਵਾਲਾ ਮਨੁੱਖ, ਪਰ ਜਰ ਜਨੂੰਨ ਤੇ ਜ਼ਿੰਦਾਦਿਲੀ ਦਾ ਮੁਜੱਸਮਾ !
ਕਿਤਾਬ “ ਪੂਰਨ ਸਿੰਘ ਦੀਆਂ ਯਾਦਾਂ ” ਲੇਖਕ ਬਸੰਤ ਕੁਮਾਰੀ ਸਿੰਘ
Comments